ਲੋੜ ਪੈਣ ਤੇ ਕੀ ਨਵੀਨ ਪਟਨਾਇਕ ਕੇਂਦਰ ਵਿਚ ਐਨਡੀਏ ਦਾ ਸਾਥ ਦੇਣਗੇ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੀਜੂ ਪਟਨਾਇਕ ਦੀ ਮੌਤ ਤੋਂ ਬਾਅਦ ਨਵੀਨ ਨੇ ਪਹਿਲੀ ਵਾਰ ਅਸੀਕਾ ਤੋਂ ਲੋਕ ਸਭਾ ਚੋਣਾਂ ਲੜੀਆਂ

Naveen Patnaik

ਨਵੀਂ ਦਿੱਲੀ- ਗੱਲ ਹੈ 1997 ਦੀ, ਉਡੀਸ਼ਾ ਦੇ ਸਾਬਕਾ ਮੁੱਖ ਮੰਤਰੀ ਬੀਜੂ ਪਟਨਾਇਕ ਦੀ ਅਚਾਨਕ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ। ਬੀਜੂ ਪਟਨਾਇਕ ਜਨਤਾ ਦਲ ਦੇ ਪਿਆਰੇ ਨੇਤਾ ਸਨ। ਬੀਜੂ ਪਟਨਾਇਕ ਦੀ ਮੌਤ ਨੂੰ ਲੈ ਕੇ ਕਈ ਸਵਾਲ ਖੜੇ ਹੋਣ ਲੱਗੇ ਕਿ ਉਹਨਾਂ ਦੀ ਮੌਤ ਤੋਂ ਬਾਅਦ ਪਾਰਟੀ ਨੂੰ ਅੱਗੇ ਕੌਣ ਚਲਾਵੇਗਾ। ਬੀਜੂ ਪਟਨਾਇਕ ਦੇ ਬੇਟੇ ਨਵੀਨ ਪਟਨਾਇਕ ਦੀ ਰਾਜਨੀਤੀ ਵਿਚ ਜ਼ਿਆਦਾ ਦਿਲਚਸਪੀ ਨਹੀਂ ਸੀ।

ਨਵੀਨ ਪਟਨਾਇਕ ਨੇ ਆਪਣੀ ਪੜ੍ਹਾਈ ਉਡੀਸ਼ਾ ਤੋਂ ਬਾਹਰ ਕੀਤੀ। ਉਡੀਸ਼ਾ ਦੀ ਭਾਸ਼ਾ ਬੋਲਣ ਵਿਚ ਨਵੀਨ ਨੂੰ ਦਿੱਕਤ ਆਉਂਦੀ ਸੀ ਅਜਿਹੇ ਵਿਚ ਪਾਰਟੀ ਨੂੰ ਅੱਗੇ ਕੌਣ ਚਲਾਵੇਗਾ ਇਹ ਬਹੁਤ ਵੱਡਾ ਸਵਾਲ ਸੀ। ਅਚਾਨਕ ਨਵੀਨ ਨੂੰ ਪਾਰਟੀ ਅੱਗੇ ਚਲਾਉਣ ਲਈ ਮਨਾਇਆ ਗਿਆ ਅਤੇ ਨਵੀਨ ਪਾਰਟੀ ਨੂੰ ਅੱਗੇ ਚਲਾਉਣ ਲਈ ਮੰਨ ਵੀ ਗਿਆ। ਬੀਜੂ ਪਟਨਾਇਕ ਦੀ ਮੌਤ ਤੋਂ ਬਾਅਦ ਨਵੀਨ ਨੇ ਅਸੀਕਾ ਤੋਂ ਲੋਕ ਸਭਾ ਚੋਣਾਂ ਲੜੀਆਂ ਅਤੇ ਇਹਨਾਂ ਚੋਣਾਂ ਵਿਚੋਂ ਜਿੱਤ ਹਾਸਲ ਕੀਤੀ। ਨਵੀਨ ਪਟਨਾਇਕ ਅਟੱਲ ਬਿਹਾਰੀ ਵਾਜਪਾਈ ਦੀ ਸਰਕਾਰ ਵਿਚ ਮੰਤਰੀ ਵੀ ਰਹੇ।

