ਇਕ ਜਨਵਰੀ ਤੋਂ ਪਾਰਕਿੰਗ ਫੀਸ ਹੋਵੇਗੀ 18 ਗੁਣਾ ਵੱਧ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੋਸ਼ੀ ਨੇ ਦੱਸਿਆ ਕਿ ਵਾਹਨਾਂ ਦੇ ਰਜਿਸਟਰੇਸਨ ਦੌਰਾਨ ਪੈਸੇ ਵਸੂਲਣ ਦੀ ਪ੍ਰਕਿਰਿਆ ਕੇਂਦਰੀ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੀ ਸੂਚਨਾ ਦੇ ਆਧਾਰ ਤੇ ਨਿਰਧਾਰਤ ਕੀਤੀ ਜਾਂਦੀ ਹੈ।

Parking

ਨਵੀਂ ਦਿੱਲੀ, ( ਭਾਸ਼ਾ) : ਦਿੱਲੀ ਵਿਚ ਕਾਰ ਖਰੀਦਾਰਾਂ ਨੂੰ ਅਗਲੇ ਸਾਲ ਤੋਂ ਇਕ ਮੁਸ਼ਤ ਪਾਰਕਿੰਗ ਫੀਸ ਦਾ ਭੁਗਤਾਨ ਕਰਨਾ ਪਵੇਗਾ। ਦਿੱਲੀ ਟਰਾਂਸਪੋਰਟ ਵਿਭਾਗ ਦੇ ਤਿੰਨੋ ਨਗਰ ਨਿਗਮਾਂ ( ਉਤਰ, ਦੱਖਣੀ ਅਤੇ ਪੂਰਬੀ ਦਿੱਲੀ ) ਦੀ ਫੀਸ ਵਿਚ ਵਾਧੇ ਦੀ ਸਿਫ਼ਾਰਸ਼ ਨੂੰ ਪ੍ਰਵਾਨਗੀ ਦੇ ਦਿਤੀ ਗਈ ਹੈ। ਨਵੇਂ ਹੁਕਮ ਲਾਗੂ ਹੋਣ ਤੋਂ ਬਾਅਦ ਦਿੱਲੀ ਵਿਚ ਪਾਰਕਿੰਗ ਫੀਸ ਇਸ ਸਾਲ ਦੇ ਮੁਕਾਬਲੇ 18 ਗੁਣਾ ਮਹਿੰਗੀ ਹੋਵੇਗੀ। ਮੋਜੂਦ ਸਮੇਂ ਵਿਚ ਇਕਮੁਸ਼ਤ ਪਾਰਕਿੰਗ ਫੀਸ ਦਰ 4000 ਰੁਪਏ ਹੈ ਜਿਸ ਨੂੰ ਵਧਾ ਕੇ 75000 ਰੁਪਏ ਤੱਕ ਕਰ ਦਿਤਾ ਗਿਆ ਹੈ।

ਇਸ ਸਬੰਧੀ ਆਊਟਗੋਇੰਗ ਟਰਾਂਸਪੋਰਟ ਕਮਿਸ਼ਨਰ ਵਰਸ਼ਾ ਜੋਸ਼ੀ ਨੇ ਹੁਕਮ ਜ਼ਾਰੀ ਕੀਤਾ।  ਇਸ ਵਿਚ ਕਿਹਾ ਗਿਆ ਹੈ ਕਿ ਪਾਰਕਿੰਗ ਦੀਆਂ ਨਵੀਆਂ ਦਰਾਂ ਇਕ ਜਨਵਰੀ 2019 ਤੋਂ ਲਾਗੂ ਹੋਣਗੀਆਂ। ਵਰਸ਼ਾ ਜੋਸ਼ੀ ਇਸ ਵੇਲੇ ਉਤਰੀ ਦਿੱਲੀ ਨਗਰ ਨਿਗਮ ਦੇ ਕਮਿਸ਼ਨਰ ਦੇ ਅਹੁਦੇ 'ਤੇ ਹਨ। ਤਿੰਨੋ ਨਗਰ ਨਿਗਮਾਂ ਵੱਲੋਂ ਟਰਾਂਸਪੋਰਟ ਵਿਭਾਗ ਪਾਰਕਿੰਗ ਫੀਸ ਜਮ੍ਹਾਂ ਕਰਦਾ ਹੈ। ਇਸ ਰਕਮ ਦੀ ਵਰਤੋਂ ਦਿੱਲੀ ਵਿਚ ਪਾਰਕਿੰਗ ਦੇ ਬੁਨਿਆਦੀ ਢਾਂਚੇ ਨੂੰ ਬਣਾਉਣ ਵਿਚ ਕੀਤੀ ਜਾਂਦੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਪਾਰਕਿੰਗ ਫੀਸ ਵਧਾਉਣ ਲਈ ਤਿੰਨੋ ਨਗਰ ਨਿਗਮਾਂ ਦੇ ਮਤੇ ਕੁਝ ਸਮੇਂ ਤੋਂ ਲਟਕ ਰਹੇ ਸਨ।

