ਐਕਸ਼ਨ 'ਚ ਸਰਕਾਰ! ਹੁਣ ਡਾਕਟਰਾਂ 'ਤੇ ਹਮਲਾ ਕਰਨ ਵਾਲਿਆਂ ਦੀ ਖੈਰ ਨਹੀਂ
ਸਿਹਤ ਵਿਭਾਗ ਦੀ ਪ੍ਰੈਸ ਕਾਨਫਰੰਸ ਨੂੰ ਲੈ ਕੇ ਮੰਤਰੀ ਨੇ ਦਸਿਆ ਕਿ...
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਮਹਾਂਸੰਕਟ ਦੇ ਚਲਦੇ ਸਿਹਤ ਕਰਮਚਾਰੀਆਂ ਤੇ ਲਗਾਤਾਰ ਹੋ ਰਹੇ ਹਮਲਿਆਂ ਤੇ ਹੁਣ ਮੋਦੀ ਸਰਕਾਰ ਨੇ ਸਖ਼ਤ ਫੈਸਲਾ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਬੁੱਧਵਾਰ ਨੂੰ ਹੋਈ ਕੇਂਦਰੀ ਕੈਬਨਿਟ ਦੀ ਬੈਠਕ ਵਿਚ ਇਕ ਆਰਡੀਨੈਂਸ ਪਾਸ ਕੀਤਾ ਗਿਆ ਹੈ ਜਿਸ ਤੋਂ ਬਾਅਦ ਹੁਣ ਸਿਹਤ ਕਰਮਚਾਰੀਆਂ ਤੇ ਹਮਲਾ ਕਰਨ ਵਾਲਿਆਂ ਖਿਲਾਫ ਸਖ਼ਤ ਐਕਸ਼ਨ ਲਿਆ ਜਾਵੇਗਾ।
ਇਸ ਵਿਚ 3 ਮਹੀਨਿਆਂ ਤੋਂ ਸੱਤ ਸਾਲ ਤਕ ਦੀ ਸਜ਼ਾ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕੈਬਨਿਟ ਬੈਠਕ ਵਿਚ ਲਏ ਗਏ ਫ਼ੈਸਲਿਆਂ ਦੀ ਜਾਣਕਾਰੀ ਦਿੱਤੀ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਕਿਹਾ ਕਿ ਕਈ ਥਾਵਾਂ ਤੋਂ ਡਾਕਟਰਾਂ ਖਿਲਾਫ ਹਮਲੇ ਦੀ ਜਾਣਕਾਰੀ ਆ ਰਹੀ ਹੈ, ਸਰਕਾਰ ਇਸ ਨੂੰ ਬਰਦਾਸ਼ਤ ਨਹੀਂ ਕਰੇਗੀ। ਸਰਕਾਰ ਇਸ ਦੇ ਲਈ ਇਕ ਆਰਡੀਨੈਂਸ ਲੈ ਕੇ ਆਈ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਮੈਡੀਕਲ ਸਟਾਫ ਤੇ ਹਮਲਾ ਕਰਨ ਵਾਲਿਆਂ ਨੂੰ ਜ਼ਮਾਨਤ ਨਹੀਂ ਮਿਲੇਗੀ, 30 ਦਿਨ ਦੇ ਅੰਦਰ ਇਸ ਦੀ ਜਾਂਚ ਪੂਰੀ ਹੋਵੇਗੀ। 1 ਸਾਲ ਦੇ ਅੰਦਰ ਫ਼ੈਸਲਾ ਲਿਆ ਜਾਵੇਗਾ ਜਦਕਿ 3 ਮਹੀਨਿਆਂ ਤੋਂ 5 ਸਾਲ ਤਕ ਦੀ ਸਜ਼ਾ ਹੋ ਸਕਦੀ ਹੈ। ਇਸ ਤੋਂ ਇਲਾਵਾ ਗੰਭੀਰ ਮਾਮਲਿਆਂ ਵਿਚ 6 ਮਹੀਨਿਆਂ ਤੋਂ 7 ਸਾਲ ਤਕ ਦੀ ਸਜ਼ਾ ਹੋਵੇਗੀ। ਗੰਭੀਰ ਮਾਮਲਿਆਂ ਵਿਚ 50 ਹਜ਼ਾਰ ਤੋਂ 2 ਲੱਖ ਦਾ ਜ਼ੁਰਮਾਨਾ ਵੀ ਲਗਾਇਆ ਜਾਵੇਗਾ।
ਆਰਡੀਨੈਂਸ ਮੁਤਾਬਕ ਜੇ ਕਿਸੇ ਨੇ ਸਿਹਤ ਕਰਮੀ ਦੀ ਗੱਡੀ ਤੇ ਹਮਲਾ ਕੀਤਾ ਤਾਂ ਮਾਰਕਿਟ ਵੈਲਿਊ ਦੀ ਦੁਗਣੀ ਜ਼ਿਆਦਾ ਭਰਪਾਈ ਕੀਤੀ ਜਾਵੇਗੀ। ਪ੍ਰਕਾਸ਼ ਜਾਵੇਡਕਰ ਨੇ ਦਸਿਆ ਕਿ ਦੇਸ਼ ਵਿਚ ਹੁਣ 723 ਲੱਖ ਤੋਂ ਵਧ N95 ਮਾਸਕ ਵੀ ਹਨ। ਜਦਕਿ 2.5 ਕਰੋੜ ਦੇ ਆਰਡਰ ਦਿੱਤੇ ਜਾ ਚੁੱਕੇ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਫਰਟੀਲਾਈਜ਼ਰ ਲਈ ਦਿੱਤੀ ਜਾਣ ਵਾਲੀ ਸਬਸਿਡੀ ਨੂੰ ਵਧਾਇਆ ਗਿਆ ਹੈ ਇਸ ਨੂੰ ਵਧਾ ਕੇ 22 ਹਜ਼ਾਰ ਕਰੋੜ ਤੋਂ ਵਧ ਕੀਤਾ ਗਿਆ ਹੈ।