6 ਦਸੰਬਰ ਨੂੰ ਬੀਜੂ ਜਨਤਾ ਦਲ ਦਾ ਗਠਨ ਕੀਤਾ ਗਿਆ। ਇਸ ਵਿਚ ਅਟੱਲ ਬਿਹਾਰੀ ਵਾਜਪਾਈ ਦੇ ਯੋਗਦਾਨ ਨੂੰ ਮੰਨਿਆ ਜਾਂਦਾ ਹੈ। ਵਾਜਪਾਈ ਅਤੇ ਬੀਜੂ ਪਟਨਾਇਕ ਇਕ ਦੂਸਰੇ ਨੂੰ ਚੰਗੀ ਤਰਾਂ ਜਾਣਦੇ ਸਨ। ਦੋਵੇਂ ਜੇ.ਪੀ. ਲਹਿਰ ਦੇ ਸਮੇਂ ਤੋਂ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਕੋਈ ਸਮਾਂ ਸੀ ਜਦੋਂ ਕਾਂਗਰਸ ਉਡੀਸ਼ਾ ਦੀ ਸਭ ਤੋਂ ਤਾਕਤਵਰ ਸਰਕਾਰ ਮੰਨੀ ਜਾਂਦੀ ਸੀ। 1997 ਵਿਚ ਜਦੋਂ ਬੀਜੂ ਜਨਤਾ ਦਲ ਦਾ ਗਠਨ ਕੀਤਾ ਗਿਆ ਉਦੋਂ ਉਡੀਸ਼ਾ ਵਿਚ ਕਾਂਗਰਸ ਦਾ ਸ਼ਾਸਨ ਕੀਤਾ ਗਿਆ। ਬੀਜੂ ਜਨਤਾ ਦਲ ਦੇ ਭਵਿੱਖ ਨੂੰ ਲੈ ਕੇ ਕਈ ਸਵਾਲ ਚੁੱਕੇ ਜਾ ਰਹੇ ਸਨ।

ਓਡੀਸ਼ਾ ਦੀ ਰਾਜਨੀਤੀ ਵਿਚ ਇਹ ਪਾਰਟੀ ਟਿਕ ਪਾਵੇਗੀ ਜਾਂ ਨਹੀਂ ਇਹ ਵੱਡਾ ਸਵਾਲ ਸੀ। ਨਵੀਨ ਪਟਨਾਇਕ ਨੂੰ ਖੁਦ ਪਾਰਟੀ ਤੇ ਪੂਰਾ ਯਕੀਨ ਨਹੀਂ ਸੀ ਇਸਲਈ ਨਵੀਨ ਨੇ 1998 ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਬੀਜੇਪੀ ਦੇ ਨਾਲ ਮਿਲਕੇ ਚੋਣਾਂ ਲੜੀਆਂ। ਇਸ ਚੋਣ ਵਿੱਚ ਬੀਜੇਪੀ ਨੂੰ ਸੱਤ ਸੀਟਾਂ ਮਿਲੀਆਂ ਸਨ ਜਦੋਂ ਕਿ ਬੀਜੂ ਜਨਤਾ ਦਲ ਨੂੰ 9 ਸੀਟਾਂ ਮਿਲੀਆਂ। ਪੰਜ ਸੀਟਾਂ ਉੱਤੇ ਕਾਂਗਰਸ ਨੇ ਜਿੱਤ ਹਾਸਲ ਕੀਤੀ ਸੀ। 1999 ਵਿਚ ਲੋਕ ਸਭਾ ਚੋਣਾਂ ਲਈ ਵੀ ਦੋਨਾਂ ਦਲਾਂ ਦੇ ਵਿਚ ਗਠ-ਜੋੜ ਹੋਇਆ। ਇਸ ਚੋਣਾਂ ਵਿਚ ਬੀਜੇਪੀ ਨੇ ਅੱਠ ਲੋਕ ਸਭਾ ਸੀਟਾਂ ਉੱਤੇ ਜਿੱਤ ਹਾਸਲ ਕੀਤੀ ਸੀ ਜਦੋਂ ਕਿ ਬੀਜੂ ਜਨਤਾ ਦਲ 11 ਸੀਟਾਂ ਉੱਤੇ ਜਿੱਤੀ ਸੀ।

ਕਾਂਗਰਸ ਨੂੰ ਦੋ ਸੀਟਾਂ ਮਿਲੀਆਂ ਸਨ। ਸਾਲ 2000 ਵਿਚ ਉਡੀਸ਼ਾ ਵਿਚ ਵਿਧਾਨ ਸਭਾ ਚੋਣਾਂ ਹੋਈਆਂ। ਇੱਥੇ ਨਵੀਨ ਪਟਨਾਇਕ ਲਈ ਅਸਲ ਪਰੀਖਿਆ ਸੀ। ਬੀਜੂ ਜਨਤਾ ਦਲ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜ ਰਹੀ ਸੀ ਅਜਿਹੇ ਵਿਚ ਇਕੱਲੇ ਚੋਣਾਂ ਲੜਨਾ ਨਵੀਨ ਲਈ ਖਤਰੇ ਤੋਂ ਖਾਲੀ ਨਹੀਂ ਸੀ। ਨਵੀਨ ਪਟਨਾਇਕ ਨੇ ਵਿਧਾਨ ਸਭਾ ਚੋਣਾਂ ਲਈ ਵੀ ਭਾਰਤੀ ਜਨਤਾ ਪਾਰਟੀ ਦੇ ਨਾਲ ਗਠ-ਜੋੜ ਕੀਤਾ। ਸੰਨ 2000 ਦੀਆਂ ਵਿਧਾਨ ਸਭਾ ਚੋਣਾਂ ਵਿਚ 147 ਸੀਟਾਂ ਵਿਚੋਂ ਬੀਜੂ ਜਨਤਾ ਦਲ ਨੇ 68 ਸੀਟਾਂ ਜਿੱਤੀਆਂ ਅਤੇ ਨਵੀਨ ਪਟਨਾਇਕ ਓਡੀਸ਼ਾ ਦੇ ਮੁੱਖਮੰਤਰੀ ਬਣੇ ਸੰਨ 2004 ਵਿਚ ਵੀ ਬੀਜੂ ਜਨਤਾ ਦਲ ਅਤੇ ਭਾਜਪਾ ਵਿਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਲਈ ਗਠ-ਜੋੜ ਹੋਇਆ।

