ਕੋਰੋਨੇ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਅਮਰਨਾਥ ਯਾਤਰਾ ਲਈ ਰਜਿਸਟਰੇਸ਼ਨ ’ਤੇ ਲੱਗੀ ਅਸਥਾਈ ਰੋਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਾਲਾਤ ਵਿਚ ਸੁਧਾਰ ਹੋਣ ਬਾਅਦ ਸੇਵਾ ਮੁੜ ਹੋਵੇਗੀ ਬਹਾਲ: ਸ਼ਰਾਈਨ ਬੋਰਡ

Amarnath Yatra

ਨਵੀਂ ਦਿੱਲੀ: ਕੋਰੋਨਾ ਦੇ ਲਗਾਤਾਰ ਵਧਦਿਆਂ ਮਾਮਲਿਆਂ ਦਾ ਅਸਰ ਧਾਰਮਕ ਅਤੇ ਸਮਾਜਕ ਸਮਾਗਮਾਂ ’ਤੇ ਪੈਣ ਲੱਗਾ ਹੈ। ਦੇਸ਼ ਦੇ ਕਈ ਸੂਬਿਆਂ ਵੱਲੋਂ ਤਿੱਥ-ਤਿਉਹਾਰਾਂ ਮੌਕੇ ਹੁੰਦੇ ਇਕੱਠਾਂ ’ਤੇ ਪਾਬੰਦੀ ਲਗਾ ਦਿਤੀ ਹੈ। ਬੀਤੇ ਕੱਲ੍ਹ ਰਾਮਨੋਮੀ ਮੌਕੇ ਵੀ ਕਈ ਸ਼ਹਿਰਾਂ ਵਿਚ ਡੌਕਡਾਊਨ ਦਾ ਐਲਾਨ ਕੀਤਾ ਗਿਆ ਸੀ। ਇਸੇ ਦੌਰਾਨ ਸ਼੍ਰੀ ਅਮਰਨਾਥ ਜੀ ਸ਼ਰਾਈਨ ਬੋਰਡ ਨੇ ਵੀ ਅਮਰਨਾਥ ਯਾਤਰਾ ਲਈ ਰਜਿਸਟਰੇਸ਼ਨ ਅਸਥਾਈ ਰੂਪ ਨਾਲ ਬੰਦ ਕਰਨ ਦਾ ਫ਼ੈਸਲਾ ਲਿਆ ਹੈ।

ਸ਼ਰਾਈਨ ਬੋਰਡ ਨੇ ਕਿਹਾ ਕਿ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਹਾਲਾਤ 'ਚ ਸੁਧਾਰ ਹੋਣ ਦੀ ਸਥਿਤੀ 'ਚ ਸੇਵਾ ਨੂੰ ਮੁੜ ਬਹਾਲ ਕੀਤਾ ਜਾਵੇਗਾ।ਸੂਤਰਾਂ ਮੁਤਾਬਕ ਜੰਮੂ ਕਸ਼ਮੀਰ 'ਚ ਅਮਰਨਾਥ ਯਾਤਰਾ ਆਉਣ ਵਾਲੀ 28 ਜੂਨ ਤੋਂ ਸ਼ੁਰੂ ਹੋਣੀ ਹੈ। ਯਾਤਰਾ ਲਈ ਪਹਿਲੀ ਅਪ੍ਰੈਲ ਤੋਂ ਜੰਮੂ ਕਸ਼ਮੀਰ ਬੈਂਕ, ਪੰਜਾਬ ਨੈਸ਼ਨਲ ਬੈਂਕ ਅਤੇ ਯੈੱਸ ਬੈਂਕ 'ਚ 446 ਬਰਾਂਚਾਂ 'ਚ ਰਜਿਸਟਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ।

ਉੱਥੇ ਹੀ ਯਾਤਰਾ ਲਈ ਆਨਲਾਈਨ ਪ੍ਰਕਿਰਿਆ 15 ਅਪ੍ਰੈਲ ਤੋਂ ਸ਼ੁਰੂ ਕੀਤੀ ਗਈ ਸੀ। ਇਸ ਵਾਰ ਬਾਬਾ ਅਮਰਨਾਥ ਦੀ ਯਾਤਰਾ 28 ਜੂਨ ਤੋਂ ਸ਼ੁਰੂ ਹੋ ਕੇ 22 ਅਗਸਤ ਤਕ ਚਲੇਗੀ। ਕਾਬਲੇਗੌਰ ਹੈ ਕਿ ਵਧਦੇ ਕੋਰੋਨਾ ਕੇਸਾਂ ਦਾ ਅਸਰ ਧਾਰਮਕ ਅਤੇ ਸਮਾਜਕ ਸਮਾਗਮਾਂ ’ਤੇ ਪੈਣਾ ਸ਼ੁਰੂ ਹੋ ਗਿਆ ਹੈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਸਮਾਗਮਾਂ ਨੂੰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੀਮਤ ਕਰਨ ਦਾ ਐਲਾਨ ਕੀਤਾ ਗਿਆ ਹੈ।

ਇਸੇ ਤਰ੍ਹਾਂ ਪੰਜਾਬ ਅੰਦਰ ਵਿਆਹਾਂ ਸਮੇਤ ਦੂਜੇ ਸਮਾਗਮਾਂ ਸਮੇਂ ਹੋਣ ਵਾਲੇ ਇਕੱਠਾਂ ਵਿਚ ਲੋਕਾਂ ਦੀ ਸ਼ਮੂੂਲੀਅਤ ਨੂੰ ਸੀਮਤ ਕਰ ਦਿਤਾ ਗਿਆ ਹੈ। ਅਜਿਹੀਆਂ ਪਾਬੰਦੀਆਂ ਵੱਧ ਕਰੋਨਾ ਕੇਸਾਂ ਵਾਲੇ ਦੇਸ਼ ਦੇ ਸਾਰੇ ਭਾਗਾਂ ਵਿਚ ਆਇਤ ਕੀਤੀਆਂ ਜਾ ਰਹੀਆਂ ਹਨ।