ਕਾਂਗਰਸ ਨੇ ਲਗਾਇਆ ਦੋਸ਼ : ਯੇਦੀਯੁਰੱਪਾ ਨੇ ਭਾਜਪਾ ਆਗੂਆਂ ਨੂੰ ਦਿੱਤੀ 1800 ਕਰੋੜ ਰੁਪਏ ਦੀ ਰਿਸ਼ਵਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਡਾਇਰੀ 'ਚ ਰਾਜਨਾਥ ਸਿੰਘ ਅਤੇ ਅਰੁਣ ਜੇਟਲੀ ਜਿਹੇ ਭਾਜਪਾ ਆਗੂਆਂ ਦੇ ਨਾਂ ਸ਼ਾਮਲ

Randeep Surjewala, chief of the AICC's communications department

ਨਵੀਂ ਦਿੱਲੀ : ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਸ਼ੁਕਰਵਾਰ ਨੂੰ ਇਕ ਪ੍ਰੈੱਸ ਕਾਨਫ਼ਰੰਸ ਕਰ ਕੇ ਭਾਜਪਾ 'ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਇਆ। ਸੁਰਜੇਵਾਲਾ ਨੇ ਕਾਰਵਾਂ ਮੈਗਜ਼ੀਨ ਦਾ ਹਵਾਲਾ ਦਿੰਦਿਆਂ ਭਾਜਪਾ ਆਗੂ ਬੀ.ਐਸ. ਯੇਦੀਯੁਰੱਪਾ ਦੀ ਇਕ ਡਾਇਰੀ ਦਾ ਜ਼ਿਕਰ ਕੀਤਾ। ਸੁਰਜੇਵਾਲਾ ਨੇ ਯੇਦੀਯੁਰੱਪਾ 'ਤੇ ਭਾਜਪਾ ਆਗੂਆਂ ਨੂੰ 1800 ਕਰੋੜ ਰੁਪਏ ਦੇਣ ਦਾ ਦੋਸ਼ ਲਗਾਇਆ ਹੈ।

ਸੁਰਜੇਵਾਲਾ ਨੇ ਕਿਹਾ ਕਿ ਉਨ੍ਹਾਂ ਨੇ ਯੇਦੀਯੁਰੱਪਾ-ਆਨੰਤ ਕੁਮਾਰ ਦੀ ਇਕ ਵੀਡੀਓ ਜਾਰੀ ਕੀਤੀ ਸੀ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਭਾਜਪਾ ਦੇ ਕੇਂਦਰੀ ਆਗੂਆਂ ਨੂੰ 1800 ਕਰੋੜ ਰੁਪਏ ਦੇ ਰਿਸ਼ਵਤ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਡਾਇਰੀ 'ਚ ਯੇਦੀਯੁਰੱਪਾ ਦੇ ਹਸਤਾਖ਼ਰ ਵੀ ਹਨ ਅਤੇ ਇਹ ਡਾਇਰੀ 2017 ਤੋਂ ਆਈ.ਟੀ. ਵਿਭਾਗ ਕੋਲ ਮੌਜੂਦ ਹੈ। ਇਸ ਡਾਇਰੀ 'ਚ ਰਾਜਨਾਥ ਸਿੰਘ ਅਤੇ ਅਰੁਣ ਜੇਟਲੀ ਜਿਹੇ ਭਾਜਪਾ ਆਗੂਆਂ ਦੇ ਨਾਂ ਲਿਖੇ ਹਨ।

ਸੁਰਜੇਵਾਲਾ ਨੇ ਸਵਾਲ ਕੀਤਾ ਕਿ ਇਸ 'ਤੇ ਭਾਜਪਾ ਅਤੇ ਮੋਦੀ ਨੇ ਜਾਂਚ ਕਿਉਂ ਨਹੀਂ ਕਰਵਾਈ? ਪ੍ਰਧਾਨ ਮੰਤਰੀ ਸਾਹਮਣੇ ਆਉਣ ਅਤੇ ਸਾਨੂੰ ਇਹ ਦੱਸਣ ਕਿ ਭਾਜਪਾ ਦੇ ਵੱਡੇ ਆਗੂਆਂ ਨੂੰ 1800 ਰੁਪਏ ਦੀ ਰਿਸ਼ਵਤ ਦਿੱਤੀ ਗਈ ਸੀ ਜਾਂ ਨਹੀਂ।

