ਰਾਹੁਲ ਗਾਂਧੀ ਨੇ ਭਾਰਤੀ ਇਮਤਿਹਾਨ ਪ੍ਰਣਾਲੀ ਨੂੰ ‘ਫ਼ਰਾਡ’ ਕਰਾਰ ਦਿਤਾ, ਸਿੱਖਿਆ ਮੰਤਰੀ ਨੇ ਕੀਤਾ ਪਲਟਵਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੇ 2010 ’ਚ ਪ੍ਰਾਈਵੇਟ ਮੈਡੀਕਲ ਕਾਲਜਾਂ ਦੇ ਦਬਾਅ ਹੇਠ ਸਿੱਖਿਆ ’ਚ ਸੁਧਾਰ ਲਈ ਬਿਲ ਵਾਪਸ ਲੈ ਲਿਆ ਸੀ? : ਸਿੱਖਿਆ ਮੰਤਰੀ

Rahul Gandhi, Dharmendra Pradhan.

ਨਵੀਂ ਦਿੱਲੀ: ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮੈਡੀਕਲ ਦਾਖਲਾ ਇਮਤਿਹਾਨ ‘ਨੀਟ’ ’ਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਸੋਮਵਾਰ ਨੂੰ ਸਰਕਾਰ ’ਤੇ ਹਮਲਾ ਬੋਲਿਆ ਅਤੇ ਦਾਅਵਾ ਕੀਤਾ ਕਿ ਦੇਸ਼ ਦੇ ਕਰੋੜਾਂ ਵਿਦਿਆਰਥੀ ਅਤੇ ਦੇਸ਼ ਵਾਸੀ ਇਸ ਗੱਲ ’ਤੇ ਯਕੀਨ ਕਰ ਚੁਕੇ ਹਨ ਕਿ ਭਾਰਤੀ ਇਮਤਿਹਾਨ ਪ੍ਰਣਾਲੀ ‘ਫ਼ਰਾਡ’ (ਧੋਖੇ ਵਾਲੀ) ਹੈ ਅਤੇ ਜਿਨ੍ਹਾਂ ਕੋਲ ਪੈਸਾ ਹੈ ਉਹ ਪੂਰੀ ਪ੍ਰਣਾਲੀ ਖਰੀਦ ਸਕਦੇ ਹਨ। 

ਇਸ ’ਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਪਲਟਵਾਰ ਕੀਤਾ ਅਤੇ ਸਵਾਲ ਕੀਤਾ ਕਿ ਕੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੇ 2010 ’ਚ ਪ੍ਰਾਈਵੇਟ ਮੈਡੀਕਲ ਕਾਲਜਾਂ ਦੇ ਦਬਾਅ ਹੇਠ ਸਿੱਖਿਆ ’ਚ ਸੁਧਾਰ ਲਈ ਬਿਲ ਵਾਪਸ ਲੈ ਲਿਆ ਸੀ? ਉਨ੍ਹਾਂ ਇਹ ਵੀ ਕਿਹਾ ਕਿ ਇਹ ਮੰਦਭਾਗਾ ਹੈ ਕਿ ਵਿਰੋਧੀ ਧਿਰ ਦੇ ਨੇਤਾ ਨੇ ਪੂਰੀ ਇਮਤਿਹਾਨ ਪ੍ਰਣਾਲੀ ਨੂੰ ‘ਬਕਵਾਸ’ ਕਿਹਾ। 

