ਘਾਟੀ ਦੇ ਅਨੰਤਨਾਗ 'ਚ 4 ਅਤਿਵਾਦੀ ਢੇਰ, ਆਈਐਸਜੇਕੇ ਨਾਲ ਜੁੜੇ ਹੋਣ ਦਾ ਸ਼ੱਕ
ਜੰਮੂ ਅਤੇ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਸ਼ੁਕਰਵਾਰ ਨੂੰ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਕਾਰ ਮੁਠਭੇੜ ਹੋਈ...
ਸ੍ਰੀਨਗਰ : ਜੰਮੂ ਅਤੇ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਸ਼ੁਕਰਵਾਰ ਨੂੰ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਕਾਰ ਮੁਠਭੇੜ ਹੋਈ। ਇਸ ਮੁਠਭੇੜ ਵਿਚ ਸੁਰੱਖਿਆ ਬਲਾਂ ਨੇ 4 ਅਤਿਵਾਦੀਆਂ ਨੂੰ ਮਾਰ ਸੁੱਟਿਆ ਹੈ। ਹਾਲਾਂਕਿ ਇਸ ਮੁਠਭੇੜ ਵਿਚ ਇਕ ਪੁਲਿਸ ਕਰਮਚਾਰੀ ਦੇ ਸ਼ਹੀਦ ਹੋਣ ਦੀ ਵੀ ਖ਼ਬਰ ਹੈ। ਦਸ ਦਈਏ ਕਿ ਸੁਰੱਖਿਆ ਬਲਾਂ ਨੂੰ ਦੋ-ਤਿੰਨ ਅਤਿਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਮਿਲੀ ਸੀ। ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਸ਼ੁਕਰਵਾਰ ਸਵੇਰੇ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ
ਵਿਚਕਾਰ ਮੁਠਭੇੜ ਵਿਚ ਕਥਿਤ ਤੌਰ 'ਤੇ ਇਸਲਾਮਕ ਸਟੇਟ ਜੰਮੂ ਤੇ ਕਸ਼ਮੀਰ (ਆਈਐਸਜੇਕੇ) ਨਾਲ ਜੁੜੇ 4 ਅਤਿਵਾਦੀ ਢੇਰ ਹੋ ਗਏ ਜਦਕਿ ਇਕ ਜਵਾਨ ਸ਼ਹੀਦ ਹੋ ਗਿਆ। ਇਸ ਵਿਚ ਕਈ ਆਮ ਨਾਗਰਿਕ ਵੀ ਜ਼ਖ਼ਮੀ ਹੋ ਗਏ।ਪੁਲਿਸ ਮੁਖੀ ਐਸ ਪੀ ਵੈਦ ਨੇ ਟਵਿੱਟਰ 'ਤੇ ਲਿਖਿਆ ''ਖਿਰਮ ਸ੍ਰੀਗੁਫ਼ਵਾਰਾ ਖੇਤਰ ਵਿਚ ਮੁਠਭੇੜ ਜਾਰੀ ਹੈ, ਦੋ ਅਤਿਵਾਦੀ ਢੇਰ ਹੋ ਚੁੱਕੇ ਹਨ ਅਤੇ ਗੋਲੀਬਾਰੀ ਅਜੇ ਵੀ ਜਾਰੀ ਹੈ। ਬਦਕਿਸਮਤੀ ਨਾਲ ਅਸੀਂ ਜੰਮੂ-ਕਸ਼ਮੀਰ ਪੁਲਿਸ ਦੇ ਇਕ ਸਾਥੀ ਨੂੰ ਇਸ ਵਿਚ ਖੋ ਦਿਤਾ।''
ਇਕ ਹੋਰ ਟਵੀਟ ਵਿਚ ਡੀਜੀਪੀ ਨੇ ਦਸਿਆ ਕਿ ਮਾਰੇ ਗਏ ਅਤਿਵਾਦੀ ਕਥਿਤ ਤੌਰ 'ਤੇ ਆਈਐਸਜੇਕੇ ਨਾਲ ਜੁੜੇ ਸਨ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਇਲਾਕੇ ਵਿਚ ਅਤਿਵਾਦੀਆਂ ਦੇ ਮੌਜੂਦ ਹੋਣ ਦੀ ਵਿਸ਼ੇਸ਼ ਖ਼ੁਫ਼ੀਆ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ ਦੇ ਇਸ ਜ਼ਿਲ੍ਹੇ ਵਿਚ ਸ੍ਰੀਗੁਫ਼ਵਾਰਾ ਖੇਤਰ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਉਨ੍ਹਾਂ ਦਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਅਤਿਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। ਜਵਾਬ ਵਿਚ ਜਵਾਨਾਂ ਨੇ ਵੀ ਗੋਲੀਬਾਰੀ ਕੀਤੀ।