ਇੱਕ ਵਾਰ ਫਿਰ ਗਠ-ਜੋੜ ਨੂੰ ਬਹੁਮਤ ਮਿਲਿਆ ਅਤੇ ਨਵੀਨ ਮੁੱਖਮੰਤਰੀ ਬਣੇ। ਇਸ ਚੋਣ ਵਿਚ ਬੀਜੂ ਜਲਤਾ ਦਲ ਨੂੰ 61 ਵਿਧਾਨਸਭਾ ਸੀਟਾਂ ਮਿਲੀਆਂ, ਜਦੋਂ ਕਿ ਬੀਜੇਪੀ ਦੇ ਖਾਤੇ ਵਿਚ 32 ਸੀਟਾਂ ਗਈਆਂ। ਲੋਕ ਸਭਾ ਸੀਟਾਂ ਦੀ ਗੱਲ ਕਰੀਏ ਤਾਂ 21 ਵਿਚੋਂ 11 ਸੀਟਾਂ ਉੱਤੇ ਬੀਜੂ ਜਨਤਾ ਦਲ ਨੇ ਕਬਜ਼ਾ ਜਮਾਇਆ, ਜਦੋਂ ਕਿ ਸੱਤ ਸੀਟਾਂ ਬੀਜੇਪੀ ਨੂੰ ਮਿਲੀਆਂ। ਮੌਜੂਦਾ ਚੋਣਾਂ ਵਿਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਐਨਡੀਏ ਆਪਣੇ ਦਮ ਤੇ ਸਰਕਾਰ ਬਣਾ ਸਕੇਗੀ ਕਿ ਨਹੀਂ? ਐਗਜ਼ਿਟ ਪੋਲ ਵਿਚ ਐਨਡੀਏ ਨੂੰ ਬਹੁਮਤ ਮਿਲਿਆ ਪਰ ਐਗਜ਼ਿਟ ਪੋਲ ਗਲਤ ਵੀ ਹੋ ਸਕਦੇ ਹਨ।

ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇ ਐਨਡੀਏ ਨੂੰ ਬਹੁਮਤ ਨਹੀਂ ਮਿਲਿਆ ਤਾਂ ਬੀਜੂ ਜਨਤਾ ਦਲ ਐਨਡੀਏ ਦਾ ਸਾਥ ਦੇਵੇਗੀ ਜਾਂ ਨਹੀਂ? ਚੋਣਾਂ ਦੇ ਦੌਰਾਨ ਨਵੀਨ ਦੇ ਨਾਲ ਨਾਲ ਬੀਜੂ ਜਨਤਾ ਦਲ ਦੇ ਕਈ ਵੱਡੇ ਨੇਤਾ ਕਹਿ ਚੁੱਕੇ ਹਨ ਜਿਹੜਾ ਉਡੀਸ਼ਾ ਦੇ ਲਈ ਕੰਮ ਕਰੇਗਾ ਬੀਜੇਡੀ ਉਹਨਾਂ ਦਾ ਹੀ ਸਾਥ ਦੇਵੇਗੀ। ਨਵੀਨ ਪਟਨਾਇਕ ਚਾਹੁੰਦੇ ਹਨ ਕਿ ਉਡੀਸ਼ਾ ਨੂੰ ਵਿਸ਼ੇਸ਼ ਰਾਜ ਦਾ ਦਰਜਾ ਮਿਲੇ ਤਾਂ ਸਵਾਲ ਇਹ ਹੈ ਕਿ ਜੇ ਨਰਿੰਦਰ ਮੋਦੀ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦਾ ਵਾਅਦਾ ਕਰਦੇ ਹਨ ਤਾਂ ਨਵੀਨ ਐਨਡੀਏ ਦਾ ਸਾਥ ਦੇਣਗੇ?