ਸਦਨ ’ਚ ਪ੍ਰਸ਼ਨ ਕਾਲ ਦੌਰਾਨ ਨੀਟ ਦੇ ਵਿਸ਼ੇ ’ਤੇ ਪੂਰਕ ਸਵਾਲ ਪੁੱਛਦੇ ਹੋਏ ਰਾਹੁਲ ਗਾਂਧੀ ਨੇ ਕਿਹਾ, ‘‘ਇਮਤਿਹਾਨ ਪ੍ਰਣਾਲੀ ’ਚ ਕਈ ਖਾਮੀਆਂ ਹਨ। ਮੰਤਰੀ ਨੇ ਅਪਣੇ ਆਪ ਨੂੰ ਛੱਡ ਕੇ ਹਰ ਕਿਸੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ... ਮੈਨੂੰ ਨਹੀਂ ਲਗਦਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਮੁੱਢਲਾ ਗਿਆਨ ਵੀ ਹੈ ਕਿ ਕੀ ਹੋ ਰਿਹਾ ਹੈ।’’

ਉਨ੍ਹਾਂ ਦਾਅਵਾ ਕੀਤਾ ਕਿ ਅੱਜ ਕਰੋੜਾਂ ਵਿਦਿਆਰਥੀ ਚਿੰਤਤ ਹਨ ਅਤੇ ਉਨ੍ਹਾਂ ਨੂੰ ਯਕੀਨ ਹੋ ਗਿਆ ਹੈ ਕਿ ਭਾਰਤੀ ਇਮਤਿਹਾਨ ਪ੍ਰਣਾਲੀ ‘ਫਰਾਡ’ ਹੈ। ਕਾਂਗਰਸ ਆਗੂ ਨੇ ਕਿਹਾ, ‘‘ਕਰੋੜਾਂ ਲੋਕ ਮੰਨਦੇ ਹਨ ਕਿ ਜੇ ਤੁਹਾਡੇ ਕੋਲ ਪੈਸਾ ਹੈ, ਜੇ ਤੁਸੀਂ ਅਮੀਰ ਹੋ, ਤਾਂ ਤੁਸੀਂ ਭਾਰਤੀ ਇਮਤਿਹਾਨ ਪ੍ਰਣਾਲੀ ਖਰੀਦ ਸਕਦੇ ਹੋ। ਵਿਰੋਧੀ ਧਿਰ ਦੀ ਵੀ ਇਹੋ ਭਾਵਨਾ ਹੈ।’’ ਉਨ੍ਹਾਂ ਕਿਹਾ ਕਿ ਸਰਕਾਰ ਪ੍ਰਣਾਲੀਗਤ ਪੱਧਰ ’ਤੇ ਚੀਜ਼ਾਂ ਨੂੰ ਠੀਕ ਕਰਨ ਲਈ ਕੀ ਕਰ ਰਹੀ ਹੈ? 

ਇਸ ’ਤੇ ਪ੍ਰਧਾਨ ਨੇ ਕਿਹਾ, ‘‘ਮੈਨੂੰ ਕਿਸੇ ਤੋਂ ਬੌਧਿਕਤਾ ਅਤੇ ਸੰਸਕਾਰਾਂ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈ। ਦੇਸ਼ ਦੇ ਲੋਕਤੰਤਰ ਨੇ ਸਾਡੇ ਪ੍ਰਧਾਨ ਮੰਤਰੀ ਨੂੰ ਚੁਣਿਆ ਹੈ, ਮੈਂ ਇੱਥੇ ਉਨ੍ਹਾਂ ਦੇ ਫੈਸਲੇ ਨਾਲ ਜਵਾਬ ਦੇ ਰਿਹਾ ਹਾਂ।’’ ਉਨ੍ਹਾਂ ਕਿਹਾ, ‘‘ਇਹ ਕਿਹਾ ਗਿਆ ਕਿ ਦੇਸ਼ ਦੀ ਭਾਰਤੀ ਇਮਤਿਹਾਨ ਪ੍ਰਣਾਲੀ ਬਕਵਾਸ ਹੈ, ਇਸ ਤੋਂ ਵੱਧ ਮੰਦਭਾਗਾ ਕੁੱਝ ਨਹੀਂ ਹੋ ਸਕਦਾ। ਮੈਂ ਇਸ ਦੀ ਨਿੰਦਾ ਕਰਦਾ ਹਾਂ।’’ 

