ਦੇਸ਼ ਵਿਚ ਕੋਵਿਡ-19 ਪਾਬੰਦੀਆਂ ਲਾਗੂ: ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦਾ ਹੋਵੇਗਾ ਕੋਰੋਨਾ ਟੈਸਟ
ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਕਿ ਅਸੀਂ ਲਾਪਰਵਾਹ ਨਹੀਂ ਹੋ ਸਕਦੇ।
ਨਵੀਂ ਦਿੱਲੀ: ਦੇਸ਼ ਵਿਚ ਕੋਵਿਡ ਨੂੰ ਲੈ ਕੇ ਪਾਬੰਦੀਆਂ ਅੱਜ ਤੋਂ ਹੀ ਸ਼ੁਰੂ ਹੋ ਗਈਆਂ ਹਨ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਕਿ ਅਸੀਂ ਲਾਪਰਵਾਹ ਨਹੀਂ ਹੋ ਸਕਦੇ, ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਕ ਇੰਟਰਵਿਊ ਵਿਚ ਮਾਂਡਵੀਆ ਨੇ ਦੱਸਿਆ ਕਿ ਚੀਨ ਦੀ ਹਾਲਤ ਬਹੁਤ ਖਰਾਬ ਹੈ। ਇਸ ਦੇ ਨਾਲ ਹੀ ਉਹਨਾਂ ਨੇ ਭਰੋਸਾ ਪ੍ਰਗਟਾਇਆ ਕਿ ਪਿਛਲੀ ਵਾਰ ਵੀ ਅਸੀਂ ਕੋਵਿਡ ਨੂੰ ਦੂਜੇ ਦੇਸ਼ਾਂ ਦੇ ਮੁਕਾਬਲੇ ਬਿਹਤਰ ਢੰਗ ਨਾਲ ਸੰਭਾਲਿਆ ਸੀ। ਸਾਡੇ ਕੋਲ ਤਜਰਬਾ ਹੈ ਇਸ ਲਈ ਇਸ ਵਾਰ ਵੀ ਇਸ ਨੂੰ ਚੰਗੀ ਤਰ੍ਹਾਂ ਸੰਭਾਲਾਂਗੇ।
ਉਹਨਾਂ ਕਿਹਾ ਕਿ ਚੀਨ ਵਿਚ ਸ਼ਮਸ਼ਾਨਘਾਟ ’ਤੇ ਬਹੁਤ ਜ਼ਿਆਦਾ ਭੀੜ ਹੈ। ਦੂਜੀ ਲਹਿਰ ਵਿਚ ਵੀ ਭਾਰਤ ਦੀ ਹਾਲਤ ਓਨੀ ਮਾੜੀ ਨਹੀਂ ਸੀ ਜਿੰਨੀ ਹੁਣ ਚੀਨ ਵਿਚ ਹੈ। ਉੱਥੇ ਤਬਾਹੀ ਮਚਾਉਣ ਵਾਲਾ ਵਾਇਰਸ ਹੋਰ ਵੀ ਖ਼ਤਰਨਾਕ ਹੁੰਦਾ ਜਾ ਰਿਹਾ ਹੈ। ਨਵੀਆਂ ਪਾਬੰਦੀਆਂ ਬਾਰੇ ਗੱਲ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਅਸੀਂ ਵੀਰਵਾਰ ਤੋਂ ਹੀ ਦੇਸ਼ ਵਿਚ ਜ਼ਰੂਰੀ ਪਾਬੰਦੀਆਂ ਲਗਾਉਣਾ ਸ਼ੁਰੂ ਕਰ ਰਹੇ ਹਾਂ। ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦਾ ਕੋਰੋਨਾ ਟੈਸਟ ਕੀਤਾ ਜਾਵੇਗਾ। ਏਅਰਪੋਰਟ 'ਤੇ ਵੀ ਰੈਂਡਮ ਚੈਕਿੰਗ ਕੀਤੀ ਜਾਵੇਗੀ। ਇਸ ਵਾਰ ਵੀ ਅਸੀਂ ਕੋਵਿਡ ਨਾਲ ਨਜਿੱਠਣ ਲਈ ਪਹਿਲਾਂ ਵਾਂਗ ਹੀ ਕੰਮ ਕਰਾਂਗੇ।