ਯੇਦੀਯੁਰੱਪਾ ਦੀ ਡਾਇਰੀ ਨੇ ਖੋਲ੍ਹੇ ਕਈ ਰਾਜ਼ : ਸੁਰਜੇਵਾਲਾ ਨੇ ਕਾਰਵਾਂ ਮੈਗਜੀਨ ਦੀ ਰਿਪੋਰਟ ਦੇ ਆਧਾਰ 'ਤੇ ਕਿਹਾ ਕਿ ਇਨਕਮ ਟੈਕਸ ਵਿਭਾਗ ਕੋਲ ਇਕ ਅਜਿਹੀ ਡਾਇਰੀ ਹੈ, ਜਿਸ 'ਚ ਭਾਜਪਾ ਆਗੂਆਂ ਨੂੰ 100 ਕਰੋੜ ਤੋਂ ਲੈ ਕੇ 10 ਕਰੋੜ ਤਕ ਦਿੱਤੇ ਜਾਣ ਦਾ ਹਿਸਾਬ ਹੈ। ਨਾਲ ਹੀ ਜੱਜਾਂ ਨੂੰ 250 ਕਰੋੜ ਦਿੱਤੇ ਜਾਣ ਦਾ ਜ਼ਿਕਰ ਹੈ। ਦਾਅਵਾ ਕੀਤਾ ਗਿਆ ਹੈ ਕਿ ਇਹ ਡਾਇਰੀ ਯੇਦੀਯੁਰੱਪਾ ਦੀ ਹੈ। ਸਾਲ 2009 'ਚ ਇਸ ਡਾਇਰੀ 'ਚ ਯੇਦੀਯੁਰੱਪਾ ਨੇ ਆਪਣੇ ਹੱਥਾਂ ਨਾਲ ਲਿਖਿਆ ਸੀ ਕਿ ਰਾਜਨਾਥ ਸਿੰਘ ਨੂੰ 100 ਕਰੋੜ, ਮੁਰਲੀ ਮਨੋਹਰ ਜੋਸ਼ੀ ਅਤੇ ਲਾਲ ਕ੍ਰਿਸ਼ਨ ਅਡਵਾਨੀ ਨੂੰ 50 ਕਰੋੜ ਰੁਪਏ ਦਿੱਤੇ ਹਨ। ਨਿਤਿਨ ਗਡਕਰੀ ਦੇ ਪੁੱਤਰ ਦੇ ਵਿਆਹ 'ਚ 10 ਕਰੋੜ ਰੁਪਏ ਦਿੱਤੇ ਗਏ ਹਨ। ਯੇਦੀਯੁਰੱਪਾ ਨੇ ਲਿਖਿਆ ਹੈ ਕਿ ਭਾਜਪਾ ਦੀ ਸੈਂਟਰਲ ਕਮੇਟੀ ਨੂੰ 1000 ਹਜ਼ਾਰ ਕਰੋੜ ਦਿੱਤੇ ਹਨ। ਅਰੁਣ ਜੇਟਲੀ ਨੂੰ 150 ਕਰੋੜ ਰੁਪਏ ਦਿੱਤੇ ਹਨ। ਕਾਰਵਾਂ ਨੇ ਦਾਅਵਾ ਕੀਤਾ ਹੈ ਕਿ ਉਸ ਕੋਲ ਪੂਰੀ ਡਾਇਰੀ ਹੈ ਅਤੇ ਉਸ 'ਤੇ ਯੇਦੀਯੁਰੱਪਾ ਦੇ ਹਸਤਾਖ਼ਰ ਹਨ।