Indian Science Congress: ਮੇਜ਼ਬਾਨ ਐਲ.ਪੀ.ਯੂ. ਦੇ ਪਿੱਛੇ ਹਟਣ ਮਗਰੋਂ 109ਵੀਂ ਇੰਡੀਅਨ ਸਾਇੰਸ ਕਾਂਗਰਸ ਮੁਲਤਵੀ
ਆਈ.ਐਸ.ਸੀ.ਏ. 1914 ਤੋਂ ਹਰ ਸਾਲ ਇੰਡੀਅਨ ਸਾਇੰਸ ਕਾਂਗਰਸ ਕਰਵਾ ਰਿਹਾ ਹੈ।
Indian Science Congress: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ.) ਨੇ ਇੰਡੀਅਨ ਸਾਇੰਸ ਕਾਂਗਰਸ ਦੇ 109ਵੇਂ ਐਡੀਸ਼ਨ ਦੀ ਮੇਜ਼ਬਾਨੀ ਕਰਨ ਤੋਂ ਅਸਮਰੱਥਾ ਜ਼ਾਹਰ ਕੀਤੀ ਹੈ, ਜਿਸ ਤੋਂ ਬਾਅਦ ਇਸ ਪ੍ਰੋਗਰਾਮ ਨੂੰ ਮੁਲਤਵੀ ਕਰ ਦਿਤਾ ਗਿਆ ਹੈ। ਪ੍ਰਬੰਧਕਾਂ ਨੇ ਇਹ ਜਾਣਕਾਰੀ ਦਿਤੀ।
ਸਾਲਾਨਾ ਕਾਨਫਰੰਸ ਕਰਵਾਉਣ ਵਾਲੀ ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸ਼ਨ (ਆਈ.ਐਸ.ਸੀ.ਏ.) ਨੇ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਨੂੰ ਇਸ ਪ੍ਰੋਗਰਾਮ ਦੀ ਮੇਜ਼ਬਾਨੀ ਕਰਨ ਦੀ ਖੁੱਲ੍ਹੀ ਅਪੀਲ ਕਰਨ ਦਾ ਫੈਸਲਾ ਕੀਤਾ ਹੈ। ਆਈ.ਐਸ.ਸੀ.ਏ. 1914 ਤੋਂ ਹਰ ਸਾਲ ਇੰਡੀਅਨ ਸਾਇੰਸ ਕਾਂਗਰਸ ਕਰਵਾ ਰਿਹਾ ਹੈ।
ਆਜ਼ਾਦੀ ਤੋਂ ਬਾਅਦ ਹਰ ਸਾਲ ਪ੍ਰਧਾਨ ਮੰਤਰੀ ਇਸ ਪ੍ਰੋਗਰਾਮ ਦਾ ਉਦਘਾਟਨ ਕਰਦੇ ਰਹੇ ਹਨ। ਆਈ.ਐਸ.ਸੀ.ਏ. ਦੇ ਪ੍ਰਧਾਨ ਅਰਵਿੰਦ ਸਕਸੈਨਾ ਨੇ ਵੀਰਵਾਰ ਨੂੰ ਕਿਹਾ, ‘‘ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਦੀ ਅੱਜ ਸ਼ਾਮ ਮੀਟਿੰਗ ਹੋਈ ਅਤੇ 109ਵੀਂ ਸਾਇੰਸ ਕਾਂਗਰਸ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ। ਅਸੀਂ ਸਮਾਗਮ ਦੀ ਮੇਜ਼ਬਾਨੀ ਕਰਨ ’ਚ ਦਿਲਚਸਪੀ ਰੱਖਣ ਵਾਲੀਆਂ ਯੂਨੀਵਰਸਿਟੀਆਂ ਲਈ ਅਪਣੀ ਵੈੱਬਸਾਈਟ ’ਤੇ ਇਕ ਅਪੀਲ ਪੋਸਟ ਕਰਨ ਦਾ ਵੀ ਫੈਸਲਾ ਕੀਤਾ ਹੈ।
ਸਕਸੈਨਾ ਨੇ ਕਿਹਾ ਕਿ ਆਈ.ਐਸ.ਸੀ.ਏ. ਫਰਵਰੀ ਤਕ ਉਡੀਕ ਕਰੇਗਾ ਅਤੇ ਵੇਖੇਗਾ ਕਿ ਕੀ ਕੋਈ ਯੂਨੀਵਰਸਿਟੀ ਇਸ ਸਮਾਗਮ ਦੀ ਮੇਜ਼ਬਾਨੀ ਕਰਨ ’ਚ ਦਿਲਚਸਪੀ ਰੱਖਦੀ ਹੈ। ਆਈ.ਐਸ.ਸੀ.ਏ. ਨੇ ਸਾਇੰਸ ਕਾਂਗਰਸ ਦੀ ਮੇਜ਼ਬਾਨੀ ਲਈ ਸੰਭਾਵਤ ਸਥਾਨਾਂ ਦੀ ਪਛਾਣ ਕਰਨ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਇਹ ਫੈਸਲਾ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵਲੋਂ ਸਾਲਾਨਾ ਸਮਾਗਮ ਨੂੰ ਸਪਾਂਸਰ ਕਰਨ ’ਤੇ ਪਾਬੰਦੀ ਲਗਾਉਣ ਦੇ ਐਲਾਨ ਦੇ ਪਿਛੋਕੜ ’ਚ ਆਇਆ ਹੈ।
(For more news apart from 109th Indian Science Congress on hold as host LPU pulls out, stay tuned to Rozana Spokesman)