ਮੁਜ਼ੱਫ਼ਰਪੁਰ ਵਿਚ ਹਸਪਤਾਲ ਪਿੱਛੇ ਮਿਲੇ ਮਨੁੱਖੀ ਪਿੰਜਰ
ਬਿਹਾਰ ਦੇ ਮੁਜ਼ੱਫ਼ਰਪੁਰ ਸਥਿਤ ਸ੍ਰੀ ਕ੍ਰਿਸ਼ਨ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਮਨੁੱਖੀ ਪਿੰਜਰ ਦੇ ਅੰਸ਼ ਮਿਲੇ ਹਨ।
ਪਟਨਾ: ਬਿਹਾਰ ਦੇ ਮੁਜ਼ੱਫ਼ਰਪੁਰ ਸਥਿਤ ਸ੍ਰੀ ਕ੍ਰਿਸ਼ਨ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਮਨੁੱਖੀ ਪਿੰਜਰ ਦੇ ਅੰਸ਼ ਮਿਲੇ ਹਨ। ਜ਼ਿਕਰਯੋਗ ਹੈ ਕਿ ਇਸੇ ਹਸਪਤਾਲ ਵਿਚ ਐਕਿਉਟ ਇਸੇਫ਼ਲਾਇਟਸ ਸਿੰਡਰੋਮ ਨਾਲ ਨਾਲ ਹੁਣ ਤੱਕ ਸਭ ਤੋਂ ਜ਼ਿਆਦਾ 108 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਦੱਸ ਦਈਏ ਕਿ ਦਿਮਾਗੀ ਬੁਖ਼ਾਰ ਨਾਲ ਬਿਹਾਰ ਵਿਚ ਹੁਣ ਤੱਕ ਕਰੀਬ 140 ਬੱਚਿਆਂ ਦੀ ਮੌਤ ਹੋ ਚੁੱਕੀ ਹੈ।
ਇਕ ਖ਼ਬਰ ਮੁਤਾਬਕ ਮਨੁੱਖੀ ਸਰੀਰ ਦੇ ਪਿੰਜਰ ਮਿਲਣ ਤੋਂ ਬਾਅਦ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਐਸਕੇ ਸ਼ਾਹੀ ਨੇ ਕਿਹਾ ਕਿ ਪੋਸਟਮਾਰਟ ਵਿਭਾਗ ਪ੍ਰਿੰਸੀਪਲ ਦੇ ਅਧੀਨ ਆਉਂਦਾ ਹੈ। ਇਸ ਸਬੰਧ ਵਿਚ ਉਹ ਪ੍ਰਿੰਸੀਪਲ ਨਾਲ ਗੱਲ ਕਰਨਗੇ ਅਤੇ ਉਹਨਾਂ ਨੂੰ ਜਾਂਚ ਲਈ ਕਮੇਟੀ ਬਣਾਉਣ ਲਈ ਕਹਿਣਗੇ। ਹਸਪਤਾਲ ਦੀ ਜਾਂਚ ਟੀਮ ਨੇ ਪਿੰਜਰ ਮਿਲਣ ਵਾਲੀ ਥਾਂ ਦਾ ਦੌਰਾ ਕੀਤਾ ਹੈ।
ਦੱਸ ਦਈਏ ਕਿ ਮੁਜ਼ੱਫ਼ਰਪੁਰ ਦਾ ਸ੍ਰੀ ਕ੍ਰਿਸ਼ਨ ਮੈਡੀਕਲ ਕਾਲਜ ਅਤੇ ਹਸਪਤਾਲ ਪਿਛਲੇ ਕੁਝ ਦਿਨਾਂ ਤੋਂ ਚਰਚਾ ਵਿਚ ਹੈ। ਹਸਪਤਾਲ ਵਿਚ ਦਿਮਾਗੀ ਬੁਖ਼ਾਰ ਨਾਲ ਸਭ ਤੋਂ ਜ਼ਿਆਦਾ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਮਰੀਜ਼ਾਂ ਲਈ ਬਿਸਤਰੇ ਅਤੇ ਡਾਕਟਰਾਂ ਦੀ ਕਮੀ ਕਾਰਨ ਵੀ ਇਹ ਹਸਪਤਾਲ ਸਵਾਲਾਂ ਦੇ ਘੇਰੇ ਵਿਚ ਰਿਹਾ ਹੈ। ਇਸ ਦੇ ਨਾਲ ਹੀ ਮਨੁੱਖੀ ਪਿੰਜਰਾਂ ਦਾ ਮਿਲਣਾ ਵੀ ਹਸਪਤਾਲ ਲਈ ਇਕ ਹੋਰ ਪਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ।