ਸੋਨੀਆ ਗਾਂਧੀ ਦੀ ਪੀਐਮ ਮੋਦੀ ਨੂੰ ਚਿੱਠੀ, ਕਿਹਾ ਇਕ ਵੈਕਸੀਨ ਦੀਆਂ ਤਿੰਨ ਕੀਮਤਾਂ ਕਿਵੇਂ?

ਏਜੰਸੀ

ਖ਼ਬਰਾਂ, ਰਾਸ਼ਟਰੀ

ਸੋਨੀਆ ਗਾਂਧੀ ਨੇ ਕੇਂਦਰ ਦੀ ਟੀਕਾਕਰਨ ਨੀਤੀ ’ਤੇ ਸਵਾਲ ਖੜ੍ਹੇ ਕੀਤੇ

Congress chief writes to PM over new COVID 19 vaccination policy

ਨਵੀਂ ਦਿੱਲੀ: ਭਾਰਤ ਸਰਕਾਰ ਨੇ ਆਉਣ ਵਾਲੇ ਦਿਨਾਂ ਵਿਚ 18 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪੀਐਮ ਮੋਦੀ ਨੂੰ ਚਿੱਠੀ ਲਿਖੀ। ਸੋਨੀਆ ਗਾਂਧੀ ਨੇ ਕੇਂਦਰ ਦੀ ਟੀਕਾਕਰਨ ਨੀਤੀ ’ਤੇ ਸਵਾਲ ਖੜ੍ਹੇ ਕੀਤੇ। 

ਉਹਨਾਂ ਸਵਾਲ ਕੀਤਾ ਕਿ ਇਕ ਵੈਕਸੀਨ ਦੀਆਂ ਤਿੰਨ ਕੀਮਤਾਂ ਕਿਵੇਂ ਹੋ ਸਕਦੀਆਂ ਹਨ। ਕਾਂਗਰਸ ਪ੍ਰਧਾਨ ਨੇ ਦੋਸ਼ ਲਗਾਇਆ ਕਿ ਕੋਰੋਨਾ ਵੈਕਸੀਨ ਦੀ ਨਵੀਂ ਨੀਤੀ ਜ਼ਰੀਏ ਕੇਂਦਰ ਸਰਕਾਰ ਨੇ 18 ਤੋਂ 45 ਸਾਲ ਦੇ ਲੋਕਾਂ ਨੂੰ ਮੁਫਤ ਟੀਕਾ ਉਪਲਬਧ ਕਰਵਾਉਣ ਦੀ ਜ਼ਿੰਮੇਵਾਰੀ ਤੋਂ ਪਿੱਛਾ ਛੁਡਾ ਲਿਆ ਹੈ। 

ਸੋਨੀਆਂ ਗਾਂਧੀ ਨੇ ਚਿੱਠੀ ਵਿਚ ਕਿਹਾ ਕਿ ਵੈਕਸੀਨ ਦੀਆਂ ਵੱਧ ਕੀਮਤਾਂ ਨਾਲ ਸੂਬਾ ਸਰਕਾਰਾਂ ’ਤੇ ਦਬਾਅ ਵਧੇਗਾ ਅਤੇ ਆਮ ਆਦਮੀ ਨੂੰ ਵੈਕਸੀਨ ਲਈ ਜ਼ਿਆਦਾ ਪੈਸਾ ਦੇਣਾ ਹੋਵੇਗਾ। ਅਜਿਹੇ ਵਿਚ ਇਕ ਹੀ ਵੈਕਸੀਨ ਨਿਰਮਾਤਾ ਤਿੰਨ ਤਰ੍ਹਾਂ ਦੇ ਰੇਟ ਕਿਵੇਂ ਤੈਅ ਕਰ ਸਕਦਾ ਹੈ।

ਸੋਨੀਆ ਗਾਂਧੀ ਨੇ ਚਿੱਠੀ ਵਿਚ ਅੱਗੇ ਲਿਖਿਆ ਕਿ ਕਾਂਗਰਸ ਪਹਿਲਾਂ ਹੀ ਮੰਗ ਕਰ ਚੁੱਕੀ ਹੈ ਕਿ ਇਸ ਨੀਤੀ ਦਾ ਪੁਨਰ ਮੁਲਾਂਕਣ ਕੀਤਾ ਜਾਵੇ। ਕਾਂਗਰਸ ਨੇ ਮੰਗ ਕੀਤੀ ਕਿ ਇਸ ਮਾਮਲੇ ਵਿਚ ਦਖਲਅੰਦਾਜ਼ੀ ਕਰੋ ਅਤੇ ਇਸ ਗ਼ਲਤ ਫੈਸਲੇ ਨੂੰ ਬਦਲੋ। ਉਹਨਾਂ ਕਿਹਾ ਕਿ ਦੇਸ਼ ਦਾ ਟੀਚਾ ਇਹ ਹੋਣਾ ਚਾਹੀਦਾ ਹੈ ਕਿ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲੱਗੇ ਚਾਹੇ ਉਹਨਾਂ ਦੀ ਆਰਥਿਕ ਸਥਿਤੀ ਕਿਵੇਂ ਦੀ ਵੀ ਹੋਵੇ।