PUBG ਖੇਡ ਰਹੇ ਦੋ ਨੌਜਵਾਨਾਂ ਨੂੰ ਰੇਲ ਗੱਡੀ ਨੇ ਦਰੜਿਆ, ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਟੜੀ ਕੰਢੇ ਬੈਠ ਕੇ PUBG ਗੇਮ ਖੇਡ ਰਹੇ ਸਨ ਦੋਵੇਂ ਨੌਜਵਾਨ

2 boys playing PUBG killed by train

ਮਹਾਰਾਸ਼ਟਰ : ਮਹਾਰਾਸ਼ਟਰ ਦੇ ਹਿੰਗੋਲੀ ਜ਼ਿਲ੍ਹੇ 'ਚ ਦੋ ਨੌਜਵਾਨਾਂ ਨੂੰ ਆਨਲਾਈਨ ਗੇਮ PUBG ਖੇਡਣਾ ਮਹਿੰਗਾ ਪੈ ਗਿਆ। ਰੇਲ ਗੱਡੀ ਦੀ ਲਪੇਟ 'ਚ ਆਉਣ ਕਾਰਨ ਦੋਹਾਂ ਨੌਜਵਾਨਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਪਟੜੀ ਕੰਢੇ ਬੈਠ ਕੇ PUBG ਗੇਮ ਖੇਡ ਰਹੇ ਸਨ, ਉਸੇ ਸਮੇਂ ਇਹ ਹਾਦਸਾ ਵਾਪਰਿਆ।

ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਹਿੰਗੋਲੀ ਜ਼ਿਲ੍ਹੇ ਦੇ ਖਟਕਲੀ ਬਾਈਪਾਸ 'ਤੇ ਵਾਪਰੀ। ਇੱਥੇ ਨਾਗੇਸ਼ ਗੌਰ (24) ਅਤੇ ਸਵਪਨਿਲ ਅੰਨਪੂਰਨਾ (22) PUBG ਗੇਮ ਖੇਡ ਰਹੇ ਸਨ। ਦੋਵੇਂ ਗੇਮ ਖੇਡਣ 'ਚ ਇੰਨੇ ਮਸਤ ਸਨ ਕਿ ਉਹ ਪਟੜੀ ਨੇੜੇ ਪਹੁੰਚ ਗਏ। ਇਸੇ ਦੌਰਾਨ ਹੈਦਰਾਬਾਦ-ਅਜਮੇਰ ਐਕਸਪ੍ਰੈਸ ਆਈ ਅਤੇ ਦੋਵੇਂ ਇਸ ਦੀ ਲਪੇਟ 'ਚ ਆ ਗਏ। ਦੋਹਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਦੋਂ ਸੀਆਰਪੀਐਫ ਟੀਮ ਮੌਕੇ 'ਤੇ ਆਈ ਤਾਂ ਲੜਕਿਆਂ ਦੇ ਫ਼ੋਨ 'ਚ PUBG ਗੇਮ ਐਕਟਿਵ ਸੀ।

ਜ਼ਿਕਰਯੋਗ ਹੈ ਕਿ PUBG ਗੇਮ 'ਤੇ ਪਾਬੰਦੀ ਲਗਾਉਣ ਦੀ ਮੰਗ ਲੰਮੇ ਸਮੇਂ ਤੋਂ ਚੱਲ ਰਹੀ ਹੈ। ਗੁਜਰਾਤ 'ਚ ਤਾਂ PUBG 'ਤੇ ਪਾਬੰਦੀ ਲੱਗ ਚੁੱਕੀ ਹੈ। ਹਾਲ ਹੀ 'ਚ ਰਾਜਕੋਟ 'ਚ PUBG ਖੇਡਦਿਆਂ 10 ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।