ਹਿਜਾਬ ਪਾਬੰਦੀ ਨੂੰ ਚੁਣੌਤੀ ਦੇਣ ਵਾਲੀਆਂ ਵਿਦਿਆਰਥਣਾਂ ਨੂੰ ਨਹੀਂ ਮਿਲੀ ਪ੍ਰੀਖਿਆ ’ਚ ਬੈਠਣ ਦੀ ਇਜਾਜ਼ਤ
ਇਹਨਾਂ ਵਿਦਿਆਰਥਣਾਂ ਨੂੰ ਹਿਜਾਬ ਪਾ ਕੇ ਪ੍ਰੀਖਿਆ 'ਚ ਨਹੀਂ ਬੈਠਣ ਦਿੱਤਾ ਗਿਆ, ਜਿਸ ਤੋਂ ਬਾਅਦ ਦੋਵੇਂ ਆਪਣੇ-ਆਪਣੇ ਘਰਾਂ ਨੂੰ ਪਰਤ ਗਈਆਂ।
ਉਡੁਪੀ: ਕਰਨਾਟਕ ਦੇ ਉਡੁਪੀ ਜ਼ਿਲ੍ਹੇ ਦੇ ਪ੍ਰੀ-ਯੂਨੀਵਰਸਿਟੀ ਕਾਲਜ ਵਿਚ ਹਿਜਾਬ ਪਹਿਨਣ ਦੀ ਪਾਬੰਦੀ ਨੂੰ ਕਰਨਾਟਕ ਹਾਈ ਕੋਰਟ ਵਿਚ ਚੁਣੌਤੀ ਦੇਣ ਵਾਲੀਆਂ ਦੋਵੇਂ ਵਿਦਿਆਰਥਣਾਂ ਸ਼ੁੱਕਰਵਾਰ ਨੂੰ ਬਿਨ੍ਹਾਂ ਪ੍ਰੀਖਿਆ ਦਿੱਤੇ ਆਪਣੇ ਘਰਾਂ ਨੂੰ ਪਰਤ ਗਈਆਂ। ਇਹਨਾਂ ਦੋਵਾਂ ਵਿਦਿਆਰਥਣਾਂ ਨੂੰ ਹਿਜਾਬ ਪਾ ਕੇ ਪ੍ਰੀਖਿਆ 'ਚ ਨਹੀਂ ਬੈਠਣ ਦਿੱਤਾ ਗਿਆ, ਜਿਸ ਤੋਂ ਬਾਅਦ ਦੋਵੇਂ ਆਪਣੇ-ਆਪਣੇ ਘਰਾਂ ਨੂੰ ਪਰਤ ਗਈਆਂ।
Karnataka High Court
ਕਰਨਾਟਕ ਦੇ ਪ੍ਰੀ-ਯੂਨੀਵਰਸਿਟੀ ਕਾਲਜਾਂ 'ਚ ਪ੍ਰੀਖਿਆ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਈ ਹੈ, ਜੋ 18 ਮਈ ਤੱਕ ਜਾਰੀ ਰਹੇਗੀ। ਪਹਿਲੀ ਪ੍ਰੀਖਿਆ ਬਿਜ਼ਨਸ ਸਟੱਡੀਜ਼ ਦੀ ਸੀ। ਦੋਵਾਂ ਵਿਦਿਆਰਥਣਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਨੂੰ ਹਿਜਾਬ ਪਾ ਕੇ ਪ੍ਰੀਖਿਆ ਦੇਣ ਦੀ ਇਜਾਜ਼ਤ ਦਿੱਤੀ ਜਾਵੇ ਪਰ ਕਾਲਜ ਪ੍ਰਸ਼ਾਸਨ ਨੇ ਹਾਈ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੂੰ ਪ੍ਰੀਖਿਆ ਹਾਲ ਵਿਚ ਦਾਖ਼ਲ ਹੋਣ ਤੋਂ ਇਨਕਾਰ ਕਰ ਦਿੱਤਾ।
Hijab
ਉਡੁਪੀ ਦੇ ਇਕ ਕਾਲਜ ਦੀਆਂ ਛੇ ਵਿਦਿਆਰਥਣਾਂ ਨੇ 1 ਜਨਵਰੀ ਨੂੰ ਸ਼ਹਿਰ ਵਿਚ ਕੈਂਪਸ ਫਰੰਟ ਆਫ਼ ਇੰਡੀਆ (ਸੀਐਫਆਈ) ਦੁਆਰਾ ਆਯੋਜਿਤ ਇਕ ਪ੍ਰੈਸ ਕਾਨਫਰੰਸ ਵਿਚ ਕਾਲਜ ਅਧਿਕਾਰੀਆਂ ਦੁਆਰਾ ਹਿਜਾਬ ਪਹਿਨ ਕੇ ਕਲਾਸਾਂ ਵਿਚ ਦਾਖਲਾ ਦੇਣ ਤੋਂ ਇਨਕਾਰ ਕਰਨ ਦੇ ਵਿਰੋਧ ਵਿਚ ਹਿੱਸਾ ਲਿਆ ਸੀ।
Hijab
ਇਸ ਤੋਂ ਬਾਅਦ ਲੜਕੀਆਂ ਨੇ ਹਿਜਾਬ 'ਤੇ ਪਾਬੰਦੀ ਦੇ ਖਿਲਾਫ ਕਰਨਾਟਕ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਚੀਫ਼ ਜਸਟਿਸ ਰਿਤੂ ਰਾਜ ਅਵਸਥੀ ਦੀ ਅਗਵਾਈ ਵਾਲੇ ਹਾਈ ਕੋਰਟ ਦੇ ਬੈਂਚ ਨੇ ਹਿਜਾਬ ਨੂੰ ਜ਼ਰੂਰੀ ਧਾਰਮਿਕ ਅਭਿਆਸ ਨਾ ਮੰਨਦੇ ਹੋਏ ਉਹਨਾਂ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਅਤੇ ਹਿਜਾਬ 'ਤੇ ਪਾਬੰਦੀ ਲਗਾਉਣ ਵਾਲੇ ਸਰਕਾਰੀ ਆਦੇਸ਼ ਨੂੰ ਬਰਕਰਾਰ ਰੱਖਣ ਦਾ ਫੈਸਲਾ ਸੁਣਾਇਆ।