ਵੋਟਾਂ ਬਟੋਰਨ ਲਈ ਭਾਜਪਾ 'ਸਰਜੀਕਲ ਸਟ੍ਰਾਇਕ' ਦੀ ਗ਼ਲਤ ਵਰਤੋਂ ਕਰ ਰਹੀ : ਕਾਂਗਰਸ
ਕਾਂਗਰਸ ਨੇ ਵੀਰਵਾਰ ਨੂੰ ਪੀਐਮ ਨਰਿੰਦਰ ਮੋਦੀ ਸਰਕਾਰ 'ਤੇ ਸਰਜੀਕਲ ਸਟ੍ਰਾਇਕ ਨੂੰ ਲੈ ਕੇ ਹਮਲਾ ਬੋਲਿਆ ਹੈ। ਕਾਂਗਰਸ ਬੁਲਾਰੇ ਰਣਦੀਪ ...
ਨਵੀਂ ਦਿੱਲੀ : ਕਾਂਗਰਸ ਨੇ ਵੀਰਵਾਰ ਨੂੰ ਪੀਐਮ ਨਰਿੰਦਰ ਮੋਦੀ ਸਰਕਾਰ 'ਤੇ ਸਰਜੀਕਲ ਸਟ੍ਰਾਇਕ ਨੂੰ ਲੈ ਕੇ ਹਮਲਾ ਬੋਲਿਆ ਹੈ। ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਮੋਦੀ ਸਰਕਾਰ ਸਰਜੀਕਾਲ ਸਟ੍ਰਾਇਕ ਦੀ ਵੀਰਗਾਥਾ ਨੂੰ ਵੋਟਾਂ ਬਟੋਰਨ ਲਈ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਮੋਦੀ ਸਰਕਾਰ 'ਜੈ ਜਵਾਨ, ਜੈ ਕਿਸਾਨ' ਦੇ ਨਾਅਰੇ ਦੀ ਗ਼ਲਤ ਰਾਜਨੀਤਕ ਵਰਤੋਂ ਕਰ ਰਹੀ ਹੈ ਤਾਂ ਦੂਜੇ ਪਾਸੇ ਸਰਜੀਕਲ ਸਟ੍ਰਾਇਕ ਨੂੰ ਵੋਟ ਹਥਿਆਉਣ ਲਈ ਵਰਤੋਂ ਕਰਨ ਦਾ ਸ਼ਰਮਨਾਕ ਯਤਨ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਮਨਮੋਹਨ ਸਿੰਘ ਦੇ ਕਾਰਜਕਾਲ ਵਿਚ ਵੀ ਫ਼ੌਜ ਨੇ ਕਈ ਅਪਰੇਸ਼ਨ ਨੂੰ ਸਫ਼ਲਤਾਪੂਰਵਕ ਅੰਜ਼ਾਮ ਦਿਤਾ ਪਰ ਉਨ੍ਹਾਂ ਨੇ ਕਦੇ ਵੀ ਇਸ ਦਾ ਫ਼ਾਇਦਾ ਨਹੀਂ ਲਿਆ। ਸੁਰਜੇਵਾਲਾ ਨੇ ਕਿਹਾ ਕਿ ਕਾਂਗਰਸ ਦੀ ਤਤਕਾਲੀਨ ਪ੍ਰਧਾਨ ਸੋਨੀਆ ਗਾਂਧੀ ਅਤੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਫ਼ੌਜ ਦੇ ਕਦਮ ਅਤੇ ਸਰਕਾਰ ਦਾ ਪੂਰਨ ਸਮਰਥਨ ਕੀਤਾ ਸੀ ਪਰ ਮੋਦੀ ਸਰਕਾਰ ਅਤੇ ਭਾਜਪਾ ਇਸ ਨੂੰ ਵੋਟਾਂ ਬਟੋਰਨ ਦਾ ਸਾਧਨ ਨਹੀਂ ਬਣਾ ਸਕਦੀ।