ਟਰਾਂਸਪੋਰਟ ਕਮਿਸ਼ਨਰ ਨੇ ਦਫ਼ਤਰ ਦੇ ਅਪਣੇ ਆਖਰੀ ਦਿਨ ਇਸ ਨੂੰ ਪ੍ਰਵਾਨਗੀ ਦਿਤੀ। ਦੂਜੇ ਪਾਸੇ ਨਵੇਂ ਹੁਕਮਾਂ ਤੋਂ ਬੱਸ ਅਤੇ ਟੈਕਸੀ ਚਾਲਕ ਨਾਰਾਜ਼ ਹਨ। ਕਿਉਂਕਿ ਹੁਣ ਵਪਾਰਕ ਵਾਹਨਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਲਈ ਸਾਲਾਨਾ ਪਾਰਕਿੰਗ ਫੀਸ ਮੌਜੂਦਾ 2500-4000 ਰੁਪਏ ਤੋਂ ਵਧਾ ਕੇ 10,000-25,000 ਰੁਪਏ ਹੋ ਜਾਵੇਗਾ। ਹੁਕਮ ਮੁਤਾਬਕ ਵਾਹਨ ਦੀ ਲਾਗਤ ਦੇ ਆਧਾਰ 'ਤੇ ਨਿਜੀ ਕਾਰਾਂ ਅਤੇ ਸਪੋਰਟਸ ਯੂਟੀਲਿਟੀ ਵਾਹਨਾਂ ਦੇ ਲਈ ਇਕਮੁਸ਼ਥਤ ਪਾਰਕਿੰਗ ਫੀਸ 6000 ਤੋਂ 75000 ਰੁਪਏ ਤੱਕ ਹੋਵੇਗੀ। ਭਾਵ ਕਿ ਇਸ ਵਿਚ 18 ਗੁਣਾ ਦਾ ਵਾਧਾ ਹੋਵੇਗਾ।

ਜੋਸ਼ੀ ਨੇ ਦੱਸਿਆ ਕਿ ਵਾਹਨਾਂ ਦੇ ਰਜਿਸਟਰੇਸਨ ਦੌਰਾਨ ਪੈਸੇ ਵਸੂਲਣ ਦੀ ਪ੍ਰਕਿਰਿਆ ਕੇਂਦਰੀ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੀ ਸੂਚਨਾ ਦੇ ਆਧਾਰ ਤੇ ਨਿਰਧਾਰਤ ਕੀਤੀ ਜਾਂਦੀ ਹੈ, ਨਾ ਕਿ ਟਰਾਂਸਪੋਰਟ ਵਿਭਾਗ ਵੱਲੋਂ। ਟਰਾਂਸਪੋਰਟ ਵਿਭਾਗ ਇਸ ਪ੍ਰਕਿਰਿਆ ਵਿਚ ਸਿਰਫ ਡਾਕਖਾਨੇ ਵਰਗੀ ਭੂਮਿਕਾ ਨਿਭਾਉਂਦਾ ਹੈ। ਦਿੱਲੀ ਸਰਕਾਰ ਵੱਲੋਂ ਨਵੇਂ ਪਾਰਕਿੰਗ ਐਕਟ ਦੀ ਸੂਚਨਾ ਆਉਣ ਤੋਂ ਬਾਅਦ ਪਾਰਕਿੰਗ ਵਿਵਸਥਾ ਨੂੰ ਸਪਾਟ ਪਾਰਕਿੰਗ ਫੀਸ ਤੋਂ ਬਦਲ ਦਿਤਾ ਜਾਵੇਗਾ।