ਸੀਬੀਆਈ ਦੇ ਅੰਦਰੂਨੀ ਕਲੇਸ਼ ਤੋਂ ਪੀਐਮਓ ਨਾਰਾਜ਼, ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਤੇ ਐਫਆਈਆਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀਬੀਆਈ ਨੇ ਅਪਣੇ ਹੀ ਵਿਸ਼ੇਸ਼ ਡਾਇਰੈਕਟਰ ਅਤੇ ਜਾਂਚ ਏਜੰਸੀ ਵਿਚ ਨੰਬਰ 2 ਦਾ ਰੁਤਬਾ ਰੱਖਣ ਵਾਲੇ ਰਾਕੇਸ਼ ਅਸਥਾਨਾ ਤੇ 3 ਕਰੋੜ ਦੀ ਰਿਸ਼ਵਤ ਦਾ ਕੇਸ ਕੀਤਾ ਹੈ।

CBI

ਨਵੀਂ ਦਿੱਲੀ, ( ਪੀਟੀਆਈ) : ਦੇਸ਼ ਦੀ ਸੱਭ ਤੋਂ ਵੱਡੀ ਜਾਂਚ ਏਜੰਸੀ ਸੀਬੀਆਈ ਵਿਚ ਸੀਨੀਅਰ ਅਧਿਕਾਰੀਆਂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਅਤੇ ਕਲੇਸ਼ ਦੀਆਂ ਖ਼ਬਰਾਂ ਤੇ ਸਰਕਾਰ ਦਾ ਮੰਨਣਾ ਹੈ ਕਿ ਜਿਸ ਤਰੀਕੇ ਨਾਲ ਸੀਨੀਅਰ ਅਧਿਕਾਰੀ ਇਕ ਦੂਜੇ ਵਿਰੁਧ ਦੋਸ਼ ਲਗਾਉਣ ਤੋਂ ਬਾਅਦ ਕਾਰਵਾਈ ਤੱਕ ਕਰਨ ਲਗੇ ਹਨ, ਉਸ ਨਾਲ ਗਲਤ ਸੁਨੇਹਾ ਜਾ ਰਿਹਾ ਹੈ। ਸੀਬੀਆਈ ਦੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਵਿਰੁਧ ਜਿਸ ਤਰੀਕੇ ਨਾਲ ਐਫਆਈਆਰ ਕੀਤੀ ਗਈ, ਉਸ ਤੋਂ ਸਰਕਾਰ ਹੈਰਾਨ ਹੈ। ਦੱਸ ਦਈਏ ਕਿ ਨਵੇਂ ਕਾਨੂੰਨ ਤੋਂ ਬਾਅਦ ਅਧਿਕਾਰੀਆਂ ਵਿਰੁਧ ਕੇਸ ਕਰਨ ਤੋਂ ਪਹਿਲਾਂ ਇਜ਼ਾਜਤ ਲੈਣਾ ਜ਼ਰੂਰੀ ਹੈ।

ਸੀਬੀਆਈ ਇਸ ਸਮੇਂ ਅਜੀਬ ਹਾਲਤ ਦਾ ਸਾਹਮਣਾ ਕਰ ਰਹੀ ਹੈ। ਸੀਬੀਆਈ ਨੇ ਅਪਣੇ ਹੀ ਵਿਸ਼ੇਸ਼ ਡਾਇਰੈਕਟਰ ਅਤੇ ਜਾਂਚ ਏਜੰਸੀ ਵਿਚ ਨੰਬਰ 2 ਦਾ ਰੁਤਬਾ ਰੱਖਣ ਵਾਲੇ ਰਾਕੇਸ਼ ਅਸਥਾਨਾ ਤੇ 3 ਕਰੋੜ ਦੀ ਰਿਸ਼ਵਤ ਦਾ ਕੇਸ ਕੀਤਾ ਹੈ। ਮਾਮਲਾ ਇਥੇ ਹੀ ਖਤਮ ਨਹੀਂ ਹੁੰਦਾ, ਇਸ ਕੇਸ ਤੋਂ ਇਲਾਵਾ ਸੀਬੀਆਈ ਵਿਚ ਸੀਨੀਅਰ ਅਧਿਕਾਰੀ ਆਲੋਕ ਵਰਮਾ ਅਤੇ ਅਸਥਾਨਾ ਵਿਚਕਾਰ ਲੜਾਈ ਦਾ ਮੁੱਦਾ ਵੀ ਹੈ। ਸੀਬੀਆਈ ਨੇ ਅਸਥਾਨਾ ਤੇ ਦਰਜ਼ ਐਫਆਈਆਰ ਵਿਚ ਮਾਂਸ ਕਾਰੋਬਾਰੀ ਮੁਈਨ ਕੁਰੈਸ਼ੀ ਤੋਂ 3 ਕਰੋੜ ਰਿਸ਼ਵਤ ਲੈਣ ਦਾ ਦੋਸ਼ ਲਗਾਇਆ ਹੈ।

ਅਸਥਾਨਾ ਹੀ ਕੁਰੈਸ਼ੀ ਵਿਰੁਧ ਜਾਂਚ ਕੇਸ ਨੂੰ ਦੇਖ ਰਹੇ ਸਨ। ਉਥੇ ਹੀ ਅਸਥਾਨਾ ਨੇ ਉਨ੍ਹਾਂ ਤੇ  ਲਗੇ ਦੋਸ਼ਾਂ ਨੂੰ ਰੱਦ ਕਰਦਿਆਂ ਸਿੱਧੇ ਸੀਬੀਆਈ ਚੀਫ ਤੇ ਉਨ੍ਹਾਂ ਨੂੰ ਫਸਾਉਣ ਦਾ ਦੋਸ਼ ਲਗਾ ਦਿਤਾ ਹੈ। ਇਸ ਮਾਮਲੇ ਵਿਚ 16 ਅਕਤੂਬਰ ਨੂੰ ਐਫਆਈਆਰ ਦਰਜ਼ ਕੀਤੀ ਗਈ ਹੈ। ਮਾਮਲੇ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਵਿਚ ਸੀਬੀਆਈ ਦੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਤੋਂ ਇਲਾਵਾ ਖੁਫਿਆ ਏਜੰਸੀ ਰਾ ਦੇ ਵੀ ਇਕ ਵੱਡੇ ਸੀਨੀਅਰ ਅਧਿਕਾਰੀ ਦਾ ਨਾਮ ਸ਼ਾਮਲ ਹੈ।

ਸੂਤਰਾਂ ਮੁਤਾਬਕ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਸ ਸਕੈਂਡਲ ਨਾਲ ਜੁੜੀ ਜਾਂਚ ਟੀਮ ਵਿਚ ਰਾਕੇਸ਼ ਅਸਥਾਨਾ ਨੂੰ ਹਟਾਉਣ ਦੀ ਵੀ ਪਹਿਲ ਹੋਈ ਹੈ ਅਤੇ ਇਸ ਕੇਸ ਨਾਲ ਜੁੜੇ ਕੁਝ ਅਧਿਕਾਰੀਆਂ ਨੂੰ ਪੁਛ ਗਿਛ ਵੀ ਕੀਤੀ ਗਈ। ਦੱਸਣਯੋਗ ਹੈ ਕਿ ਬੀਤੇ ਦਿਨੀ ਅਸਥਾਨਾ ਨੇ ਅਪਣੇ ਹੀ ਡਾਇਰੈਕਟਰ ਆਲੋਕ ਵਰਮਾ ਵਿਰੁਧ ਸਰਕਾਰ ਨੂੰ ਸ਼ਿਕਾਇਤ ਕਰ ਦਿਤੀ ਸੀ। ਇਸ ਤੋਂ ਬਾਅਦ ਸੀਵੀਸੀ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਕਾਉਂਟਰ ਹਮਲਾ ਕਰਦੇ ਹੋਏ ਸੀਬੀਆਈ ਡਾਇਰੈਕਟਰ ਨੇ ਵੀ ਅਪਣੇ ਨੰਬਰ ਦੋ ਦੇ ਅਧਿਕਾਰੀ ਵਿਰੁਧ ਗੰਭੀਰ ਦੋਸ਼ ਲਗਾਏ ਸਨ।

