ਰੁਜ਼ਗਾਰ ਮੇਲੇ ਦੌਰਾਨ ਬੋਲੇ ਪੀਐਮ ਮੋਦੀ- 100 ਸਾਲਾਂ ਦੀ ਸਮੱਸਿਆ 100 ਦਿਨਾਂ 'ਚ ਹੱਲ ਨਹੀਂ ਹੋ ਸਕਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨੇ 75,000 ਕਰਮਚਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ

PM Modi launch recruitment drive for 10 lakh jobs

 

ਨਵੀਂ ਦਿੱਲੀ: 10 ਲੱਖ ਕਰਮਚਾਰੀਆਂ ਦੀ ਭਰਤੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 100 ਸਾਲਾਂ ਦੀ ਬੇਰੁਜ਼ਗਾਰੀ ਅਤੇ ਸਵੈ-ਰੁਜ਼ਗਾਰ ਦੀ ਸਮੱਸਿਆ 100 ਦਿਨਾਂ ਵਿਚ ਹੱਲ ਨਹੀਂ ਹੋ ਸਕਦੀ। ਪੀਐਮ ਮੋਦੀ ਨੇ 75,000 ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪਦਿਆਂ ਰੁਜ਼ਗਾਰ ਮੇਲਾ ਲਾਂਚ ਕੀਤਾ। ਪੀਐਮ ਮੋਦੀ ਨੇ ਕਿਹਾ, “ਇਹ ਰੁਜ਼ਗਾਰ ਮੇਲਾ ਪਿਛਲੇ 8 ਸਾਲਾਂ ਵਿਚ ਰੁਜ਼ਗਾਰ, ਸਵੈ-ਰੁਜ਼ਗਾਰ ਲਈ ਸਰਕਾਰ ਦੇ ਯਤਨਾਂ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਇਆ ਹੈ।''

ਪੀਐਮ ਮੋਦੀ ਨੇ ਕਿਹਾ, ਸਰਕਾਰ ਨਿਰਮਾਣ, ਸੈਰ-ਸਪਾਟਾ ਦੇ ਵਿਸਤਾਰ 'ਤੇ ਧਿਆਨ ਦੇ ਰਹੀ ਹੈ ਕਿਉਂਕਿ ਇਹ ਬਹੁਤ ਸਾਰੀਆਂ ਨੌਕਰੀਆਂ ਪੈਦਾ ਕਰਦੇ ਹਨ। ਪੀਐਮ ਮੋਦੀ ਨੇ ਕੋਵਿਡ ਮਹਾਮਾਰੀ ਦੌਰਾਨ ਉਹਨਾਂ ਦੀ ਸਰਕਾਰ ਦੁਆਰਾ ਕੀਤੀਆਂ ਗਈਆਂ ਪਹਿਲਕਦਮੀਆਂ ਬਾਰੇ ਵੀ ਗੱਲ ਕੀਤੀ। ਉਹਨਾਂ ਕਿਹਾ, "ਕੋਵਿਡ ਮਹਾਂਮਾਰੀ ਦੌਰਾਨ MSME ਸੈਕਟਰ ਨੂੰ ਕੇਂਦਰ ਦੀ 3 ਲੱਖ ਕਰੋੜ ਰੁਪਏ ਤੋਂ ਵੱਧ ਦੀ ਮਦਦ ਨਾਲ 1.5 ਕਰੋੜ ਤੋਂ ਵੱਧ ਨੌਕਰੀਆਂ ਦੇ ਸੰਕਟ ਨੂੰ ਟਾਲਿਆ ਗਿਆ ਹੈ।