ਉਨ੍ਹਾਂ ਕਿਹਾ ਕਿ ਸਰਜੀਕਲ ਸਟ੍ਰਾਇਕ ਨੂੰ ਲੈ ਕੇ ਭਾਜਪਾ ਨੇ ਲਖਨਊ ਅਤੇ ਆਗਰਾ ਵਿਚ ਤਤਕਾਲੀਨ ਰੱਖਿਆ ਮੰਤਰੀ ਮਨੋਹਰ ਪਰਿਕਰ ਲਈ ਸਨਮਾਨ ਸਮਾਰੋਹ ਵੀ ਕਰ ਦਿਤਾ। ਇੰਨਾ ਹੀ ਨਹੀਂ ਜਾਨ ਦੀ ਬਾਜ਼ੀ ਦੇਸ਼ ਲਈ ਫ਼ੌਜੀਆਂ ਨੇ ਲਗਾਈ ਅਤੇ ਭਾਜਪਾ ਨੇ ਮੋਦੀ ਦਾ ਗੁਣਗਾਨ ਸ਼ੁਰੂ ਕੀਤਾ ਹੋਇਆ ਹੈ। ਕਾਂਗਰਸ ਨੇ ਕਿਹਾ ਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਤਾਂ ਹੱਦ ਹੀ ਕਰ ਦਿਤੀ ਜਦੋਂ ਫ਼ੌਜ ਦੇ 70 ਸਾਲ ਦੇ ਸਾਹਸੀ ਇਤਿਹਾਸ ਅਤੇ ਬਲੀਦਾਨ ਦਾ ਅਪਮਾਨ ਕਰਦੇ ਹੋਏ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ 68 ਸਾਲਾਂ ਵਿਚ ਪਹਿਲੀ ਵਾਰ ਭਾਰਤੀ ਫ਼ੌਜ ਐਲਓਸੀ ਦੇ ਪਾਰ ਗਈ।
ਇੰਨਾ ਹੀ ਨਹੀਂ ਉਨ੍ਹਾਂ ਨੇ ਸਾਰਿਆਂ ਦੇ ਸਾਹਮਣੇ ਐਲਾਨ ਕਰ ਦਿਤਾ ਕਿ ਭਾਜਪਾ ਪੂਰੇ ਦੇਸ਼ ਵਿਚ ਸਰਜੀਕਲ ਸਟ੍ਰਾਇਕ ਦਾ ਫ਼ਾਇਦਾ ਉਠਾਏਗੀ। ਸੁਰਜੇਵਾਲਾ ਨੇ ਕਿਹਾ ਕਿ ਮੋਦੀ ਸਰਕਾਰ ਦੀ ਅਸਫ਼ਲਤਾ ਦਾ ਸਭ ਤੋਂ ਵੱਡਾ ਸਬੂਤ ਇਹੀ ਹੈ ਕਿ ਸਤੰਬਰ 2016 ਦੀ ਸਰਜੀਕਲ ਸਟ੍ਰਾਇਕ ਤੋਂ ਬਾਅਦ 146 ਫ਼ੌਜੀ ਸ਼ਹੀਦ ਹੋ ਚੁੱਕੇ ਹਨ। ਇੰਨਾ ਹੀ ਨਹੀਂ ਪਾਕਿਸਤਾਨ 1600 ਤੋਂ ਜ਼ਿਆਦਾ ਵਾਰ ਕੰਟਰੋਲ ਰੇਖਾ ਦਾ ਉਲੰਘਣ ਕਰ ਚੁੱਕਿਆ ਹੈ ਅਤੇ 79 ਅਤਿਵਾਦੀ ਹਮਲਿਆਂ ਨੇ ਸਰਕਾਰ ਦੇ ਝੂਠੇ ਦਾਅਵਿਆਂ ਦੀ ਪੋਲ ਖੋਲ੍ਹ ਦਿਤੀ ਹੈ।