ਸ਼ਾਹੀਨ ਬਾਗ ਨੇ ਮੰਨੀ 'ਜਨਤਾ ਕਰਫਿਊ' ਦੀ ਅਪੀਲ, ਧਰਨੇ 'ਤੇ ਸਿਰਫ਼ 5 ਔਰਤਾਂ
ਕੋਰੋਨਾ ਵਾਇਰਸ ਕਾਰਨ ਐਤਵਾਰ ਨੂੰ ਦੇਸ਼ ਭਰ ਵਿਚ ‘ਜਨਤਾ ਕਰਫਿਊ’ ਲਾਗੂ ਕਰ ਦਿੱਤਾ ਗਿਆ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਐਤਵਾਰ ਨੂੰ ਦੇਸ਼ ਭਰ ਵਿਚ ‘ਜਨਤਾ ਕਰਫਿਊ’ ਲਾਗੂ ਕਰ ਦਿੱਤਾ ਗਿਆ ਹੈ। ਇਸ ਦੌਰਾਨ ਸ਼ਾਹੀਨ ਬਾਗ ਵਿਚ ਧਰਨਾ ਤਾਂ ਚੱਲ ਰਿਹਾ ਹੈ ਪਰ ਇਸ ਵਿਚ ਸਿਰਫ਼ 5 ਔਰਤਾਂ ਹੀ ਧਰਨੇ ‘ਤੇ ਬੈਠੀਆਂ ਹਨ। ਐਤਰਾਵ ਸਵੇਰੇ ਸ਼ਾਹੀਨ ਬਾਗ ਵਿਚ ਸਿਰਫ਼ ਦਰਜਨ ਭਰ ਲੋਕ ਹੀ ਮੌਜੂਦ ਸਨ। ਸੰਕੇਤਕ ਤੌਰ ‘ਤੇ ਉੱਥੇ ਪਏ ਤਖ਼ਤਾਂ ‘ਤੇ ਔਰਤਾਂ ਨੇ ਅਪਣੀਆਂ ਚੱਪਲਾਂ ਨੂੰ ਰੱਖਿਆ ਹੈ।
ਦੱਸ ਦਈਏ ਕਿ ਦਿੱਲੀ ਦੇ ਸ਼ਾਹੀਨ ਬਾਗ ਵਿਚ ਪਿਛਲੇ ਤਿੰਨ ਮਹੀਨਿਆਂ ਤੋਂ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਵਿਚ ਲੜਾਈ ਸ਼ੁਰੂ ਹੋ ਗਈ ਸੀ, ਕੀ ਸੜਕ ਤੋਂ ਉਠੱਣਾ ਹੈ ਜਾਂ ਨਹੀਂ? ਹੁਣ ਸ਼ਾਹੀਨ ਬਾਗ ਵਿਚ ਦੋ ਧੜੇ ਬਣ ਗਏ ਹਨ, ਪਰ ਇਸ ਸਭ ਦੌਰਾਨ ਧਰਨਾ ਜਾਰੀ ਹੈ।
ਸ਼ਾਹੀਨ ਬਾਗ ਦੇ ਇਕ ਧੜੇ ਦਾ ਕਹਿਣਾ ਹੈ ਕਿ ਉਹ ਪ੍ਰਧਾਨ ਮੰਤਰੀ ਮੋਦੀ ਦੀ ਕੋਰੋਨਾ ਵਾਇਰਸ ਨਾਲ ਲੜਨ ਦੀ ਮੁਹਿੰਮ ਦਾ ਸਮਰਥਨ ਕਰਨਗੇ, ਜਦਕਿ ਦੂਜਾ ਧੜਾ ਕਹਿੰਦਾ ਹੈ ਕਿ ਕੁਝ ਵੀ ਹੋ ਜਾਵੇ ਅਸੀਂ ਸੜਕ 'ਤੇ ਹੀ ਡਟੇ ਰਹਾਂਗੇ। ਇਸ ਕਾਰਨ ਸ਼ਨੀਵਾਰ ਨੂੰ ਦੋਵਾਂ ਧੜਿਆਂ ਵਿਚਾਲੇ ਲੜਾਈ ਹੋਈ। ਹਾਲਾਂਕਿ ਬਾਅਦ ਵਿਚ ਦੋਵਾਂ ਧੜਿਆਂ ਨੂੰ ਯਕੀਨ ਦਿਵਾ ਕੇ ਮਾਮਲਾ ਸ਼ਾਂਤ ਕੀਤਾ ਗਿਆ ਸੀ। ਫਿਲਹਾਲ ਸ਼ਾਹੀਨ ਬਾਗ ਵਿਚ ਪ੍ਰਦਰਸ਼ਨ ਜਾਰੀ ਹੈ।
ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਸ਼ਨੀਵਾਰ ਨੂੰ ਇੰਡੀਆ ਇਸਲਾਮਿਕ ਸੈਂਟਰ ਵਿਖੇ ਸ਼ਾਹੀਨਬਾਗ ਪ੍ਰਦਰਸ਼ਨਕਾਰੀਆਂ ਨਾਲ ਇਕ ਮੀਟਿੰਗ ਕੀਤੀ ਸੀ। ਇਥੇ ਦਿੱਲੀ ਪੁਲਿਸ ਨੇ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਦੇ ਮੱਦੇਨਜ਼ਰ ਲੋਕਾਂ ਨੂੰ ਪ੍ਰਦਰਸ਼ਨ ਖਤਮ ਕਰਨ ਦੀ ਅਪੀਲ ਕੀਤੀ ਸੀ। ਇਸ ਮੀਟਿੰਗ ਵਿੱਚ ਡੀਸੀਪੀ ਸਾਊਥ ਈਸਟ ਸਮੇਤ ਦਿੱਲੀ ਪੁਲਿਸ ਦੇ ਕਈ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਪ੍ਰਦਰਸ਼ਨਕਾਰੀਆਂ ਵੱਲੋਂ ਇਸਲਾਮਿਕ ਸੈਂਟਰ ਦੇ ਪ੍ਰਧਾਨ ਸਿਰਾਜੂਦੀਨ, ਸੈਕਟਰੀ ਬਦਰੂਦੀਨ ਅਤੇ ਸ਼ਾਹੀਨਬਾਗ ਵਿਚ ਪ੍ਰਦਰਸ਼ਨ ਕਰਨ ਵਾਲੇ 7 ਪ੍ਰਦਰਸ਼ਨਕਾਰੀਆਂ ਨੇ ਵੀ ਇਸ ਮੀਟਿੰਗ ਵਿਚ ਸ਼ਮੂਲੀਅਤ ਕੀਤੀ। ਦਿੱਲੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਵਾਇਰਸ ਪੂਰੇ ਦੇਸ਼ ਵਿਚ ਫੈਲ ਰਿਹਾ ਹੈ, ਇਸ ਲਈ ਉਨ੍ਹਾਂ ਨੂੰ ਇਸ ਵਿਰੋਧ ਪ੍ਰਦਰਸ਼ਨ ਨੂੰ ਰੋਕਣਾ ਚਾਹੀਦਾ ਹੈ। ਘੱਟੋ ਘੱਟ ਲੋਕਾਂ ਨੂੰ ਕਰਫਿਊ ਵਾਲੇ ਦਿਨ ਪ੍ਰਦਰਸ਼ਨ ਨਹੀਂ ਕਰਨਾ ਚਾਹੀਦਾ।
ਇੰਡੀਆ ਇਸਲਾਮਿਕ ਸੈਂਟਰ ਦੇ ਮੈਂਬਰਾਂ ਨੇ ਵੀ ਪੁਲਿਸ ਦਾ ਸਮਰਥਨ ਕੀਤਾ। ਜਿਸ 'ਤੇ ਬੈਠਕ' ਚ ਮੌਜੂਦ ਸ਼ਾਹੀਨਬਾਗ ਦੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਮੌਕੇ 'ਤੇ ਜਾਣਗੇ ਅਤੇ ਉਥੇ ਮੌਜੂਦ ਲੋਕਾਂ ਸਾਹਮਣੇ ਆਪਣਾ ਪੱਖ ਰੱਖਣਗੇ। ਉਸ ਤੋਂ ਬਾਅਦ ਹੀ ਸ਼ਾਹੀਨ ਬਾਗ ਪ੍ਰਦਰਸ਼ਨ ਬਾਰੇ ਫੈਸਲਾ ਲਿਆ ਜਾਵੇਗਾ।