ਅਪਣੀ ਹੀ ਸਰਕਾਰ ‘ਤੇ ਭੜਕੇ ਭਾਜਪਾ ਵਿਧਾਇਕ, ਕਿਹਾ- ‘ਇੰਨਾ ਭ੍ਰਿਸ਼ਟਾਚਾਰ ਕਦੇ ਨਹੀਂ ਦੇਖਿਆ’
ਉੱਤਰ ਪ੍ਰਦੇਸ਼ ਦੇ ਗੋਪਾਮਊ ਵਿਧਾਨ ਸਭਾ ਖੇਤਰ ਤੋਂ ਭਾਜਪਾ ਵਿਧਾਇਕ ਸ਼ਿਆਮ ਪ੍ਰਕਾਸ਼ ਨੇ ਇਕ ਵਾਰ ਫਿਰ ਭ੍ਰਿਸ਼ਟਾਚਾਰ ਖਿਲਾਫ ਹਮਲਾ ਬੋਲਿਆ ਹੈ।
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਗੋਪਾਮਊ ਵਿਧਾਨ ਸਭਾ ਖੇਤਰ ਤੋਂ ਭਾਜਪਾ ਵਿਧਾਇਕ ਸ਼ਿਆਮ ਪ੍ਰਕਾਸ਼ ਨੇ ਇਕ ਵਾਰ ਫਿਰ ਭ੍ਰਿਸ਼ਟਾਚਾਰ ਖਿਲਾਫ ਹਮਲਾ ਬੋਲਿਆ ਹੈ। ਇਸ ਵਾਰ ਉਹਨਾਂ ਨੇ ਫੇਸਬੁੱਕ ਪੋਸਟ ਦੇ ਜ਼ਰੀਏ ਅਪਣੀ ਹੀ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕੀਤਾ ਹੈ।
ਵਿਧਾਇਕ ਨੇ ਮੰਗਲਵਾਰ ਨੂੰ ਅਪਣੇ ਫੇਸਬੁੱਕ ਅਕਾਊਂਟ ‘ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ, ‘ਮੈਂ ਅਪਣੇ ਸਿਆਸੀ ਜੀਵਨ ਵਿਚ ਇੰਨਾ ਭ੍ਰਿਸ਼ਟਾਚਾਰ ਕਦੀ ਨਹੀਂ ਦੇਖਿਆ ਹੈ, ਜਿਨ੍ਹਾਂ ਇਸ ਸਮੇਂ ਦੇਖ ਅਤੇ ਸੁਣ ਰਿਹਾ ਹਾਂ। ਜਿਸ ਨੂੰ ਸ਼ਿਕਾਇਤ ਕਰੋ ਉਹ ਖੁਦ ਵਸੂਲੀ ਕਰ ਲੈਂਦਾ ਹੈ’।
ਭਾਜਪਾ ਵਿਧਾਇਕ ਦੀ ਇਹ ਪੋਸਟ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵੱਡੀ ਗਿਣਤੀ ਵਿਚ ਲੋਕ ਭਾਜਪਾ ਵਿਧਾਇਕ ਦੇ ਸਮਰਥਨ ਵਿਚ ਉਤਰ ਆਏ ਹਨ। ਹਾਲਾਂਕਿ ਉਹਨਾਂ ਨੇ ਬਾਅਦ ਵਿਚ ਇਹ ਪੋਸਟ ਡਿਲੀਟ ਕਰ ਦਿੱਤੀ ਪਰ ਇਸ ਦੇ ਬਾਵਜੂਦ ਵੀ ਸੋਸ਼ਲ ਮੀਡੀਆ ‘ਤੇ ਕਈ ਲੋਕ ਉਹਨਾਂ ਦੇ ਹੱਕ ਵਿਚ ਨਿੱਤਰ ਰਹੇ ਹਨ।
ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਵਿਧਾਇਕ ਸ਼ਿਆਮ ਪ੍ਰਕਾਸ਼ ਨੇ ਅਧਿਕਾਰੀਆਂ ਖਿਲਾਫ ਸੋਸ਼ਲ ਮੀਡੀਆ ‘ਤੇ ਕੁੱਝ ਬੋਲਿਆ ਹੋਵੇ। ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਭ੍ਰਿਸ਼ਟਾਚਾਰ ਖਿਲਾਫ ਅਪਣੀ ਅਵਾਜ਼ ਉਠਾ ਚੁੱਕੇ ਹਨ। ਉਹਨਾਂ ਨੇ ਫੇਸਬੁੱਕ ਨੂੰ ਅਪਣੀ ਗੱਲ਼ ਰੱਖਣ ਦਾ ਜ਼ਰੀਆ ਬਣਾਇਆ ਹੈ।
ਦੱਸ ਦਈਏ ਕਿ ਵਿਧਾਇਕ ਸ਼ਿਆਮ ਪ੍ਰਖਾਸ਼ ਸਪਾ ਨੂੰ ਛੱਡ ਕੇ ਚੋਣਾਂ ਤੋਂ ਪਹਿਲਾਂ ਭਾਜਪਾ ਵਿਚ ਸ਼ਾਮਲ ਹੋਏ ਸੀ। ਸਪਾ ਵਿਚ ਰਹਿੰਦੇ ਹੋਏ ਵੀ ਉਹਨਾਂ ਨੇ ਕਈ ਵਾਰ ਸਰਕਾਰੀ ਸਿਸਟਮ ਖਿਲਾਫ ਅਵਾਜ਼ ਬੁਲੰਦ ਕੀਤੀ ਹੈ।