45 ਸਾਲਾ ਔਰਤ ਨੇ 14 ਦਿਨਾਂ ’ਚ ਗੁਜਰਾਤ ਤੋਂ ਅਰੁਣਾਚਲ ਪ੍ਰਦੇਸ਼ ਪਹੁੰਚ ਕੇ ਰਚਿਆ ਇਤਿਹਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜ ਸਾਲ ਪਹਿਲਾਂ ਬਿਮਾਰੀ ਅਤੇ ਉਦਾਸੀ ਤੋਂ ਛੁਟਕਾਰਾ ਪਾਉਣ ਲਈ ਸਾਈਕਲ ਚਲਾਉਣਾ ਸ਼ੁਰੂ ਕੀਤਾ ਸੀ

A 45-year-old woman created history by reaching Arunachal Pradesh from Gujarat in 14 days

ਗੁਹਾਟੀ : ਗੁਜਰਾਤ ਤੋਂ ਇਕੱਲੇ ਸਾਈਕਲ ਚਲਾ ਕੇ 14 ਦਿਨਾਂ ’ਚ ਅਰੁਣਾਚਲ ਪ੍ਰਦੇਸ਼ ਪਹੁੰਚ ਕੇ 45 ਸਾਲ ਇਕ ਮਹਿਲਾ ਨੇ ਇਤਿਹਾਸ ਰਚ ਦਿਤਾ। ਦੋ ਬੱਚਿਆਂ ਦੀ ਮਾਂ ਨੇ ਗੁਜਰਾਤ ਤੋਂ ਅਰੁਣਾਚਲ ਪ੍ਰਦੇਸ਼ ਤਕ ਕਰੀਬ 4000 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਇਹ ਸਾਬਤ ਕਰ ਦਿਤਾ ਕਿ ਜੇਕਰ ਇਰਾਦਾ ਪੱਕਾ ਹੋਵੇ ਤਾਂ ਉਮਰ ਕੋਈ ਮਾਈਨੇ ਨਹੀਂ ਰਖਦੀ। 

ਮੁਹਿੰਮ ਦੇ ਨੇਤਾ ਘਨਸ਼ਿਆਮ ਰਘੂਵੰਸੀ ਨੇ ਸੋਮਵਾਰ ਨੂੰ ਦਸਿਆ ਕਿ ਪੁਣੇ ਦੀ ਰਹਿਣ ਵਾਲੀ ਪ੍ਰੀਤੀ ਮਸਕੇ ਨੇ 1 ਨਵੰਬਰ ਨੂੰ ਪਾਕਿਸਤਾਨ ਨਾਲ ਲਗਦੀ ਪਛਮੀ ਸਰਹੱਦ ’ਤੇ ਸਥਿਤ ਕੋਟੇਸਵਰ ਮੰਦਰ ਤੋਂ ਅਪਣੀ ਯਾਤਰਾ ਸ਼ੁਰੂ ਕੀਤੀ ਅਤੇ ਗੁਜਰਾਤ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਪਛਮੀ ਬੰਗਾਲ ਨੂੰ ਕਵਰ ਕਰਦੇ ਹੋਏ ਆਸਾਮ ਅਤੇ ਅਰੁਣਾਚਲ ਪ੍ਰਦੇਸ਼ ਤੋਂ ਹੋ ਕੇ ਲੰਘੀ। ਉਨ੍ਹਾਂ ਕਿਹਾ ਕਿ ਪ੍ਰੀਤੀ ਨੇ ਅਪਣੀ 3995 ਕਿਲੋਮੀਟਰ ਦੀ ਯਾਤਰਾ 13 ਦਿਨ, 19 ਘੰਟੇ ਅਤੇ 12 ਮਿੰਟਾਂ ਵਿਚ ਪੂਰੀ ਕੀਤੀ ਅਤੇ 14 ਨਵੰਬਰ ਦੀ ਅੱਧੀ ਰਾਤ ਨੂੰ ਅਰੁਣਾਚਲ ਪ੍ਰਦੇਸ਼ ਵਿਚ ਚੀਨ ਨਾਲ ਲਗਦੀ ਸਰਹੱਦ ਨੇੜੇ ਕਿਬਿਥੂ ਪਹੁੰਚੀ।

ਪ੍ਰੀਤੀ ਨੇ ਸਿਰਫ਼ 14 ਦਿਨਾਂ ਵਿਚ ਪਛਮ ਤੋਂ ਪੂਰਬ ਤਕ ਯਾਤਰਾ ਕਰ ਕੇ ਪਹਿਲੀ ਮਹਿਲਾ ਇਕੱਲੀ ਸਾਈਕਲਿਸਟ ਹੋਣ ਦੀ ਉਪਲਬਧੀ ਹਾਸਲ ਕੀਤੀ ਹੈ। ਉਸ ਨੇ ਪੰਜ ਸਾਲ ਪਹਿਲਾਂ ਬਿਮਾਰੀ ਅਤੇ ਉਦਾਸੀ ਤੋਂ ਛੁਟਕਾਰਾ ਪਾਉਣ ਲਈ ਸਾਈਕਲ ਚਲਾਉਣਾ ਸ਼ੁਰੂ ਕੀਤਾ ਸੀ। ਰਘੁਵੰਸ਼ੀ ਨੇ ਕਿਹਾ ਕਿ ‘ਵਰਲਡ ਅਲਟਰਾ ਸਾਈਕਲਿੰਗ ਐਸੋਸੀਏਸ਼ਨ’ ਅਤੇ ਗਿਨੀਜ਼ ਵਰਲਡ ਰਿਕਾਰਡ ਦੁਆਰਾ ਕਾਗ਼ਜ਼ੀ ਕਾਰਵਾਈ, ਸਬੂਤ, ਟਾਈਮ ਸਟੈਂਪ ਦੀਆਂ ਤਸਵੀਰਾਂ ਨੂੰ ਸਵੀਕਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ, “ਉਹ ਇਸ ’ਤੇ ਵਿਚਾਰ ਦੇ ਬਾਅਦ ਆਉਣ ਵਾਲੇ ਸਮੇਂ ’ਚ ਸਰਟੀਫ਼ੀਕੇਟ ਦੇਣਗੇ।’’