ਵਿਦਿਆਰਥਣ ਵੱਲੋਂ ਭਾਜਪਾ ਨੇਤਾ ਚਿਨਮਯਾਨੰਦ ’ਤੇ ਗੰਭੀਰ ਇਲਜ਼ਾਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ-ਕਈ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰ ਚੁੱਕੈ ਸੰਨਿਆਸੀ ਚਿਨਮਯਾਨੰਦ

Swami Chinmayanand

ਸ਼ਾਹਜਹਾਂਪੁਰ: ਉਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਇਕ ਨਿੱਜੀ ਕਾਲਜ ਦੀ ਵਿਦਿਆਰਥਣ ਵੱਲੋਂ ਭਾਜਪਾ ਨੇਤਾ ਅਤੇ ਸਾਬਕਾ ਗ੍ਰਹਿ ਰਾਜ ਮੰਤਰੀ ਸਵਾਮੀ ਚਿਨਮਯਾਨੰਦ ’ਤੇ ਵਿਦਿਆਰਥਣਾਂ ਨਾਲ ਸਰੀਰਕ ਸੋਸ਼ਣ ਦਾ ਦੋਸ਼ ਲਗਾਉਂਦੇ ਹੋਏ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਪੋਸਟ ਕੀਤਾ ਗਿਆ ਹੈ। ਲੜਕੀ ਨੇ ਵੀਡੀਓ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੁਹਾਰ ਲਗਾਉਂਦੇ ਹੋਏ ਆਖਿਆ ਹੈ ਕਿ ਉਸ ਨੂੰ ਇਸ ਨੇਤਾ ਤੋਂ ਬਚਾਇਆ ਜਾਵੇ, ਜੋ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ। ਓਵੇਂ ਦੋਸ਼ ਲਗਾਉਣ ਵਾਲੀ ਲੜਕੀ ਵੀ ਗ਼ਾਇਬ ਹੋ ਗਈ ਹੈ, ਜਿਸ ਦਾ ਪਿਛਲੇ ਤਿੰਨ ਦਿਨਾਂ ਤੋਂ ਕੁੱਝ ਅਤਾ ਪਤਾ ਨਹੀਂ ਚੱਲ ਰਿਹਾ।  ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸਵਾਮੀ ਚਿਨਮਯਾਨੰਦ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਉਧਰ ਭਾਜਪਾ ਦੇ ਸੀਨੀਅਰ ਨੇਤਾ ਸਵਾਮੀ ਚਿਨਮਯਾਨੰਦ ਵੱਲੋਂ ਵੀ ਇਸ ਮਾਮਲੇ ਵਿਚ ਬਲੈਕਮੇਲਿੰਗ ਦੀ ਐਫਆਈਆਰ ਦਰਜ ਕਰਵਾਈ ਗਈ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਬਲੈਕਮੇਲ ਕਰਕੇ 5 ਕਰੋੜ ਰੁਪਏ ਮੰਗੇ ਗਏ ਹਨ, ਨਾਲ ਹੀ ਇਹ ਧਮਕੀ ਦਿੱਤੀ ਗਈ ਹੈ ਕਿ ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਕੋਲ ਕੁੱਝ ਵੀਡੀਓਜ਼ ਨੇ ਜਿਨ੍ਹਾਂ ਨੂੰ ਵਾਇਰਲ ਕਰ ਦਿੱਤਾ ਜਾਵੇਗਾ।

ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ ਅਤੇ ਲਾਪਤਾ ਹੋਈ ਵਿਦਿਆਰਥਣ ਦੀ ਤੇਜ਼ੀ ਨਾਲ ਭਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਸਵਾਮੀ ਚਿਨਮਯਾਨੰਦ ਯੂਪੀ ਦੇ ਜੌਨਪੁਰ, ਬਦਾਊਂ ਅਤੇ ਮਛਲੀਹਰ ਸੀਟ ਤੋਂ ਤਿੰਨ ਵਾਰ ਸਾਂਸਦ ਰਹਿ ਚੁੱਕੇ ਹਨ। ਵਾਜਪਾਈ ਦੀ ਸਰਕਾਰ ਸਮੇਂ ਉਹ ਗ੍ਰਹਿ ਰਾਜ ਮੰਤਰੀ ਵੀ ਬਣੇ ਸਨ। ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਚਿਨਮਯਾਨੰਦ ’ਤੇ ਅਜਿਹੇ ਗੰਭੀਰ ਦੋਸ਼ ਲੱਗੇ ਹੋਣ। ਇਸ ਤੋਂ ਪਹਿਲਾਂ ਵੀ ਉਨ੍ਹਾਂ ’ਤੇ ਰੇਪ ਅਤੇ ਅਗਵਾ ਦੇ ਦੋਸ਼ ਲੱਗ ਚੁੱਕੇ ਨੇ ਪਰ 2018 ਵਿਚ ਯੋਗੀ ਸਰਕਾਰ ਨੇ ਉਨ੍ਹਾਂ ਵਿਰੁੱਧ ਦਰਜ ਕੇਸ ਨੂੰ ਵਾਪਸ ਲੈਣ ਦਾ ਫ਼ੈਸਲਾ ਕੀਤਾ ਸੀ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ ਨਵੇਂ ਮਾਮਲੇ ਵਿਚ ਕੀ ਕਾਰਵਾਈ ਕਰਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।