ਬੰਬੇ ਹਾਈ ਕੋਰਟ ਨੇ ਸਮੀਰ ਵਾਨਖੇੜੇ ਨੂੰ ਦਿਤੀ ਅੰਤ੍ਰਿਮ ਰਾਹਤ 8 ਜੂਨ ਤਕ ਵਧਾਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖ਼ਾਨ ਤੋਂ ਕਰੋੜਾਂ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਵਾਨਖੇੜੇ

Bombay High Court extends Sameer Wankhede’s interim protection from arrest till June 8 (file photo)

ਮੁੰਬਈ : ਬੰਬੇ ਹਾਈ ਕੋਰਟ ਨੇ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਤੋਂ 25 ਕਰੋੜ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ੀ ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ.) ਦੇ ਸਾਬਕਾ ਖੇਤਰੀ ਨਿਰਦੇਸ਼ਕ ਸਮੀਰ ਵਾਨਖੇੜੇ ਨੂੰ ਮਿਲੀ ਅੰਤ੍ਰਿਮ ਸੁਰੱਖਿਆ ਵਿਚ ਸੋਮਵਾਰ ਨੂੰ ਵਾਧਾ ਕੀਤਾ ਗਿਆ। ਅੰਤ੍ਰਿਮ ਸੁਰੱਖਿਆ ਨੂੰ ਅੱਠ ਜੂਨ ਤਕ ਵਧਾਇਆ ਗਿਆ ਹੈ।


ਵਾਨਖੇੜੇ 'ਤੇ ਦੋਸ਼ ਹੈ ਕਿ ਉਸ ਨੇ ਸ਼ਾਹਰੁਖ ਦੇ ਬੇਟੇ ਆਰੀਅਨ ਖ਼ਾਨ ਨੂੰ ਕਰੂਜ਼ ਸ਼ਿਪ ਕੋਰਡੇਲੀਆ ਤੋਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਮਾਮਲੇ ਵਿਚ ਫਸਾਉਣ ਲਈ ਅਭਿਨੇਤਾ ਤੋਂ ਰਿਸ਼ਵਤ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ, ਅਦਾਲਤ ਨੇ ਸ਼ੁਕਰਵਾਰ ਨੂੰ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੂੰ 22 ਮਈ ਤਕ ਵਾਨਖੇੜੇ ਵਿਰੁਧ ਗ੍ਰਿਫ਼ਤਾਰੀ ਵਰਗੀ ਕੋਈ ਜ਼ਬਰਦਸਤੀ ਕਾਰਵਾਈ ਨਾ ਕਰਨ ਦਾ ਨਿਰਦੇਸ਼ ਦਿਤਾ ਸੀ।

ਜਸਟਿਸ ਅਭੈ ਆਹੂਜਾ ਅਤੇ ਜਸਟਿਸ ਐ.ਮਐਮ. ਸਥਾਏ ਦੀ ਛੁੱਟੀ ਵਾਲੇ ਬੈਂਚ ਨੇ ਸੋਮਵਾਰ ਨੂੰ ਵਾਨਖੇੜੇ ਨੂੰ ਗ੍ਰਿਫ਼ਤਾਰੀ ਵਰਗੀ ਜ਼ਬਰਦਸਤੀ ਕਾਰਵਾਈ ਤੋਂ ਮਿਲੀ ਅੰਤ੍ਰਿਮ ਰਾਹਤ ਨੂੰ 8 ਜੂਨ ਤਕ ਵਧਾ ਦਿਤਾ। ਬੈਂਚ ਨੇ ਵਾਨਖੇੜੇ ਦੀ ਉਸ ਪਟੀਸ਼ਨ ਦੀ ਸੁਣਵਾਈ ਦੌਰਾਨ ਇਹ ਰਾਹਤ ਦਿਤੀ, ਜਿਸ ਵਿਚ ਉਸ ਵਿਰੁਧ ਦਰਜ ਸੀ.ਬੀ.ਆਈ. ਐਫ਼.ਆਈ.ਆਰ. ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ। ਬੈਂਚ ਨੇ ਵਾਨਖੇੜੇ ਨੂੰ ਇਹ ਵੀ ਨਿਰਦੇਸ਼ ਦਿਤਾ ਕਿ ਉਹ ਇਸ ਮਾਮਲੇ ਬਾਰੇ ਮੀਡੀਆ ਨਾਲ ਗੱਲ ਨਹੀਂ ਕਰੇਗਾ, ਜਦੋਂ ਵੀ ਬੁਲਾਏਗਾ ਸੀ.ਬੀ.ਆਈ. ਸਾਹਮਣੇ ਪੇਸ਼ ਹੋਵੇਗਾ ਅਤੇ ਸਬੂਤਾਂ ਨਾਲ ਛੇੜਛਾੜ ਨਹੀਂ ਕਰੇਗਾ।