ਦੇਸ਼ ਵਿਚ ਕੋਰੋਨਾ ਦੀ ਸਥਿਤੀ ਬਾਰੇ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਭਾਰਤ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਪਰ ਗੰਭੀਰਤਾ ਬਹੁਤ ਜ਼ਰੂਰੀ ਹੈ। ਹੁਣ ਸਾਨੂੰ ਹਰ ਪੱਧਰ 'ਤੇ ਸੁਚੇਤ ਰਹਿਣਾ ਪਵੇਗਾ। ਉਹਨਾਂ ਨੇ ਇਸ ਗੱਲ ’ਤੇ ਵੀ ਸਹਿਮਤੀ ਜਤਾਈ ਕਿ ਵਾਇਰਸ ਚੀਨ-ਅਮਰੀਕਾ-ਅਫਰੀਕਾ-ਯੂਰਪ ਦੇ ਰਸਤੇ ਭਾਰਤ ਆ ਸਕਦਾ ਹੈ। ਇਸੇ ਕਾਰਨ ਹਵਾਈ ਅੱਡੇ 'ਤੇ ਜਾਂਚ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ BF-7 ਵੇਰੀਐਂਟ ਵੀ ਬਦਲ ਰਿਹਾ ਹੈ। ਇਸ ਗੱਲ ਨੂੰ ਹੋਰ ਖਤਰਨਾਕ ਕਿਹਾ ਜਾ ਸਕਦਾ ਹੈ। ਇਸ ਵੇਰੀਐਂਟ ਦੇ ਮਾਮਲੇ ਪਹਿਲਾਂ ਵੀ ਭਾਰਤ ਵਿਚ ਵੀ ਸਾਹਮਣੇ ਆਏ ਹਨ। ਸੂਬਿਆਂ ਦੀ ਸਥਿਤੀ ਬਾਰੇ ਗੱਲ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਕਿਸੇ ਇਕ ਰਾਜ ਦੇ ਸਬੰਧ ਵਿਚ ਇਸ ਬਾਰੇ ਗੱਲ ਨਹੀਂ ਕੀਤੀ ਜਾ ਸਕਦੀ। ਦੇਸ਼ 'ਚ ਅਜੇ ਮਾਮਲੇ ਵਧਣੇ ਸ਼ੁਰੂ ਨਹੀਂ ਹੋਏ ਹਨ। ਗੁਜਰਾਤ ਸਮੇਤ ਸਾਰੇ ਸੂਬਿਆਂ ਨੂੰ ਅਲਰਟ ਰਹਿਣਾ ਹੋਵੇਗਾ। ਉਹਨਾਂ ਦੱਸਿਆ ਕਿ ਕੋਰੋਨਾ ਦੇ ਬਦਲਦੇ ਰੂਪਾਂ ਨੂੰ ਸਮਝਣ ਲਈ ਕੇਂਦਰ ਸਰਕਾਰ ਦੀ ਸਮੀਖਿਆ ਮੀਟਿੰਗ ਹੋਣ ਜਾ ਰਹੀ ਹੈ।
ਇਸ ਤੋਂ ਇਲਾਵਾ ਸਕੱਤਰ ਪੱਧਰ 'ਤੇ ਸੂਬਿਆਂ ਨਾਲ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਫਿਲਹਾਲ ਸਾਰੇ ਸੂਬਿਆਂ ਨੂੰ ਜੀਨੋਮ ਸੀਕਵੈਂਸਿੰਗ ਵਧਾਉਣ ਲਈ ਅਲਰਟ ਕੀਤਾ ਗਿਆ ਹੈ। ਮਾਂਡਵੀਆ ਨੇ ਕਿਹਾ ਕਿ ਚੀਨ ਦੀ ਵੈਕਸੀਨ ਫੇਲ ਹੋ ਚੁੱਕੀ ਹੈ। ਚੀਨ ਨੇ ਲੰਬੇ ਸਮੇਂ ਤੋਂ ਜ਼ੀਰੋ ਕੋਵਿਡ ਨੀਤੀ ਲਾਗੂ ਕੀਤੀ ਸੀ। ਲੋਕਾਂ ਨੂੰ ਦੋ ਸਾਲ ਤੱਕ ਘਰਾਂ ਵਿਚ ਬੰਦ ਰੱਖਿਆ ਗਿਆ। ਲੋਕ ਬਾਹਰ ਨਹੀਂ ਨਿਕਲ ਰਹੇ ਸਨ ਅਤੇ ਥੱਕ ਗਏ ਸਨ। ਹੁਣ ਚੀਨ ਦੇ ਹਸਪਤਾਲਾਂ ਵਿਚ ਬੈੱਡਾਂ ਦੀ ਕਮੀ ਹੈ। ਮਰੀਜ਼ਾਂ ਦਾ ਜ਼ਮੀਨ 'ਤੇ ਇਲਾਜ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਚੀਨ ਦੀ ਸਥਿਤੀ ਇਸ ਸਮੇਂ ਡਰਾਉਣੀ ਹੈ।