ਨਾਗਰਿਕਤਾ ਸੋਧ ਕਾਨੂੰਨ 'ਤੇ ਸਿਰਫ਼ 10 ਲਾਈਨਾਂ ਬੋਲ ਕੇ ਵਿਖਾਵੇ ਰਾਹੁਲ : ਨੱਡਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ 'ਤੇ ਵੋਟ ਬੈਂਕ ਲਈ ਸਿਆਸੀ ਰੋਟੀਆਂ ਸੇਕਣ ਦਾ ਦੋਸ਼

file photo

ਇੰਦੋਰ : ਸਰਕਾਰ ਵਲੋਂ ਨਾਗਰਿਕਤਾ ਸੋਧ ਕਾਨੂੰਨ ਪਾਸ ਕਰਨ ਤੋਂ ਬਾਅਦ ਦੇਸ਼ ਅੰਦਰ ਰੋਸ਼ ਪ੍ਰਦਰਸ਼ਨਾਂ ਦਾ ਦੌਰ ਜਾਰੀ ਹੈ। ਉਤਰ ਪ੍ਰਦੇਸ਼, ਦਿੱਲੀ ਅਤੇ ਪੱਛਮੀ ਬੰਗਾਲ ਵਿਚ ਵੀ ਪ੍ਰਦਰਸ਼ਨਾਂ ਨੇ ਹਿੰਸਕ ਰੁਖ ਅਖਤਿਆਰ ਕਰ ਲਿਆ ਹੈ। ਦੂਜੇ ਵਿਰੋਧੀ ਧਿਰ ਦੀ ਲਾਮਬੰਦੀ ਵੀ ਹੋਰ ਮੋਕਲੀ ਹੁੰਦੀ ਜਾ ਰਹੀ ਹੈ। ਪੂਰੀ ਵਿਰੋਧੀ ਧਿਰ ਸਰਕਾਰ ਨੂੰ ਘੇਰਨ 'ਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਵਿਰੋਧੀ ਧਿਰ ਦੇ ਆਗੂਆਂ ਨੇ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆਂ ਗਾਂਧੀ ਦੀ ਅਗਵਾਈ 'ਚ ਰਾਸ਼ਟਰਪਤੀ ਨੂੰ ਮਿਲ ਕੇ ਇਸ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।

ਦੂਜੇ ਪਾਸੇ ਸੱਤਾਧਾਰੀ ਧਿਰ ਦੇ ਆਗੂ ਵੀ ਵਿਰੋਧੀਆਂ 'ਤੇ ਜਵਾਬੀ ਹਮਲੇ ਕਰ ਰਹੇ ਹਨ। ਭਾਜਪਾ ਦੇ ਕਾਰਜਕਾਰੀ ਪਧਾਨ ਜਗਤ ਪ੍ਰਕਾਸ਼ ਨੱਡਾ ਨੇ ਇੰਦੌਰ 'ਚ ਕਾਂਗਰਸ ਦੇ ਚੋਟੀ ਦੀ ਲੀਡਰਸ਼ਿਪ 'ਤੇ ਹਮਲਾ ਬੋਲਿਆ ਹੈ। ਨੱਡਾ ਨੇ ਐਤਵਾਰ ਨੂੰ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਦਿਆਂ ਰਾਹੁਲ ਨੂੰ ਇਸ ਕਾਨੂੰਨ ਦੇ ਪ੍ਰਬੰਧਾਂ 'ਤੇ ਸਿਰਫ਼ 10 ਲਾਈਨਾਂ ਬੋਲ ਕੇ ਦਿਖਾਉਣ ਦੀ ਚੁਨੌਤੀ ਦਿਤੀ ਹੈ।

ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ 'ਚ ਇੱਥੇ ਭਾਜਪਾ ਵਲੋਂ ਕਰਵਾਈ ਗਈ ਧੰਨਵਾਦ  ਸਮਾਗਮ ਦੌਰਾਨ ਨੱਡਾ ਨੇ ਕਿਹਾ ਕਿ ਮੈਂ ਰਾਹੁਲ ਗਾਂਧੀ ਨੂੰ ਨਾਗਰਿਕਤਾ ਸੋਧ ਕਾਨੂੰਨ ਦੇ ਪ੍ਰਬੰਧਾਂ 'ਤੇ ਸਿਰਫ਼ 10 ਲਾਈਨਾਂ ਬੋਲਣ ਲਈ ਕਹਿਣਾ ਚਾਹੁੰਦਾ ਹਾਂ। ਉਹ ਸਿਰਫ਼ ਦੋ ਲਾਈਨਾਂ ਉਨ੍ਹਾਂ ਦੇ ਪ੍ਰਬੰਧਾਂ 'ਤੇ ਵੀ ਬੋਲ ਕੇ ਦਿਖਾਉਣ ਜਿਨ੍ਹਾਂ ਕਾਰਨ ਕਥਿਤ ਤੌਰ 'ਤੇ ਦੇਸ਼ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਜਿਹੜੇ ਲੋਕ ਦੇਸ਼ ਦੀ ਅਗਵਾਈ ਕਰਨ ਦਾ ਦਮ ਭਰਦੇ ਹਨ, ਉਨ੍ਹਾਂ ਨੂੰ ਨਾਗਰਿਕਤਾ ਸੋਧ ਕਾਨੂੰਨ ਬਾਰੇ ਮੁਢਲੀਆਂ ਗੱਲਾਂ ਦਾ ਵੀ ਇਲਮ ਤਕ ਨਹੀਂ ਹੈ। ਦੇਸ਼ 'ਚ ਪਿਛਲੇ  ਇਕ ਹਫ਼ਤੇ ਦੌਰਾਨ ਜਾਰੀ ਹਿੰਸਕ ਪ੍ਰਦਰਸ਼ਨਾਂ ਕਾਰਨ ਦੇਸ਼ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਪਰ ਰਾਹੁਲ ਨੇ ਇਸ ਨੁਕਸਾਨ ਦੀ ਨਿੰਦਾ ਕਰਨ ਸਬੰਧੀ ਕੋਈ ਬਿਆਨ ਨਹੀਂ ਦਿਤਾ।

ਉਨ੍ਹਾਂ ਕਿਹਾ ਕਿ ਕਾਂਗਰਸ ਤੇ ਭਾਜਪਾ ਦੀ ਵਿਚਾਰਧਾਰਕ ਲੜਾਈ ਤਾਂ ਹੋ ਸਕਦੀ ਹੈ, ਪਰ ਹਿੰਸਾ ਦਾ ਸਮਰਥਨ ਕਰਨਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਨੱਡਾ ਨੇ ਦੋਸ਼ ਲਾਇਆ ਕਿ ਕਾਂਗਰਸ ਨਾਗਰਿਕਤਾ ਸੋਧ ਕਾਨੂੰਨ 'ਤੇ ਲੋਕਾਂ ਨੂੰ ਗੁੰਮਰਾਹ ਕਰ ਕੇ ਇਕ ਵਿਸ਼ੇਸ਼ ਵਰਗ ਦੇ ਲੋਕਾਂ ਨੂੰ ਭੜਕਾ ਰਹੀ ਹੈ ਅਤੇ ਅਪਣੇ ਵੋਟ ਬੈਂਕ ਦੀ ਮਜਬੂਤੀ ਨੂੰ ਦੇਸ਼ ਤੋਂ ਉਪਰ ਰੱਖ ਕੇ ਹਿੰਸਾ ਦੀ ਅੱਗ ਵਿਚ ਸਿਆਸੀ ਰੋਟੀਆਂ ਸੇਕ ਰਹੀ ਹੈ।