ਜਨਤਾ ਕਰਫਿਊ: ਦੇਸ਼ ਭਰ ਦੇ ਸ਼ਹਿਰਾਂ ‘ਚ ਸਨਾਟਾ, ਘਰਾਂ ‘ਚ ਕੈਦ ਹੋਏ ਲੋਕ, ਦੇਖੋ ਤਸਵੀਰਾਂ
ਕੋਰੋਨਾ ਵਾਇਰਸ ਨੂੰ ਲੈ ਕੇ ਭਾਰਤ ਸਮੇਤ ਪੂਰੀ ਦੁਨੀਆ ਵਿਚ ਹਾਹਾਕਾਰ ਮਚੀ ਹੋਈ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਨੂੰ ਲੈ ਕੇ ਭਾਰਤ ਸਮੇਤ ਪੂਰੀ ਦੁਨੀਆ ਵਿਚ ਹਾਹਾਕਾਰ ਮਚੀ ਹੋਈ ਹੈ। ਚੀਨ ਤੋਂ ਫੈਲੇ ਜਾਨਲੇਵਾ ਕੋਰੋਨਾ ਵਾਇਰਸ ਕੋਵਿਡ-19 ਦੇ ਮਰੀਜਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦੇ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੇ ਉਦੇਸ਼ ਨਾਲ ਅੱਜ ਭਾਰਤ ਵਿਚ ਜਨਤਾ ਕਰਫਿਊ ਲਾਗੂ ਹੋ ਗਿਆ ਹੈ।
ਇਹ ਕਰਫਿਊ ਅੱਜ ਰਾਤ 9 ਵਜੇ ਤੱਕ ਜਾਰੀ ਰਹੇਗਾ। ਕੋਰੋਨਾ ਵਾਇਰਸ ਦੇ ਬਚਾਅ ਦੇ ਮੱਦੇਨਜ਼ਰ ਪੀਐਮ ਮੋਦੀ ਵੱਲੋਂ ‘ਜਨਤਾ ਕਰਫਿਊ’ ਦੀ ਅਪੀਲ ਕਰਨ ਤੋਂ ਬਾਅਦ ਦੇਸ਼ ਵਿਚ ਅੱਜ ਬੰਦ ਹੈ। ਇਸ ਦੌਰਾਨ ਲੋਕ ਸਵੇਰੇ 7 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਘਰਾਂ ਵਿਚ ਹੀ ਰਹਿਣਗੇ। ਇਸ ਦੌਰਾਨ ਅੱਜ ਦੇਸ਼ ਦੇ ਸਾਰੇ ਸੂਬਿਆਂ ਵਿਚ ਸਨਾਟਾ ਛਾਇਆ ਹੋਇਆ ਹੈ।
ਥਾਂ-ਥਾਂ ‘ਤੇ ਪੁਲਿਸ ਤੈਨਾਤ ਹੈ। ਲੋਕਾਂ ਵੱਲੋਂ ਇਸ ਕਰਵਿਊ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸੜਕਾਂ ਉੱਤੇ ਅਵਾਜਾਈ ਬਿਲਕੁੱਲ ਹੀ ਘੱਟ ਨਜ਼ਰ ਆ ਰਹੀ ਹੈ ਅਤੇ ਲੋਕਾਂ ਆਪਣੇ ਘਰਾਂ ਵਿਚੋਂ ਬਾਹਰ ਨਹੀਂ ਨਿਕਲ ਰਹੇ ਹਨ। ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਪੀਐਮ ਮੋਦੀ ਵੱਲੋਂ ਐਲਾਨੇ ਜਨਤਾ ਕਰਫਿਊ ਨੂੰ ਸਹਿਯੋਗ ਮਿਲਦਾ ਨਜਰ ਆ ਰਿਹਾ ਹੈ।
ਦੱਸ ਦਈਏ ਕਿ ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਦੁਨੀਆ ਭਰ ਸਮੇਤ ਭਾਰਤ ਵਿਚ ਆਪਣੇ ਪੈਰ ਜਮਾ ਲਏ ਹਨ। ਪੂਰੇ ਦੇਸ਼ ਵਿਚੋਂ ਹੁਣ ਤੱਕ 315 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 5 ਲੋਕਾਂ ਦੀ ਮੌਤ ਵੀ ਹੋਈਆਂ ਹਨ।
ਇਸ ਦੇ ਨਾਲ ਹੀ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 13 ਹੋ ਗਈ ਹੈ, ਇਸ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਵਿਚ 31 ਮਾਰਚ ਤੱਕ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ।