ਉਨਾਓ ਬਲਾਤਕਾਰ ਮਾਮਲਾ - ਸੇਂਗਰ ਦੀ ਪਟੀਸ਼ਨ 'ਤੇ ਅਦਾਲਤ ਨੇ ਮੰਗਿਆ ਸੀ.ਬੀ.ਆਈ. ਦਾ ਪੱਖ 

ਏਜੰਸੀ

ਖ਼ਬਰਾਂ, ਰਾਸ਼ਟਰੀ

ਅਦਾਲਤ ਨੇ ਸੀ.ਬੀ.ਆਈ. ਨੂੰ ਕਿਹਾ ਕਿ ਸਥਿਤੀ ਰਿਪੋਰਟ ਦਾਇਰ ਕੀਤੀ ਜਾਵੇ

Image

 

ਨਵੀਂ ਦਿੱਲੀ - ਦਿੱਲੀ ਹਾਈ ਕੋਰਟ ਨੇ ਵੀਰਵਾਰ ਨੂੰ ਸੀ.ਬੀ.ਆਈ. ਨੂੰ ਉੱਤਰ ਪ੍ਰਦੇਸ਼ ਦੇ ਉਨਾਓ ਬਲਾਤਕਾਰ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਭਾਜਪਾ ਦੇ ਬਰਖ਼ਾਸਤ ਆਗੂ ਕੁਲਦੀਪ ਸੇਂਗਰ ਦੀ ਅੰਤਰਿਮ ਰਿਹਾਈ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ ਆਪਣਾ ਪੱਖ ਦੱਸਣ ਲਈ ਕਿਹਾ ਹੈ।

ਜਸਟਿਸ ਮੁਕਤਾ ਗੁਪਤਾ ਅਤੇ ਪੂਨਮ ਏ. ਬਾਂਬਾ ਦੇ ਬੈਂਚ ਨੇ ਸੇਂਗਰ ਦੀ ਅੰਤਰਿਮ ਜ਼ਮਾਨਤ ਦੀ ਅਰਜ਼ੀ 'ਤੇ ਨੋਟਿਸ ਜਾਰੀ ਕੀਤਾ, ਅਤੇ ਜਾਂਚ ਏਜੰਸੀ (ਸੀ.ਬੀ.ਆਈ.) ਨੂੰ ਸਥਿਤੀ ਰਿਪੋਰਟ ਦਾਇਰ ਕਰਨ ਲਈ ਕਿਹਾ। ਸੇਂਗਰ ਨੇ ਆਪਣੀ ਧੀ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਸਜ਼ਾ 'ਤੇ ਅਸਥਾਈ ਰੋਕ ਦੇ ਨਾਲ ਅੰਤਰਿਮ ਜ਼ਮਾਨਤ ਦੀ ਮੰਗ ਕੀਤੀ ਹੈ।

ਅਦਾਲਤ ਨੇ ਕਿਹਾ, ''ਨੋਟਿਸ... ਅਰਜ਼ੀ ਦੀ ਤਸਦੀਕ ਕੀਤੀ ਜਾਵੇ ਅਤੇ ਸਥਿਤੀ ਰਿਪੋਰਟ ਦਾਇਰ ਕੀਤੀ ਜਾਵੇ।'' ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 16 ਜਨਵਰੀ ਦੀ ਤੈਅ ਕੀਤੀ ਹੈ। 

ਸੇਂਗਰ ਦੇ ਵਕੀਲ ਨੇ ਬੈਂਚ ਨੂੰ ਦੱਸਿਆ ਕਿ ਵਿਆਹ 8 ਫਰਵਰੀ ਨੂੰ ਹੋਵੇਗਾ ਅਤੇ ਇਸ ਨਾਲ ਸੰਬੰਧਿਤ ਇੱਕ ਸਮਾਗਮ ਜਨਵਰੀ ਵਿੱਚ ਹੋਵੇਗਾ।

