ਪਛਮੀ ਬੰਗਾਲ 'ਚ ਪਿਛਲੇ 100 ਸਾਲਾਂ ਦਾ ਸੱਭ ਤੋਂ ਭਿਆਨਕ ਤੂਫ਼ਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੋ ਜ਼ਿਲ੍ਹੇ ਪੂਰੀ ਤਰ੍ਹਾਂ ਤਬਾਹ, ਬਿਜਲੀ ਅਤੇ ਸੰਚਾਰ ਨੈੱਟਵਰਕ ਠੱਪ, 72 ਬੰਦੇ ਮਰੇ

File Photo

ਕੋਲਕਾਤਾ/ਭੁਵਨੇਸ਼ਵਰ, 21 ਮਈ: ਪਛਮੀ ਬੰਗਾਲ 'ਚ ਭਿਆਨਕ ਚੱਕਰਵਾਤ 'ਅੰਫ਼ਾਨ' ਨਾਲ 72 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਜ਼ਿਲ੍ਹਿਆਂ 'ਚ ਭਾਰੀ ਤਬਾਹੀ ਹੋਈ ਹੈ। ਤੂਫ਼ਾਨ ਨਾਲ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ, ਕਈ ਪੁਲ ਟੁੱਟ ਗਏ ਅਤੇ ਹੇਠਲੇ ਇਲਾਕਿਆਂ 'ਚ ਪਾਣੀ ਭਰ ਗਿਆ ਹੈ। ਕੋਲਕਾਤਾ ਅਤੇ ਸੂਬੇ ਦੇ ਕਈ ਹੋਰ ਹਿੱਸਿਆਂ 'ਚ ਤਬਾਹੀ ਦੇ ਨਿਸ਼ਾਨ ਸਪੱਸ਼ਟ ਵੇਖੇ ਜਾ ਸਕਦੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਚੱਕਰਵਾਤ ਤੋਂ ਪ੍ਰਭਾਵਤ ਲੋਕਾਂ ਦੀ ਮਦਦ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਪਛਮੀ ਬੰਗਾਲ 'ਚ ਸੌ ਸਾਲਾਂ ਦੇ ਸੱਭ ਤੋਂ ਭਿਆਨਕ ਚੱਕਰਵਾਤੀ ਤੂਫ਼ਾਨ ਨੇ ਮਿੱਟੀ ਦੇ ਘਰਾਂ ਨੂੰ ਤਾਫ਼ ਦੇ ਪੱਤਿਆਂ ਵਾਂਗ ਉੜਾ ਦਿਤਾ, ਫ਼ਸਲਾਂ ਨੂੰ ਨਸ਼ਟ ਕਰ ਦਿਤਾ ਹੈ ਅਤੇ ਦਰੱਖ਼ਤਾਂ ਅਤੇ ਬਿਜਲੀ ਦੇ ਖੰਭਿਆਂ ਨੂੰ ਵੀ ਉਖਾੜ ਸੁੱਟਿਆ।

ਇਸ ਨੇ ਉੜੀਸਾ 'ਚ ਵੀ ਭਾਰੀ ਤਬਾਹੀ ਮਚਾਈ ਹੈ ਜਿੱਥੇ ਸਮੁੰਦਰੀ ਕੰਢੇ ਸਥਿਤ ਜ਼ਿਲ੍ਹਿਆਂ 'ਚ ਬਿਜਲੀ ਅਤੇ ਦੂਰਸੰਚਾਰ ਨਾਲ ਜੁੜਿਆ ਮੁਢਲਾ ਢਾਂਚਾ ਨਸ਼ਟ ਹੋ ਗਿਆ ਹੈ। ਉੜੀਸਾ ਦੇ ਅਧਿਕਾਰੀਆਂ ਅਨੁਸਾਰ, ਚੱਕਰਵਾਤ ਨਾਲ ਲਗਭਗ 44.8 ਲੱਖ ਲੋਕ ਪ੍ਰਭਾਵਤ ਹੋਏ ਹਨ। ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਕਰਨ ਮਗਰੋਂ ਪੱਤਰਕਾਰਾਂ ਨੂੰ ਕਿਹਾ, ''ਹੁਣ ਤਕ ਸਾਨੂੰ ਮਿਲੀਆਂ ਖ਼ਬਰਾਂ ਅਨੁਸਾਰ ਚੱਕਰਵਾਤ 'ਅੰਫ਼ਾਨ' ਕਰ ਕੇ 72 ਵਿਅਕਤੀਆਂ ਦੀ ਮੌਤ ਹੋਈ ਹੈ। ਦੋ ਜ਼ਿਲ੍ਹਾ ਉੱਤਰ ਅਤੇ ਦਖਣੀ 24 ਪਰਗਨਾ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ।

