ਚਿਨਮਯਾਨੰਦ ਵਿਰੁਧ ਬਲਾਤਕਾਰ ਦਾ ਦੋਸ਼ ਲਾਉਣ ਵਾਲੀ ਕੁੜੀ ਨੂੰ ਵੀ ਗ੍ਰਿਫ਼ਤਾਰ ਕਰੋ : ਭਾਜਪਾ ਆਗੂ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੇਲ ਵਿਚ ਸਾਬਕਾ ਮੰਤਰੀ ਨਾਲ ਕੀਤੀ ਮੁਲਾਕਾਤ

Jayesh Prasad openly supports Chinmayanand

ਸ਼ਾਹਜਹਾਂਪੁਰ : ਬਲਾਤਕਾਰ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਕੇਂਦਰੀ ਗ੍ਰਹਿ ਰਾਜ ਮੰਤਰੀ ਸਵਾਮੀ ਚਿਨਮਯਾਨੰਦ ਕੋਲੋਂ ਪੈਸੇ ਮੰਗਣ ਦੇ ਮਾਮਲੇ ਵਿਚ ਇਲਜ਼ਾਮ ਲਾਉਣ ਵਾਲੀ ਕਥਿਤ ਪੀੜਤਾ ਦੀ ਵੀ ਗ੍ਰਿਫ਼ਤਾਰੀ ਦੀ ਮੰਗ ਉਠੀ ਹੈ। ਭਾਜਪਾ ਦੇ ਸਾਬਕਾ ਵਿਧਾਨ ਕੌਂਸਲਰ ਜੈਯੇਸ਼ ਪ੍ਰਸਾਦ ਨੇ ਐਤਵਾਰ ਨੂੰ ਸਾਬਕਾ ਮੰਤਰੀ ਚਿਨਮਯਾਨੰਦ ਨਾਲ ਜੇਲ ਵਿਚ ਮੁਲਾਕਾਤ ਕੀਤੀ।

ਉਨ੍ਹਾਂ ਸਾਬਕਾ ਮੰਤਰੀ ਦੀ ਡਿਗਦੀ ਸਿਹਤ 'ਤੇ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਉਹ ਕਾਨੂੰਨ ਦਾ ਸਤਿਕਾਰ ਕਰਦੇ ਹਨ ਪਰ ਚਿਨਮਯਾਨੰਦ ਦੁਆਰਾ ਦਰਜ ਕਰਾਏ ਗਏ ਫ਼ਿਰੌਤੀ ਵਸੂਲੀ ਦੇ ਯਤਨ ਦੇ ਮੁਕੱਦਮੇ ਦੇ ਮੁਲਜ਼ਮਾਂ ਵਿਚ ਉਹ ਕੁੜੀ ਵੀ ਸ਼ਾਮਲ ਹੈ ਜਿਸ ਨੇ ਸਾਬਕਾ ਮੰਤਰੀ ਵਿਰੁਧ ਬਲਾਤਕਾਰ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਹਾਲੇ ਤਕ ਕੁੜੀ ਦੀ ਗ੍ਰਿਫ਼ਤਾਰੀ ਕਿਉਂ ਨਹੀਂ ਕੀਤੀ ਗਈ? ਉਸ ਦੇ ਤਿੰਨ ਸਾਥੀਆਂ ਵਾਂਗ ਉਸ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ।

ਸਾਬਕਾ ਮੰਤਰੀ ਦੇ ਵਕੀਲ ਦੁਆਰਾ ਕਥਿਤ ਪੀੜਤਾ ਅਤੇ ਉਸ ਦੇ ਤਿੰਨ ਦੋਸਤਾਂ ਵਿਰੁਧ ਮੋਬਾਈਲ ਫ਼ੋਨ ਜ਼ਰੀਏ ਪੰਜ ਕਰੋੜ ਦੀ ਫ਼ਿਰੌਤੀ ਮੰਗਣ ਦਾ ਮਾਮਲਾ ਦਰਜ ਕਰਾਇਆ ਗਿਆ ਸੀ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਵਿਚ ਫੈਲੀ ਵੀਡੀਉ ਵਿਚ ਕਥਿਤ ਪੀੜਤਾ ਅਪਣੇ ਤਿੰਨ ਦੋਸਤਾਂ ਨਾਲ ਫ਼ਿਰੌਤੀ ਬਾਰੇ ਗੱਲਬਾਤ ਕਰਦੀ ਦਿਸ ਰਹੀ ਸੀ। ਇਸ ਮਾਮਲੇ ਵਿਚ ਕੁੜੀ ਦੇ ਮੁਲਜ਼ਮ ਦੋਸਤਾਂ ਨੂੰ ਜੇਲ ਭੇਜ ਦਿਤਾ ਗਿਆ ਹੈ। ਜੇਲ ਅਧਿਕਾਰੀ ਨੇ ਕਿਹਾ ਕਿ ਜੇਲ ਵਿਚ ਡਾਕਟਰ ਸਾਬਕਾ ਮੰਤਰੀ ਦੀ ਸਿਹਤ ਦਾ ਖ਼ਿਆਲ ਰੱਖ ਰਿਹਾ ਹੈ। ਮੈਡੀਕਲ ਕਾਲਜ ਦੇ ਡਾਕਟਰਾਂ ਦੀ ਟੀਮ ਸਨਿਚਰਵਾਰ ਸ਼ਾਮ ਨੂੰ ਉਸ ਨੂੰ ਵੇਖਣ ਆਈ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਸਮੇਂ ਸਮੇਂ 'ਤੇ ਦਵਾਈ ਦਿਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਵਿਸ਼ੇਸ ਜਾਂਚ ਟੀਮ ਸੋਮਵਾਰ ਨੂੰ ਹਾਈ ਕੋਰਟ ਵਿਚ ਜਾਂਚ ਰੀਪੋਰਟ ਦੇਵੇਗੀ ਅਤੇ ਕਥਿਤ ਪੀੜਤਾ ਅਪਣੇ ਮਾਪਿਆਂ ਨਾਲ ਇਲਾਹਾਬਾਦ ਲਈ ਰਵਾਨਾ ਹੋ ਗਈ ਹੈ।