ਇਸ ਤੋਂ ਪਹਿਲਾਂ ਡਿਵੀਜ਼ਨ ਬੈਂਚ ਅਧੀਨ ਮਾਮਲੇ ਦੀ ਸੁਣਵਾਈ ਕਰ ਰਹੇ ਜਸਟਿਸ ਤਲਵੰਤ ਸਿੰਘ ਨੇ ਇਸ ਮਾਮਲੇ ਦੀ ਸੁਣਵਾਈ ਤੋਂ ਖ਼ੁਦ ਨੂੰ ਵੱਖ ਕਰ ਲਿਆ ਸੀ।

ਉਦੋਂ ਹਾਈ ਕੋਰਟ ਨੂੰ ਦੱਸਿਆ ਗਿਆ ਸੀ ਕਿ ਸੇਂਗਰ (ਵਿਆਹ ਨਾਲ ਸੰਬੰਧਿਤ) ਸਮਾਗਮਾਂ ਵਿੱਚ ਹਿੱਸਾ ਲੈਣ ਲਈ ਦੋ ਮਹੀਨਿਆਂ ਲਈ ਅੰਤਰਿਮ ਜ਼ਮਾਨਤ ਦੀ ਮੰਗ ਕਰ ਰਿਹਾ ਸੀ ਅਤੇ ਇਹ ਸਮਾਗਮ 18 ਜਨਵਰੀ ਤੋਂ ਸ਼ੁਰੂ ਹੋਣਗੇ।

ਉਨਾਓ ਬਲਾਤਕਾਰ ਮਾਮਲੇ ਵਿੱਚ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਸੇਂਗਰ ਵੱਲੋਂ ਦਾਇਰ ਕੀਤੀ ਗਈ ਅਪੀਲ ਪਹਿਲਾਂ ਹੀ ਹਾਈ ਕੋਰਟ ਵਿੱਚ ਵਿਚਾਰ ਅਧੀਨ ਹੈ।

ਉਸ ਨੇ ਹੇਠਲੀ ਅਦਾਲਤ ਦੇ 16 ਦਸੰਬਰ, 2019 ਦੇ ਉਸ ਨੂੰ ਦੋਸ਼ੀ ਠਹਿਰਾਉਣ ਵਾਲੇ ਫ਼ੈਸਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਉਸਨੇ 20 ਦਸੰਬਰ, 2019 ਦੇ ਆਦੇਸ਼ ਨੂੰ ਵੀ ਰੱਦ ਕਰਨ ਦੀ ਮੰਗ ਕੀਤੀ ਹੈ, ਜਿਸ ਵਿੱਚ ਉਸ ਨੂੰ ਉਸਦੀ ਬਾਕੀ ਦੀ ਉਮਰ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਗ਼ੁਜ਼ਾਰਨ ਦੀ ਸਜ਼ਾ ਸੁਣਾਈ ਗਈ ਸੀ।

ਹੇਠਲੀ ਅਦਾਲਤ ਨੇ ਸੇਂਗਰ ਨੂੰ ਆਈ.ਪੀ.ਸੀ. ਦੀ ਧਾਰਾ 376 (2) ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ੀ ਠਹਿਰਾਇਆ ਸੀ। ਇਹ ਧਾਰਾ 'ਲੋਕ ਸੇਵਕ ਦੁਆਰਾ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਬੰਧਕ ਔਰਤ ਜਾਂ ਅਧੀਨ ਔਰਤ ਨਾਲ ਬਲਾਤਕਾਰ ਕਰਨ ਦੇ ਜੁਰਮ' ਨਾਲ ਸੰਬੰਧਿਤ ਹੈ।

ਇਸਤਗਾਸਾ ਪੱਖ ਮੁਤਾਬਕ ਸੇਂਗਰ ਨੇ 2017 'ਚ ਇੱਕ ਲੜਕੀ ਨੂੰ ਅਗਵਾ ਕਰ ਕੇ ਬਲਾਤਕਾਰ ਕੀਤਾ ਸੀ।