ਇਹ ਵੀ ਪੜ੍ਹੋ: ਦਿਹਾਤੀ ਮਜ਼ਦੂਰ ਸਭਾ ਨੇ ਲਗਾਇਆ ਥਾਣੇ ਅੱਗੇ ਧਰਨਾ, ਜਾਣੋ ਕਾਰਨ

ਭਾਰਤੀ ਮਾਲੀਆ ਸੇਵਾ (IRS) ਅਧਿਕਾਰੀ ਵਾਨਖੇੜੇ ਨੂੰ 2021 ਵਿਚ ਐਨ.ਸੀ.ਬੀ. ਵਿਚ ਤਾਇਨਾਤ ਕੀਤਾ ਗਿਆ ਸੀ। ਸੀ.ਬੀ.ਆਈ. ਨੇ ਹਾਲ ਹੀ ਵਿਚ ਆਰੀਅਨ ਖ਼ਾਨ ਨੂੰ ਫਸਾਉਣ ਲਈ 25 ਕਰੋੜ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਵਿਚ ਵਾਨਖੇੜੇ ਵਿਰੁਧ ਐਫ਼.ਆਈ.ਆਰ. ਦਰਜ ਕੀਤੀ ਸੀ। ਸੀ.ਬੀ.ਆਈ. ਨੇ ਹਾਲ ਹੀ ਵਿਚ ਐਨ.ਸੀ.ਬੀ. ਦੀ ਸ਼ਿਕਾਇਤ 'ਤੇ ਵਾਨਖੇੜੇ ਅਤੇ ਚਾਰ ਹੋਰਾਂ ਵਿਰੁਧ ਸਾਜ਼ਸ਼ ਅਤੇ ਰਿਸ਼ਵਤਖੋਰੀ ਨਾਲ ਸਬੰਧਤ ਅਪਰਾਧਾਂ ਤੋਂ ਇਲਾਵਾ ਜ਼ਬਰਦਸਤੀ ਦੇ ਦੋਸ਼ਾਂ ਤਹਿਤ ਐਫ਼.ਆਈ.ਆਰ. ਦਰਜ ਕੀਤੀ ਸੀ।

ਆਰੀਅਨ ਨੂੰ 3 ਅਕਤੂਬਰ, 2021 ਨੂੰ ਕੋਰਡੇਲੀਆ ਕਰੂਜ਼ ਜਹਾਜ਼ 'ਤੇ ਛਾਪੇਮਾਰੀ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ, ਆਰੀਅਨ ਨੂੰ ਤਿੰਨ ਹਫ਼ਤਿਆਂ ਬਾਅਦ ਬੰਬੇ ਹਾਈ ਕੋਰਟ ਦੁਆਰਾ ਜ਼ਮਾਨਤ ਦੇ ਦਿਤੀ ਗਈ ਸੀ ਕਿਉਂਕਿ ਐਂਟੀ-ਨਰੋਕੋਟਿਕਸ ਏਜੰਸੀ ਉਸ ਦੇ ਵਿਰੁੱਧ ਦੋਸ਼ਾਂ ਨੂੰ ਸਾਬਤ ਕਰਨ ਲਈ ਲੋੜੀਂਦੇ ਸਬੂਤ ਪੇਸ਼ ਕਰਨ ਵਿਚ ਅਸਫ਼ਲ ਰਹੀ ਸੀ।

ਜਾਂਚ ਏਜੰਸੀ ਨੇ ਦੋਸ਼ ਲਗਾਇਆ ਸੀ ਕਿ ਐਨ.ਸੀ.ਬੀ., ਮੁੰਬਈ ਜ਼ੋਨ ਨੂੰ ਅਕਤੂਬਰ 2021 ਵਿਚ ਕਰੂਜ਼ ਜਹਾਜ਼ ਵਿਚ ਕੁੱਝ ਲੋਕਾਂ ਵਲੋਂ ਨਸ਼ੀਲੇ ਪਦਾਰਥ ਰੱਖਣ ਅਤੇ ਸੇਵਨ ਕਰਨ ਬਾਰੇ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਸ ਦੇ ਕੁੱਝ ਅਧਿਕਾਰੀਆਂ ਨੇ ਮੁਲਜ਼ਮਾਂ ਨੂੰ ਰਿਸ਼ਵਤ ਬਦਲੇ ਛੱਡਣ ਦੀ ਸਾਜ਼ਸ਼ ਰਚੀ ਸੀ।