ਅਧਿਕਾਰੀ ਨੇ ਦਸਿਆ ਕਿ ਆਖ਼ਰੀ ਖ਼ਬਰ ਮਿਲਣ ਤਕ ਗੋਲੀਬਾਰੀ ਜਾਰੀ ਸੀ। ਉਨ੍ਹਾਂ ਦਸਿਆ ਕਿ ਮੁਠਭੇੜ ਸਥਾਨ ਦੇ ਨੇੜੇ ਨੌਜਵਾਨਾਂ ਨੇ ਸੁਰੱਖਿਆ ਬਲਾਂ 'ਤੇ ਪਥਰਾਅ ਕਰਨਾ ਸ਼ੁਰੂ ਕਰ ਦਿਤਾ, ਜਿਸ ਤੋਂ ਬਾਅਦ ਝੜਪਾਂ ਸ਼ੁਰੂ ਹੋ ਗਈਆਂ। ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ 'ਤੇ ਬਲ ਦੀ ਵਰਤੋਂ ਕੀਤੀ, ਜਿਸ ਵਿਚ ਇਕ ਪੁਲਿਸ ਕਰਮਚਾਰੀ ਸਮੇਤ ਕਈ ਆਮ ਨਾਗਰਿਕ ਜ਼ਖ਼ਮੀ ਹੋ ਗਏ। ਜੰਮੂ-ਕਸ਼ਮੀਰ ਵਿਚ ਪੱਥਰਬਾਜ਼ੀ ਦੇ 'ਯੂਪੀ ਕਨੈਕਸ਼ਨ' ਦਾ ਸ਼ੱਕ ਸਾਹਮਣੇ ਆਇਆ ਹੈ। ਰੋਜ਼ਗਾਰ ਲਈ ਪੁਲਵਾਮਾ ਗਏ
ਬਾਗ਼ਪਤ ਅਤੇ ਸਹਾਰਨਪੁਰ ਜ਼ਿਲ੍ਹੇ ਦੇ ਕੁੱਝ ਨੌਜਵਾਨਾਂ ਨੇ ਉਨ੍ਹਾਂ ਨੂੰ ਪੱਥਰਬਾਜ਼ੀ ਵਿਚ ਸ਼ਾਮਲ ਹੋਣ ਲਈ ਕਹੇ ਜਾਣ ਦਾ ਦੋਸ਼ ਲਗਾਇਆ ਹੈ। ਉਤਰ ਪ੍ਰਦੇਸ਼ ਦੇ ਪੁਲਿਸ ਮੁਖੀ ਓਪੀ ਸਿੰਘ ਨੇ ਦਸਿਆ ਕਿ ਸਹਾਰਾਨਪੁਰ ਅਤੇ ਬਾਗ਼ਪਤ ਜ਼ਿਲ੍ਹਿਆਂ ਦੇ ਰਹਿਣ ਵਾਲੇ ਲੜਕੇ ਸਿਲਾਈ ਦਾ ਕੰਮ ਕਰਨ ਦੇ ਲਈ ਪੁਲਵਾਮਾ ਗਏ ਸਨ। ਉਨ੍ਹਾਂ ਨੂੰ ਉਥੇ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ 'ਤੇ ਕੰਮ ਕਰਨ ਲਈ ਰਖਿਆ ਗਿਆ ਸੀ ਪਰ ਉਨ੍ਹਾਂ ਦਾ ਦੋਸ਼ ਹੈ ਕਿ ਉਨ੍ਹਾਂ ਤੋਂ ਪੱਥਰਬਾਜ਼ੀ ਦਾ ਕੰਮ ਵੀ ਲਿਆ ਜਾਂਦਾ ਸੀ।
ਦਸ ਦਈਏ ਕਿ ਕੇਂਦਰ ਸਰਕਾਰ ਨੇ ਹੁਣ ਘਾਟੀ ਵਿਚ ਅਤਿਵਾਦੀਆਂ ਦੇ ਸਫ਼ਾਏ ਲਈ ਵਿਸ਼ੇਸ਼ ਅਪਰੇਸ਼ਨ ਚਲਾਉਣ ਦਾ ਐਲਾਨ ਕੀਤਾ ਹੈ, ਜਿਸ ਦੇ ਲਈ ਘਾਟੀ ਵਿਚ ਐਨਐਸਜੀ ਦੀ ਟੀਮ ਨੂੰ ਵੀ ਤਾਇਨਾਤ ਕੀਤਾ ਗਿਆ ਹੈ ਜੋ ਬੀਐਸਐਫ ਨਾਲ ਮਿਲ ਕੇ ਘਾਟੀ ਵਿਚੋਂ ਅਤਿਵਾਦੀਆਂ ਦੇ ਸਫ਼ਾਏ ਲਈ ਚਲਾਏ ਗਏ ਵੱਡੇ ਅਪਰੇਸ਼ਨ ਵਿਚ ਸਾਥ ਦੇਵੇਗੀ। ਕੇਂਦਰ ਨੇ ਇਹ ਫ਼ੈਸਲਾ ਰਜ਼ਮਾਨ ਵਿਚ ਗੋਲੀਬੰਦੀ ਦੇ ਬਾਵਜੂਦ ਅਤਿਵਾਦੀਆਂ ਵਲੋਂ ਘਟਨਾਵਾਂ ਨੂੰ ਅੰਜ਼ਾਮ ਦੇਣ ਤੋਂ ਬਾਅਦ ਕੀਤਾ ਹੈ।