ਕੋਰੋਨਾ ਦਾ ਕਹਿਰ: ਪੰਜਾਬ ਸਮੇਤ ਤਿੰਨ ਸੂਬਿਆਂ 'ਚ ਭੇਜੀਆਂ ਉੱਚ ਪੱਧਰੀ ਕੇਂਦਰੀ ਟੀਮਾਂ
ਪੰਜਾਬ, ਹਿਮਾਚਲ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਵਿਚ ਕੋਰੋਨਾ ਦੇ ਰੋਜ਼ਾਨਾ ਮਾਮਲਿਆਂ 'ਚ ਦਰਜ ਕੀਤਾ ਗਿਆ ਵਾਧਾ
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਦੇ ਚਲਦਿਆਂ ਕੇਂਦਰ ਸਰਕਾਰ ਵੱਲੋਂ ਮਾਮਲਿਆਂ 'ਤੇ ਕਾਬੂ ਪਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਤਹਿਤ ਕੇਂਦਰ ਸਰਕਾਰ ਵੱਲੋਂ ਸੂਬਿਆਂ ਵਿਚ ਕੋਵਿਡ-19 ਰਿਸਪਾਂਸ ਤੇ ਪ੍ਰਬੰਧਨ ਵਿਚ ਸਹਿਯੋਗ ਦੇਣ ਲਈ ਉੱਚ-ਪੱਧਰੀ ਕੇਂਦਰੀ ਟੀਮਾਂ ਭੇਜੀਆਂ ਜਾ ਰਹੀਆਂ ਹਨ।
ਹੁਣ ਕੇਂਦਰ ਸਰਕਾਰ ਨੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਉੱਤਰ ਪ੍ਰਦੇਸ਼, ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿਚ ਉੱਚ ਪੱਧਰੀ ਕੇਂਦਰੀ ਟੀਮਾਂ ਭੇਜਣ ਦਾ ਫੈਸਲਾ ਕੀਤਾ ਹੈ। ਨਿਊਜ਼ ਏਜੰਸੀ ਨੇ ਸਿਹਤ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ, 'ਕੇਂਦਰ ਸਰਕਾਰ ਨੇ ਕੋਵਿਡ-19 ਰਿਸਪਾਂਸ ਤੇ ਪ੍ਰਬੰਧਨ ਵਿਚ ਸੂਬਿਆਂ ਨੂੰ ਸਹਿਯੋਗ ਦੇਣ ਲਈ ਉੱਤਰ ਪ੍ਰਦੇਸ਼, ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿਚ ਉੱਚ ਪੱਧਰੀ ਕੇਂਦਰੀ ਟੀਮਾਂ ਭੇਜਣ ਦਾ ਫੈਸਲਾ ਲਿਆ ਹੈ।
ਸਿਹਤ ਮੰਤਰਾਲੇ ਨੇ ਦੱਸਿਆ ਕਿ ਇਹਨਾਂ ਸੂਬਿਆਂ ਵਿਚ ਕੋਵਿਡ ਦੇ ਰੋਜ਼ਾਨਾ ਆਉਣ ਵਾਲੇ ਮਾਮਲਿਆਂ ਵਿਚ ਵਾਧਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਸਿਹਤ ਮੰਤਰਾਲੇ ਵੱਲੋਂ ਐਤਵਾਰ ਸਵੇਰੇ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ 'ਚ ਕੋਵਿਡ-19 ਦੇ 45,209 ਨਵੇਂ ਮਾਮਲੇ ਸਾਹਮਣੇ ਆਏ ਹਨ।
ਇਸ ਤੋਂ ਬਾਅਦ ਪੀੜਤਾਂ ਦੀ ਗਿਣਤੀ ਵਧ ਕੇ 90.95 ਲੱਖ ਹੋ ਗਈ। ਉੱਥੇ ਹੀ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 85,21,617 ਹੋ ਗਈ। ਕੋਵਿਡ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧ ਕੇ 1,33,227 ਹੋ ਗਈ ਹੈ।