 ਰਾਕੇਸ਼ ਅਸਥਾਨਾ ਨੇ ਸੀਵੀਸੀ ਨੂੰ ਲਿਖੇ ਪੱਤਰ ਵਿਚ ਖੁਦ ਨੂੰ ਫਸਾਏ ਜਾਣ ਦਾ ਸ਼ੱਕ ਵੀ ਪ੍ਰਗਟ ਕੀਤਾ ਸੀ। ਦੋਨੋਂ ਇਕ ਦੂਜੇ ਤੇ ਪਿਛਲੇ ਕੁਝ ਮਾਮਲਿਆਂ ਵਿਚ ਲਗਾਤਾਰ ਦੋਸ਼ ਲਗਾ ਰਹੇ ਹਨ। ਸੂਤਰਾਂ ਮੁਤਾਬਕ ਮੁਈਨ ਕੁਰੈਸ਼ੀ ਦੇ ਮੀਟ ਕਾਰੋਬਾਰ ਨਾਲ ਜੁੜੇ ਜਿਸ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਰਿਸ਼ਵਤ ਲੈਣ ਦਾ ਦੋਸ਼ ਹੈ ਉਸ ਮਾਮਲੇ ਵਿਚ ਪਹਿਲਾਂ ਹੀ ਸੀਬੀਆਈ ਦੇ ਦੋ ਡਾਇਰੈਕਟਰ ਵੀ ਜਾਂਚ ਦੇ ਘੇਰੇ ਵਿਚ ਹਨ। ਸਾਬਕਾ ਸੀਬੀਆਈ ਡਾਇਰੈਕਟਰ ਏਪੀ ਸਿੰਘ ਨੇ ਕੁਝ ਮੋਬਾਈਲ ਸੁਨੇਹੇ ਵੀ ਟਰੈਕ ਕੀਤੇ ਸਨ। ਇਸ ਤੋਂ ਇਲਾਵਾ ਸੀਬੀਆਈ ਦੇ ਇਕ ਹੋਰ ਸਾਬਕਾ ਡਾਇਰੈਕਟਰ ਦੀ ਭੂਮਿਕਾ ਵੀ ਜਾਂਚ ਅਧੀਨ ਹੈ।

ਇਸੇ ਦੌਰਾਨ ਸੀਬੀਆਈ ਦੇ ਮੌਜੂਦਾ ਵਿਸ਼ੇਸ਼ ਡਾਇਰੈਕਟਰ ਦਾ ਨਾਮ ਇਸ ਕੇਸ ਵਿਚ ਆਉਣ ਤੋਂ ਬਾਅਦ ਮਾਮਲਾ ਹੋਰ ਗੰਭੀਰ ਹੋ ਗਿਆ ਹੈ। ਸੀਬੀਆਈ ਦੇ ਅੰਦਰ ਉਠੇ ਇਸ ਮਾਮਲੇ ਤੇ ਜਾਂਚ ਏਜੰਸੀ ਨੇ ਚੁੱਪ ਧਾਰ ਲਈ ਹੈ। ਦੋ ਸੀਨੀਅਰ ਅਧਿਕਾਰੀਆਂ ਦਾ ਨਾਮ ਹੋਣ ਕਾਰਨ ਕੋਈ ਵੀ ਕੁਝ ਵੀ ਕਹਿਣ ਤੋਂ ਬਚ ਰਿਹਾ ਹੈ। ਸੀਬੀਆਈ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਹੈ ਕਿ ਉਹ ਇਸ ਮੁੱਦੇ ਤੇ ਅਧਿਕਾਰਕ ਬਿਆਨ ਜਾਰੀ ਕਰਨਗੇ। ਪਰ ਹੁਣ ਤੱਕ ਜਾਂਚ ਏਜੰਸੀ ਨੇ ਕੋਈ ਵੀ ਬਿਆਨ ਨਹੀਂ ਦਿਤਾ।

