29 ਸਤੰਬਰ ਨੂੰ 'ਸਰਜੀਕਲ ਸਟਰਾਈਕ ਦਿਵਸ' ਮਨਾਉ, ਸਰਕਾਰ ਘਿਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂਜੀਸੀ ਨੇ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਅਤੇ ਉੱਚ ਸਿਖਿਆ ਸੰਸਥਾਵਾਂ ਨੂੰ ਕਿਹਾ ਹੈ ਕਿ 29 ਸਤੰਬਰ ਨੂੰ 'ਸਰਜੀਕਲ ਸਟਰਾਈਕ ਦਿਵਸ' ਵਜੋਂ ਮਨਾਇਆ ਜਾਵੇ...........

University Grants Commission

ਨਵੀਂ ਦਿੱਲੀ  : ਯੂਜੀਸੀ ਨੇ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਅਤੇ ਉੱਚ ਸਿਖਿਆ ਸੰਸਥਾਵਾਂ ਨੂੰ ਕਿਹਾ ਹੈ ਕਿ 29 ਸਤੰਬਰ ਨੂੰ 'ਸਰਜੀਕਲ ਸਟਰਾਈਕ ਦਿਵਸ' ਵਜੋਂ ਮਨਾਇਆ ਜਾਵੇ। ਕਮਿਸ਼ਨ ਨੇ ਇਹ ਦਿਵਸ ਮਨਾਉਣ ਲਈ ਹਥਿਆਰਬੰਦ ਬਲਾਂ ਦੀ ਕੁਰਬਾਨੀ ਬਾਰੇ ਸਾਬਕਾ ਫ਼ੌਜੀਆਂ ਨੂੰ ਸੰਵਾਦ ਸੈਸ਼ਨ, ਵਿਸ਼ੇਸ਼ ਪਰੇਡ, ਪ੍ਰਦਰਸ਼ਨੀਆਂ ਲਾਉਣ ਦਾ ਸੁਝਾਅ ਦਿਤਾ ਹੈ। ਕਮਿਸ਼ਨ ਦੇ ਇਸ ਹੁਕਮ 'ਤੇ ਸਿਆਸੀ ਵਿਵਾਦ ਖੜਾ ਹੋ ਗਿਆ ਹੈ। ਸਾਬਕਾ ਮਨੁੱਖੀ ਸ੍ਰੋਤ ਵਿਕਾਸ ਮੰਤਰੀ ਕਪਿਲ ਸਿੱਬਲ ਨੇ ਕਿਹਾ, 'ਯੂਜੀਸੀ ਨੇ ਸਾਰੀਆਂ ਯੂਨੀਵਰਸਿਟੀਆਂ ਨੂੰ ਨਿਰਦੇਸ਼ ਦਿਤਾ ਹੈ ਕਿ 29 ਸਤੰਬਰ ਨੂੰ ਸਰਜੀਕਲ ਸਟਰਾਈਕ ਦਿਵਸ ਦੇ ਰੂਪ ਵਿਚ ਮਨਾਉ।

ਕੀ ਇਸ ਦਾ ਮਕਸਦ ਲੋਕਾਂ ਨੂੰ ਸਿਖਿਅਤ ਕਰਨਾ ਹੈ ਜਾਂ ਫਿਰ ਭਾਜਪਾ ਦੇ ਰਾਜਨੀਤਕ ਹਿਤਾਂ ਦੀ ਪੂਰਤੀ ਕਰਨਾ ਹੈ? ਉਧਰ, ਪਛਮੀ ਬੰਗਾਲ ਵਿਚ ਸੱਤਾਧਿਰ ਤ੍ਰਿਣਮੂਲ ਕਾਂਗਰਸ ਨੇ ਕਿਹਾ ਕਿ ਰਾਜ ਵਿਚ ਇਸ ਨਿਰਦੇਸ਼ ਦੀ ਪਾਲਣਾ ਨਹੀਂ ਕੀਤੀ ਜਾਵੇਗੀ ਅਤੇ ਦੋਸ਼ ਲਾਇਆ ਕਿ ਇਹ ਭਾਜਪਾ ਦੇ ਰਾਜਸੀ ਏਜੰਡੇ ਦਾ ਹਿੱਸਾ ਹੈ। ਉਧਰ, ਕੇਂਦਰ ਨੇ ਕਿਹਾ ਕਿ ਇਸ ਨਾਲ ਦੇਸ਼ਭਗਤੀ ਝਲਕਦੀ ਹੈ ਨਾਕਿ ਰਾਜਨੀਤੀ। ਪਛਮੀ ਬੰਗਾਲ ਦੇ ਸਿਖਿਆ ਮੰਤਰੀ ਪਾਰਥ ਚੈਟਰਜੀ ਨੇ ਕਿਹਾ ਕਿ ਸਰਕਾਰ ਫ਼ੌਜ ਦਾ ਅਕਸ ਖ਼ਰਾਬ ਕਰ ਰਹੀ ਹੈ ਅਤੇ ਉਸ ਦਾ ਰਾਜਸੀਕਰਨ ਕਰ ਰਹੀ ਹੈ।