ਕਾਂਗਰਸ ’ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ, ‘‘ਜਿਨ੍ਹਾਂ ਲੋਕਾਂ ਨੇ ਦੂਰ-ਦੁਰਾਡੇ ਸਰਕਾਰਾਂ ਚਲਾਈਆਂ ਹਨ, ਉਨ੍ਹਾਂ ਦੇ ਸਿੱਖਿਆ ਮੰਤਰੀ 2010 ’ਚ ਤਿੰਨ ਬਿਲ ਲੈ ਕੇ ਆਏ ਸਨ, ਜਿਨ੍ਹਾਂ ’ਚੋਂ ਇਕ ਸਿੱਖਿਆ ਸੁਧਾਰਾਂ ਨਾਲ ਸਬੰਧਤ ਬਿਲ ਸੀ।’’

ਪ੍ਰਧਾਨ ਨੇ ਕਿਹਾ, ‘‘ਸਾਡੀ ਸਰਕਾਰ ’ਚ ਹਿੰਮਤ ਹੈ ਕਿ ਅਸੀਂ (ਪੇਪਰ ਲੀਕ ’ਤੇ) ਕਾਨੂੰਨ ਬਣਾਇਆ, ਪਰ ਕਾਂਗਰਸ ਅਤੇ ਵਿਰੋਧੀ ਧਿਰ ਦੇ ਨੇਤਾ ਦੀ ਕੀ ਮਜਬੂਰੀ ਸੀ ਕਿ ਉਨ੍ਹਾਂ ਦੇ ਸਮੇਂ ਦੌਰਾਨ ਲਿਆਂਦਾ ਗਿਆ ਬਿਲ ਵਾਪਸ ਲੈ ਲਿਆ ਗਿਆ? ਕੀ ਪ੍ਰਾਈਵੇਟ ਮੈਡੀਕਲ ਕਾਲਜਾਂ ਦੇ ਦਬਾਅ ਅਤੇ ਉਨ੍ਹਾਂ ਦੀ ਰਿਸ਼ਵਤਖੋਰੀ ਕਾਰਨ ਇਸ ਨੂੰ ਵਾਪਸ ਲੈ ਲਿਆ ਗਿਆ ਸੀ?’’

ਸਦਨ ’ਚ ਹੰਗਾਮੇ ਦਰਮਿਆਨ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਸਦਨ ’ਚ ਸਾਰਥਕ ਚਰਚਾ ਹੋਣੀ ਚਾਹੀਦੀ ਹੈ ਪਰ ਸਾਰੇ ਇਮਤਿਹਾਨਾਂ ’ਤੇ ਸਵਾਲ ਚੁਕਣਾ ਸਹੀ ਨਹੀਂ ਹੈ। 

ਉਨ੍ਹਾਂ ਕਿਹਾ, ‘‘ਸੂਬਿਆਂ ’ਚ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਰਹੀਆਂ ਹਨ, ਜਿੱਥੇ ਇਮਤਿਹਾਨ ’ਤੇ ਸਵਾਲ ਚੁਕੇ ਗਏ ਹਨ। ਅਸੀਂ ਇੱਥੇ ਇਸ ਲਈ ਬੈਠੇ ਹਾਂ ਤਾਂ ਜੋ ਵਿਦਿਆਰਥੀਆਂ ਦੇ ਭਵਿੱਖ ’ਤੇ ਸਵਾਲ ਨਾ ਚੁਕੇ ਜਾਣ। ਇਸ ਲਈ ਅਜਿਹੀ ਪ੍ਰਣਾਲੀ ਵਿਕਸਿਤ ਕਰੋ ਕਿ ਇਮਤਿਹਾਨ ’ਤੇ ਸਵਾਲ ਨਾ ਉੱਠਣ... ਸਾਰੇ ਸੁਝਾਅ ਦਿਓ। ਸਰਕਾਰ ਵੀ ਸੱਭ ਤੋਂ ਵਧੀਆ ਸੁਝਾਅ ਨੂੰ ਮਨਜ਼ੂਰ ਕਰੇਗੀ।’’