ਇਸ ਵਾਰ ਉਡੀਸ਼ਾ ਵਿਚ ਬੀਜੂ ਜਨਤਾ ਦਲ ਦਾ ਮੁਕਾਬਲਾ ਕਾਂਗਰਸ ਦੇ ਖਿਲਾਫ਼ ਨਹੀਂ ਬਲਕਿ ਭਾਜਪਾ ਦੇ ਖਿਲਾਫ ਹੈ। ਸਾਲ 2017 ਵਿਚ ਹੋਈਆਂ ਪੰਚਾਇਤ ਚੋਣਾਂ ਵਿਚ ਭਾਜਪਾ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਅਤੇ ਸੀਟਾਂ ਜਿੱਤਣ ਦੇ ਮੁਕਾਬਲੇ ਵਿਚ ਦੂਜੇ ਸਥਾਨ ਤੇ ਰਹੀ। ਕਾਂਗਰਸ ਤੀਜੇ ਸਥਾਨ ਤੇ ਸੀ। ਹੁਣ ਸਵਾਲ ਇਹ ਉੱਠਦਾ ਹੈ ਜੇ ਨਵੀਨ ਦੀ ਸਰਕਾਰ ਬਣਦੀ ਹੈ ਤਾਂ ਭਾਜਪਾ ਉਡੀਸ਼ਾ ਵਿਧਾਨ ਸਭਾ ਦੇ ਹੱਕ ਵਿਚ ਬੈਠਦੀ ਹੈ ਤਾਂ ਫਿਰ ਵੀ ਨਵੀਨ ਕੇਂਦਰ ਵਿਚ ਐਨਡੀਏ ਦਾ ਸਾਥ ਦੇਣਗੇ? ਹੁਣ ਜੇ ਬੀਜੂ ਜਨਤਾ ਦਲ ਨੂੰ ਬਹੁਮਤ ਨਾ ਮਿਲਿਆ ਤਾਂ ਫਿਰ ਕੀ ਹੋਵੇਗਾ।

ਅਜਿਹੇ ਵਿਚ ਇਹ ਵੀ ਹੋ ਸਕਦਾ ਹੈ ਕਿ ਬੀਜੇਪੀ ਨੂੰ ਸੱਤਾ ਤੋਂ ਦੂਰ ਰੱਖਣ ਲਈ ਕਾਂਗਰਸ ਬੀਜੂ ਜਨਤਾ ਦਲ ਨੂੰ ਬਾਹਰ ਤੋਂ ਸਮਰਥਨ ਦੇ ਦੇਵੇ ਅਜਿਹੇ ਵਿਚ ਕਾਂਗਰਸ ਇਹ ਨਹੀਂ ਚਾਹੁੰਦੀ ਕਿ ਬੀਜੂ ਜਨਤਾ ਦਲ ਐਨਡੀਏ ਨੂੰ ਸਮਰਥਨ ਦੇਵੇ। ਦੂਜੀ ਗੱਲ ਇਹ ਵੀ ਹੈ ਕਿ ਜੈ ਪਾਂਡਾ ਅਤੇ ਵਿਜੈ ਮਹਾਪਾਤਰ ਵਰਗੇ ਬੀਜੇਪੀ ਆਗੂਆਂ ਦੇ ਨਾਲ ਨਵੀਨ ਦੇ ਰਿਸ਼ਤੇ ਬਹੁਤ ਖ਼ਰਾਬ ਹੋ ਚੁੱਕੇ ਹਨ।

ਜਦੋਂ ਤੱਕ ਇਹ ਦੋਨੇ ਆਗੂ ਬੀਜੇਪੀ ਵਿਚ ਰਹਿਣਗੇ ਨਵੀਨ ਨੂੰ ਸਮਝਾਉਣ ਵਿਚ ਥੋੜ੍ਹੀ ਮੁਸ਼ਕਿਲ ਹੋਵੇਗੀ। ਇਸ ਵਾਰ ਪਾਂਡਾ ਨੇ ਨਵੀਨ ਉੱਤੇ ਜਮਕੇ ਵਾਰ ਕੀਤਾ। ਬੀਜੇਡੀ ਦੇ ਕਈ ਨੇਤਾ ਇਸ ਵਾਰ ਚੋਣਾਂ ਤੋਂ ਪਹਿਲਾਂ ਬੀਜੇਪੀ ਵਿਚ ਚਲੇ ਗਏ ਸਨ। ਇਸ ਤੋਂ ਨਵੀਨ ਖੁਸ਼ ਨਹੀਂ ਹਨ ਪਰ ਇਹ ਵੀ ਧਿਆਨ ਵਿਚ ਰੱਖਣਾ ਪਵੇਗਾ ਕਿ ਆਪਣੇ ਫਾਇਦੇ ਲਈ ਨਵੀਨ ਕੁੱਝ ਵੀ ਕਰ ਸਕਦੇ ਹਨ।