ਸਿਹਤ ਵਿਭਾਗ ਦੀ ਪ੍ਰੈਸ ਕਾਨਫਰੰਸ ਨੂੰ ਲੈ ਕੇ ਮੰਤਰੀ ਨੇ ਦਸਿਆ ਕਿ ਹੁਣ ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਸਿਹਤ ਵਿਭਾਗ ਦੀ ਪ੍ਰੈਸ ਕਾਨਫਰੰਸ ਹੋਵੇਗੀ। ਬੁੱਧਵਾਰ ਨੂੰ ਕੈਬਨਿਟ ਦੀ ਬ੍ਰੀਫਿੰਗ ਦਿੱਤੀ ਜਾਵੇਗੀ ਅਤੇ ਸ਼ਨੀਵਾਰ, ਐਤਵਾਰ ਨੂੰ ਪ੍ਰੈਸ ਰਿਲੀਜ਼ ਜਾਰੀ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਰਿਹਾਇਸ਼ ਤੇ ਪੀਐਮ ਮੋਦੀ ਦੀ ਅਗਵਾਈ ਵਿਚ ਹੋਈ ਕੈਬਨਿਟ ਬੈਠਕ ਵਿਚ ਕੋਰੋਨਾ ਵਾਇਰਸ ਦੇ ਮੌਜੂਦਾ ਅਸਰ ਅਤੇ ਲਾਕਡਾਊਨ ਦੀ ਸਮੀਖਿਆ ਕੀਤੀ ਗਈ ਹੈ।
ਇਸ ਤੋਂ ਇਲਾਵਾ ਆਰਥਿਤ ਹਾਲਾਤ ਤੇ ਵੀ ਚਰਚਾ ਹੋਈ ਹੈ। ਕੇਂਦਰ ਸਰਕਾਰ ਵੱਲੋਂ ਪਹਿਲਾਂ ਵੀ ਰਾਹਤ ਦੇ ਤੌਰ ਤੇ 1 ਲੱਖ ਹਜ਼ਾਰ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਤੋਂ ਪਹਿਲਾਂ ਵੀ ਵੀਡੀਉ ਕਾਨਫਰੰਸਿੰਗ ਦੁਆਰਾ ਕੈਬਨਿਟ ਮੰਤਰੀਆਂ, ਰਾਜ ਦੇ ਮੁੱਖ ਮੰਤਰੀਆਂ ਦੇ ਨਾਲ ਗੱਲਬਾਤ ਕਰਦੇ ਆਏ ਹਨ। ਪੀਐਮ ਨੇ ਵੱਖ-ਵੱਖ ਖੇਤਰਾਂ ਦੇ ਪ੍ਰਤੀਨਿਧੀਆਂ ਨਾਲ ਵੀ ਇਸ ਮਾਮਲੇ ਤੇ ਚਰਚਾ ਕੀਤੀ ਹੈ।
ਕੈਬਨਿਟ ਬੈਠਕ ਦੇ ਚਲਦੇ ਹਰ ਸ਼ਾਮ ਹੋਣ ਵਾਲੀ ਸਿਹਤ ਵਿਭਾਗ ਦੀ ਪ੍ਰੈਸ ਕਾਨਫਰੰਸ ਅੱਜ ਨਹੀਂ ਹੋਵੇਗੀ। ਦਸ ਦਈਏ ਕਿ ਸ਼ਾਮ ਚਾਰ ਵਜੇ ਸਿਹਤ ਵਿਭਾਗ ਦੀ ਅਗਵਾਈ ਵਿਚ ਪ੍ਰੈਸ ਕਾਨਫਰੰਸ ਹੁੰਦੀ ਹੈ ਜਿਸ ਵਿਚ ICMR ਅਤੇ ਗ੍ਰਹਿ ਵਿਭਾਗ ਦੇ ਪ੍ਰਤੀਨਿਧੀ ਵੀ ਸ਼ਾਮਲ ਹੁੰਦੇ ਹਨ। ਕੇਂਦਰ ਸਰਕਾਰ ਵੱਲੋਂ ਲਗਾਤਾਰ ਕੋਰੋਨਾ ਵਾਇਰਸ ਅਤੇ ਲਾਕਡਾਊਨ ਨੂੰ ਲੈ ਕੇ ਫੈਸਲੇ ਲਏ ਜਾ ਰਹੇ ਹਨ।
ਸਿਹਤ ਵਿਭਾਗ ਰਾਜਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕਰ ਰਿਹਾ ਹੈ ਤੇ ਉੱਥੇ ਹੀ ਗ੍ਰਹਿ ਵਿਭਾਗ ਦੀ ਕੋਸ਼ਿਸ਼ ਲਾਕਡਾਊਨ ਨੂੰ ਲਾਗੂ ਕਰਵਾਉਣ ਦੀ ਹੈ। ਆਈਸੀਐਮਆਰ ਵੱਲੋਂ ਟੈਸਟਿੰਗ ਨੂੰ ਲੈ ਕੇ ਨਿਗਰਾਨੀ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।