ਬਿਰਲਾ ਨੇ ਕਿਹਾ, ‘‘ਜੇਕਰ ਅਸੀਂ ਸਾਰੀਆਂ ਇਮਤਿਹਾਨ ’ਤੇ ਸਵਾਲ ਉਠਾਉਂਦੇ ਹਾਂ ਤਾਂ ਇਸ ਦਾ ਪਾਸ ਹੋਣ ਵਾਲੇ ਬੱਚਿਆਂ ਦੇ ਭਵਿੱਖ, ਭਾਰਤ ਦੀ ਇਮਤਿਹਾਨ ਪ੍ਰਣਾਲੀ ’ਤੇ ਗੰਭੀਰ ਅਸਰ ਪਵੇਗਾ, ਜੋ ਸਦਨ ਲਈ ਚਿੰਤਾ ਦਾ ਵਿਸ਼ਾ ਹੈ।’’ 

‘ਨੀਟ’ ਦਾ ਮੁੱਦਾ ਉਠਾਉਣਾ ਜਾਰੀ ਰੱਖਾਂਗੇ, ਸਰਕਾਰ ’ਤੇ ਦਬਾਅ ਬਣਾਵਾਂਗੇ: ਰਾਹੁਲ 

ਨਵੀਂ ਦਿੱਲੀ: ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕਿਹਾ ਕਿ ਉਹ ਸੰਸਦ ’ਚ ਮੈਡੀਕਲ ਦਾਖਲਾ ਇਮਤਿਹਾਨ ਨੀਟ-ਯੂਜੀ ’ਚ ਕਥਿਤ ਬੇਨਿਯਮੀਆਂ ਦਾ ਮੁੱਦਾ ਉਠਾਉਣਾ ਜਾਰੀ ਰਖਣਗੇ ਅਤੇ ਸਰਕਾਰ ’ਤੇ ਦਬਾਅ ਬਣਾਉਣਗੇ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਇਸ ਮੁੱਦੇ ’ਤੇ ਚਰਚਾ ਲਈ ਤਿਆਰ ਨਹੀਂ ਹੈ। 

ਰਾਹੁਲ ਗਾਂਧੀ ਨੇ ਸੰਸਦ ਭਵਨ ’ਚ ਪੱਤਰਕਾਰਾਂ ਨੂੰ ਕਿਹਾ ਕਿ ਸਿੱਖਿਆ ਮੰਤਰੀ ਨੂੰ ‘ਨੀਟ’ ਦੇ ਮੁੱਦੇ ’ਤੇ ਜਵਾਬ ਦੇਣਾ ਚਾਹੀਦਾ ਹੈ। ਮੰਤਰੀ ਨੇ ਸੁਪਰੀਮ ਕੋਰਟ ਅਤੇ ਪ੍ਰਧਾਨ ਮੰਤਰੀ ਬਾਰੇ ਗੱਲ ਕੀਤੀ ਪਰ ਉਹ ਇਹ ਦੱਸਣ ਦੇ ਯੋਗ ਨਹੀਂ ਹਨ ਕਿ ਉਹ ਨੀਟ ਦੇ ਮੁੱਦੇ ’ਤੇ ਕੀ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਦੇਸ਼ ਦੇ ਨੌਜੁਆਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਇਸ ’ਤੇ ਚਰਚਾ ਕਰੇ ਪਰ ਉਹ ਤਿਆਰ ਨਹੀਂ ਹਨ। ਅਸੀਂ ਇਨ੍ਹਾਂ ਮੁੱਦਿਆਂ ਨੂੰ ਉਠਾਉਣਾ ਜਾਰੀ ਰੱਖਾਂਗੇ ਅਤੇ ਸਰਕਾਰ ’ਤੇ ਦਬਾਅ ਬਣਾਵਾਂਗੇ।’’