ਇਥੇ ਇਹ ਵੀ ਦੱਸਣਯੋਗ ਹੈ ਕਿ ਹੈਦਰਾਬਾਦ ਦੇ ਇਕ ਉਦਯੋਗਪਤੀ ਸਤੀਸ਼ ਬਾਬੂ ਸਨਾ ਦੀ ਸ਼ਿਕਾਇਤ ਦੇ ਆਧਾਰ ਤੇ ਸੀਬੀਆਈ ਦੇ ਦੂਜੇ ਨੰਬਰ ਦੇ ਸੀਨੀਅਰ ਅਧਿਕਾਰੀ ਰਾਕੇਸ਼ ਅਸਥਾਨਾ ਤੇ ਦਰਜ਼ ਐਫਆਈਆਰ ਵਿਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੇ  ਸੀਬੀਆਈ  ਦੇ ਵਿਸ਼ੇਸ਼ ਡਾਇਰੈਕਟਰ ਨੂੰ ਪਿਛਲੇ ਸਾਲ ਲਗਭਗ ਤਿੰਨ ਕਰੋੜ ਦਿਤੇ ਸਨ। ਸਨਾ ਦਾ ਇਹ ਬਿਆਨ ਸੀਆਰਪੀਸੀ ਦੀ ਧਾਰਾ 164 ਦੇ ਅਧੀਨ ਮੈਜਿਸਟਰੇਟ ਦੇ ਸਾਹਮਣੇ ਦਰਜ਼ ਕਰਵਾਇਆ ਗਿਆ, ਜੋ ਕਿ ਕੋਰਟ ਵਿਚ ਵੀ ਮੰਨਣਯੋਗ ਹੈ।

ਦੱਸ ਦਈਏ ਕਿ ਮੁਈਨ ਕੁਰੈਸ਼ੀ ਤੋਂ 50 ਲੱਖ ਰੁਪਏ ਲੈਣ ਦੇ ਮਾਮਲੇ ਵਿਚ ਸਨਾ ਵੀ ਜਾਂਚ ਦੇ ਘੇਰੇ ਵਿਚ ਸਨ। ਇਸ ਮਾਮਲੇ ਦੀ ਜਾਂਚ ਲਈ ਗਠਿਤ ਕੀਤੀ ਐਸਆਈਟੀ ਦੀ ਅਗਵਾਈ ਅਸਥਾਨਾ ਕਰ ਰਹੇ ਸਨ। ਦਾਅਵਾ ਕੀਤਾ ਗਿਆ ਹੈ ਕਿ ਪਿਛਲੇ ਸਾਲ ਡੀਐਸਪੀ ਦਵਿੰਦਰ ਕੁਮਾਰ ਵੱਲੋਂ ਕੀਤੀ ਗਈ ਪੁਛਗਿਛ ਵਿਚ ਦੁਬਈ ਦੇ ਇਕ ਇਨਵੈਸਟਮੇਂਟ ਬੈਂਕਰ ਮਨੋਜ ਪ੍ਰਸਾਦ ਨੇ ਉਨਾਂ ਨੂੰ ਸੀਬੀਆਈ ਨਾਲ ਉਨਾਂ ਦੇ ਚੰਗੇ ਸਬੰਧਾ ਬਾਰੇ ਦਸਿਆ। ਇਹੀ ਨਹੀਂ, ਇਸ ਮਾਮਲੇ ਵਚਿ ਇਹ ਵੀ ਦਸਿਆ ਗਿਆ ਕਿ ਉਸਦਾ ਭਰਾ ਸੋਮੇਸ਼ ਉਸ ਦੀ ਇਸ ਕੇਸ ਤੋਂ ਬਾਹਰ ਨਿਕਲਣ ਵਿਚ ਮਦਦ ਕਰੇਗਾ। ਸਨਾ ਨੇ ਕਿਹਾ ਕਿ ਉਹ ਮਨੋਜ ਨੂੰ ਲਗਭਗ 10 ਸਾਲਾਂ ਤੋਂ ਵੱਧ ਸਮੇਂ ਤੋਂ ਜਾਣਦਾ ਹੈ।