ਕਪਿਲ ਸਿੱਬਲ ਨੇ ਕਿਹਾ, 'ਕੀ ਯੂਜੀਸੀ ਅੱਠ ਨਵੰਬਰ ਨੂੰ ਸਰਜੀਕਲ ਸਟਰਾਈਕ ਦਿਵਸ ਮਨਾਉਣ ਦੀ ਹਿੰਮਤ ਕਰੇਗਾ ਜਦ ਗ਼ਰੀਬਾਂ ਕੋਲੋਂ ਉਨ੍ਹਾਂ ਦੀ ਆਜੀਵਕਾ ਖੋਹ ਲਈ ਗਈ ਸੀ? ਇਹ ਇਕ ਹੋਰ ਜੁਮਲਾ ਹੈ। ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੁਆਰਾ ਸਰਜੀਕਲ ਸਟਰਾਈਕ ਦੀ ਵਰ੍ਹੇਗੰਢ ਮੌਕੇ ਯੂਨੀਵਰਸਿਟੀਆਂ ਨੂੰ ਜਾਰੀ ਸੰਵਾਦ 'ਤੇ ਵਿਵਾਦ ਨੂੰ ਵੇਖਦਿਆਂ ਸਰਕਾਰ ਨੇ ਸਪੱਸ਼ਟੀਕਰਨ ਪੇਸ਼ ਕਰਦਿਆਂ ਕਿਹਾ ਕਿ ਇਸ ਵਿਚ ਕੋਈ ਰਾਜਨੀਤੀ ਨਹੀਂ ਹੈ ਸਗੋਂ ਇਹ ਦੇਸ਼ਭਗਤੀ ਨਾਲ ਜੁੜਿਆ ਹੈ ਅਤੇ ਇਹ ਪ੍ਰੋਗਰਾਮ ਕਰਵਾਉਣਾ ਸੰਸਥਾਵਾਂ ਲਈ ਲਾਜ਼ਮੀ ਨਹੀਂ ਹੈ।

ਵਿਰੋਧੀ ਧਿਰਾਂ ਦੁਆਰਾ ਸਰਜੀਕਲ ਹਮਲੇ ਦਾ ਰਾਜਨੀਤੀਕਰਨ ਕਰਨ ਦੇ ਸਰਕਾਰ 'ਤੇ ਦੋਸ਼ ਲਾਉਣ ਨੂੰ ਮਨੁੱਖੀ ਸ੍ਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੇੜਕਰ ਨੇ ਸਿਰੇ ਤੋਂ ਰੱਦ ਕਰਦਿਆਂ ਕਿਹਾ ਕਿ ਆਲੋਚਨਾ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਗ਼ਲਤ ਹੈ। ਜਾਵੇੜਕਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਭਾਜਪਾ ਇਸ ਮੁੱਦੇ 'ਤੇ ਕਾਂਗਰਸ ਤੋਂ ਵੱਖ ਮਤ ਰਖਦੀ ਹੈ ਕਿਉਂਕਿ ਉਹ ਪ੍ਰੋਗਰਾਮਾਂ ਦਾ ਪਾਲਣ ਕਰਨ ਲਈ ਸੰਸਥਾਵਾਂ ਨੂੰ ਸਿਰਫ਼ ਸਲਾਹ ਦਿੰਦੀ ਹੈ ਜਦਕਿ ਕਾਂਗਰਸ ਸੱਤਾ ਵਿਚ ਵੀ ਸੀ ਤਦ ਇਹ ਫ਼ੈਸਲੇ ਦੇ ਪਾਲਣ ਨੂੰ ਲਾਜ਼ਮੀ ਬਣਾਉਂਦੀ ਸੀ। (ਏਜੰਸੀ)