ਸਾਨੂੰ ਉਨ੍ਹਾਂ ਜ਼ਿਲ੍ਹਿਆਂ ਦੀ ਮੁੜਉਸਾਰੀ ਕਰਨੀ ਪਵੇਗੀ। ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਾਂਗੀ ਕਿ ਉਹ ਸੂਬੇ ਨੂੰ ਹਰ ਮਦਦ ਮੁਹੱਈਆ ਕਰਵਾਏ।'' ਉਨ੍ਹਾਂ ਕਿਹਾ ਕਿ ਉਹ ਬਹੁਤ ਛੇਤੀ ਪ੍ਰਭਾਵਤ ਇਲਾਕਿਆਂ ਦਾ ਦੌਰਾ ਕਰਨਗੇ। ਉੱਤਰੀ ਅਤੇ ਦਖਣੀ 24 ਪਰਗਨਾ ਜ਼ਿਲ੍ਹਿਆਂ 'ਚ ਕਲ ਸ਼ਾਮ ਤੋਂ ਬਿਜਲੀ ਬੰਦ ਹੈ। ਟੈਲੀਫ਼ੋਨ ਅਤੇ ਮੋਬਾਈਲ ਸੇਵਾਵਾਂ ਵੀ ਠੱਪ ਹਨ। ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪ੍ਰਵਾਰਾਂ ਨੂੰ ਦੋ ਤੋਂ ਢਾਈ ਲੱਖ ਰੁਪਏ ਤਕ ਦਾ ਮੁਆਵਜ਼ਾ ਦੇਣ ਦਾ ਵੀ ਐਲਾਨ ਕੀਤਾ ਹੈ।

ਉੱਤਰੀ ਤੇ ਦਖਣੀ 24 ਪਰਗਨਾ ਅਤੇ ਕੋਲਕਾਤਾ ਤੋਂ ਇਲਾਵਾ ਪੂਰਬੀ ਮਿਦਨਾਪੁਰ ਅਤੇ ਹਾਵੜਾ ਜ਼ਿਲ੍ਹੇ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ ਜਿੱਥੇ ਕਈ ਥਾਵਾਂ 'ਤੇ ਇਮਾਰਤਾਂ ਨਸ਼ਟ ਹੋ ਗਈਆਂ। ਪਛਮੀ ਬੰਗਾਲ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਮ੍ਰਿਤਕਾਂ ਦੀ ਸਹੀ ਗਿਣਤੀ ਦਾ ਪਤਾ ਕਰਨਾ ਜਾਂ ਜਾਇਦਾਦ ਨੂੰ ਹੋਏ ਨੁਕਸਾਨ ਦਾ ਅੰਦਾਜ਼ਾ ਲਾਉਣਾ ਅਜੇ ਸੰਭਵ ਨਹੀਂ ਕਿਉਂਕਿ ਸੱਭ ਤੋਂ ਪ੍ਰਭਾਵਤ ਇਲਾਕਿਆਂ ਤਕ ਪੁਜਣਾ ਅਜੇ ਮੁਸ਼ਕਲ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉੜੀਸਾ ਅਤੇ ਮੁੱਖ ਮੰਤਰੀ ਨਵੀਨ ਪਟਨਾਇਕ ਅਤੇ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਕੇਂਦਰ ਵਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿਤਾ।  

ਮੌਸਮ ਵਿਭਾਗ ਦੀ ਸਹੀ ਜਾਣਕਾਰੀ ਨੇ ਸਾਨੂੰ ਬਚਾ ਲਿਆ : ਉੜੀਸਾ
ਭੁਵਨੇਸ਼ਵਰ, 21 ਮਈ: ਉੜੀਸਾ 'ਚ ਆਏ ਚੱਕਰਵਾਤੀ ਤੂਫ਼ਾਨ 'ਅੰਫ਼ਾਨ' ਤੋਂ ਹੋਈ ਮਾਮੂਲੀ ਤਬਾਹੀ ਤੋਂ ਇਕ ਦਿਨ ਬਾਅਦ ਵੀਰਵਾਰ ਨੂੰ ਸੂਬਾ ਸਰਕਾਰ ਨੇ ਭਾਰਤੀ ਮੌਸਮ ਵਿਭਾਗ ਦੀ ਰੱਜ ਕੇ ਤਾਰੀਫ਼ ਕੀਤੀ। ਸੂਬਾ ਸਰਕਾਰ ਨੇ ਕਿਹਾ ਕਿ ਸਮੇਂ ਦੇ ਨਾਲ ਹੀ ਵਿਭਾਗ ਮੌਸਮ ਨੂੰ ਲੈ ਕੇ ਬਿਹਤਰ ਅੰਦਾਜ਼ਾ ਪ੍ਰਗਟਾਉਣ 'ਚ ਸਮਰੱਥ ਹੁੰਦਾ ਜਾ ਰਿਹਾ ਹੈ। ਸਰਕਾਰ ਨੇ ਸਟੀਕ ਅਨੁਮਾਨ ਲਈ ਵਿਭਾਗ ਦੇ ਮੁਖੀ ਮ੍ਰਿਤਯੁੰਜੈ ਮਾਹਪਾਤਰਾ ਦਾ ਧਨਵਾਦ ਕੀਤਾ। ਜਦਕਿ ਮਹਪਾਤਰਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਚੱਕਰਵਾਤ ਦਾ ਸਹੀ ਅੰਦਾਜ਼ਾ ਲਾਉਣ ਲਈ ਮੌਜੂਦ ਹਰ ਹਾਲੀਆ ਜਾਣਕਾਰੀ ਦਾ ਪ੍ਰਯੋਗ ਕੀਤਾ ਹੈ।