ਦੱਸ ਦੇਈਏ ਕਿ ਇਸ ਸਾਲ ਜੂਨ ਵਿਚ ਪ੍ਰਧਾਨ ਮੰਤਰੀ ਨੇ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਮਿਸ਼ਨ ਮੋਡ ਰਾਹੀਂ 10 ਲੱਖ ਅਸਾਮੀਆਂ ਦੀ ਭਰਤੀ ਕਰਨ ਦੇ ਨਿਰਦੇਸ਼ ਦਿੱਤੇ ਸਨ। ਪੀਐਮਓ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ, ਸਾਰੇ ਮੰਤਰਾਲੇ ਅਤੇ ਵਿਭਾਗ ਮਨਜ਼ੂਰਸ਼ੁਦਾ ਅਸਾਮੀਆਂ ਦੇ ਵਿਰੁੱਧ ਮੌਜੂਦਾ ਖਾਲੀ ਅਸਾਮੀਆਂ ਨੂੰ ਭਰਨ ਲਈ ਮਿਸ਼ਨ ਮੋਡ ਵਿਚ ਕੰਮ ਕਰ ਰਹੇ ਹਨ।

ਜਿਨ੍ਹਾਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ, ਉਹਨਾਂ ਵਿਚ ਦੇਸ਼ ਭਰ ਦੇ ਨੌਜਵਾਨ ਸ਼ਾਮਲ ਹਨ। ਇਹਨਾਂ ਨੂੰ ਭਾਰਤ ਸਰਕਾਰ ਦੇ 38 ਵਿਭਾਗਾਂ ਅਤੇ ਮੰਤਰਾਲਿਆਂ ਵਿਚ ਗਰੁੱਪ ਏ (ਗਜ਼ਟਿਡ), ਗਰੁੱਪ ਬੀ (ਨਾਨ-ਗਜ਼ਟਿਡ) ਅਤੇ ਗਰੁੱਪ ਸੀ ਵਿਚ ਨਿਯੁਕਤ ਕੀਤਾ ਜਾਵੇਗਾ। ਇਹਨਾਂ ਤੋਂ ਇਲਾਵਾ ਜਿਨ੍ਹਾਂ ਅਸਾਮੀਆਂ 'ਤੇ ਭਰਤੀ ਕੀਤੀ ਜਾ ਰਹੀ ਹੈ, ਉਹਨਾਂ ਵਿਚ ਕੇਂਦਰੀ ਹਥਿਆਰਬੰਦ ਬਲਾਂ ਦੇ ਕਰਮਚਾਰੀ, ਸਬ ਇੰਸਪੈਕਟਰ, ਕਾਂਸਟੇਬਲ, ਐਲਡੀਸੀ, ਸਟੈਨੋ, ਪੀਏ, ਇਨਕਮ ਟੈਕਸ ਇੰਸਪੈਕਟਰ, ਐਮਟੀਐਸ ਆਦਿ ਸ਼ਾਮਲ ਹਨ।

ਪੀਐਮਓ ਨੇ ਕਿਹਾ ਕਿ ਇਹ ਨਿਯੁਕਤੀਆਂ ਮੰਤਰਾਲਿਆਂ ਅਤੇ ਵਿਭਾਗਾਂ ਦੁਆਰਾ ਆਪਣੇ ਤੌਰ 'ਤੇ ਜਾਂ ਨਿਯੁਕਤੀ ਏਜੰਸੀਆਂ ਦੁਆਰਾ ਮਿਸ਼ਨ ਮੋਡ ਵਿਚ ਕੀਤੀਆਂ ਜਾ ਰਹੀਆਂ ਹਨ। ਇਹਨਾਂ ਏਜੰਸੀਆਂ ਵਿਚ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ, ਸਟਾਫ ਸਿਲੈਕਸ਼ਨ ਕਮਿਸ਼ਨ ਅਤੇ ਰੇਲਵੇ ਭਰਤੀ ਬੋਰਡ ਸ਼ਾਮਲ ਹਨ। ਪੀਐਮਓ ਨੇ ਦੱਸਿਆ ਕਿ ਤੇਜ਼ੀ ਨਾਲ ਭਰਤੀ ਲਈ ਚੋਣ ਪ੍ਰਕਿਰਿਆ ਨੂੰ ਸਰਲ ਅਤੇ ਤਕਨਾਲੋਜੀ ਨਾਲ ਲੈਸ ਕੀਤਾ ਗਿਆ ਹੈ।