ਪ੍ਰਿਅੰਕਾ ਮਿਹਨਤੀ ਹੈ, ਇਸ ਲਈ ਭਾਜਪਾ ਵਾਲੇ ਡਰੇ ਹੋਏ ਹਨ : ਰਾਹੁਲ ਗਾਂਧੀ
ਰਾਹੁਲ ਨੇ ਕਿਹਾ ਕਿ ਪ੍ਰਿਅੰਕਾ ਦੇ ਆਉਣ ਨਾਲ ਉਤਰ ਪ੍ਰਦੇਸ਼ ਵਿਚ ਨਵੇਂ ਤਰੀਕੇ ਦੀ ਸੋਚ ਆਵੇਗੀ ਅਤੇ ਰਾਜਨੀਤੀ ਵਿਚ ਸਾਕਾਰਾਤਮਕ ਬਦਲਾਅ ਆਵੇਗਾ।
ਨਵੀਂ ਦਿੱਲੀ : ਕਾਂਗਰਸ ਮੁਖੀ ਰਾਹੁਲ ਗਾਂਧੀ ਨੇ ਭੈਣ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਪਾਰਟੀ ਦਾ ਜਨਰਲ ਸਕੱਤਰ ਅਤੇ ਪੂਰਬੀ ਉਤਰ ਪ੍ਰਦੇਸ਼ ਦਾ ਮੁਖੀ ਬਣਾਏ ਜਾਣ 'ਤੇ ਕਿਹਾ ਕਿ ਪ੍ਰਿਅੰਕਾ ਦੇ ਆਉਣ ਨਾਲ ਉਤਰ ਪ੍ਰਦੇਸ਼ ਵਿਚ ਨਵੇਂ ਤਰੀਕੇ ਦੀ ਸੋਚ ਆਵੇਗੀ ਅਤੇ ਰਾਜਨੀਤੀ ਵਿਚ ਸਾਕਾਰਾਤਮਕ ਬਦਲਾਅ ਆਵੇਗਾ। ਰਾਹੁਲ ਨੇ ਅਮੇਠੀ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਉਤਰ ਪ੍ਰਦੇਸ਼ ਵਿਚ ਪ੍ਰਿਅੰਕਾ ਗਾਂਧੀ ਅਤੇ ਜਯੋਤੀਰਾਦਿਤਿਆ ਸਿੰਧਿਆ ਨੂੰ ਮਿਸ਼ਨ ਦਿਤਾ ਹੈ
ਕਿ ਉਹ ਰਾਜ ਵਿਚ ਕਾਂਗਰਸ ਦੀ ਸੱਚੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਜੋ ਕਿ ਨਾ ਸਿਰਫ ਗਰੀਬਾਂ ਅਤੇ ਕਮਜ਼ੋਰ ਲੋਕਾਂ ਦੀ ਵਿਚਾਰਧਾਰਾ ਹੈ ਸਗੋਂ ਸਾਰਿਆਂ ਨੂੰ ਅੱਗੇ ਲਿਜਾਣ ਦੀ ਵਿਚਾਰਧਾਰਾ ਵੀ ਹੈ। ਉਹਨਾਂ ਕਿਹਾ ਕਿ ਮੈਨੂੰ ਪੂਰੀ ਭਰੋਸਾ ਹੈ ਕਿ ਪ੍ਰਿਅੰਕਾ ਅਤੇ ਜਯੋਤੀਰਾਦਿਤਿਆ ਕੰਮ ਕਰਨਗੇ। ਉਤਰ ਪ੍ਰਦੇਸ਼ ਅਤੇ ਇਥੇ ਦੇ ਨੌਜਵਾਨ ਵਰਗ ਨੂੰ ਜੋ ਚਾਹੀਦਾ ਹੈ ਉਹ ਕਾਂਗਰਸ ਹੀ ਦੇ ਸਕਦੀ ਹੈ।
ਰਾਹੁਲ ਨੇ ਕਿਹਾ ਕਿ ਅਸੀਂ ਕਦੇ ਵੀ ਬੈਕਫੁੱਟ 'ਤੇ ਨਹੀਂ ਖੇਡਾਂਗੇ। ਅਸੀਂ ਰਾਜਨੀਤੀ ਜਨਤਾ ਅਤੇ ਵਿਕਾਸ ਲਈ ਕਰਦੇ ਹਾਂ। ਉਹਨਾਂ ਕਿਹਾ ਕਿ ਉਹ ਬਸਪਾ ਮੁਖੀ ਮਾਇਆਵਤੀ ਅਤੇ ਸਪਾ ਮੁਖੀ ਅਖਿਲੇਸ਼ ਯਾਦਵ ਦਾ ਪੂਰਾ ਸਨਮਾਨ ਕਰਦੇ ਹਨ। ਕਾਂਗਰਸ ਅਤੇ ਸਪਾ ਬਸਪਾ ਦੀ ਵਿਚਾਰਧਾਰਾ ਆਪਸ ਵਿਚ ਮਿਲਦੀ ਜੁਲਦੀ ਹੈ। ਸਾਡੀ ਲੜਾਈ ਭਾਜਪਾ ਵਿਰੁਧ ਹੈ। ਰਾਹੁਲ ਨੇ ਕਿਹਾ ਕਿ ਸਪਾ ਅਤੇ ਬਸਪਾ ਦੇ ਨਾਲ ਸਾਡੀ ਜਿਥੇ ਵੀ ਮਦਦ ਹੋ ਸਕਦੀ ਹੈ,
ਅਸੀਂ ਕਰਨ ਨੂੰ ਤਿਆਰ ਹਾਂ। ਅਸੀਂ ਭਾਜਪਾ ਨੂੰ ਹਰਾਉਣ ਲਈ ਕੁਝ ਵੀ ਕਰ ਸਕਦੇ ਹਾਂ। ਰਾਹੁਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਥਾਂ ਬਣਾਉਣਾ ਸਾਡਾ ਕੰਮ ਹੈ। ਅਸੀਂ ਇਹ ਥਾਂ ਬਣਾਉਣ ਲਈ ਵੱਡਾ ਕਦਮ ਚੁੱਕਿਆ ਹੈ। ਮੈਨੂੰ ਖ਼ੁਸ਼ੀ ਹੈ ਕਿ ਮੇਰੀ ਮਿਹਨਤੀ ਭੈਣ ਹੁਣ ਮੇਰੇ ਨਾਲ ਕੰਮ ਕਰੇਗੀ। ਜਯੋਤੀਰਾਦਿਤਿਆ ਵੀ ਊਰਜਾਵਾਨ ਅਤੇ ਨੌਜਵਾਨ ਨੇਤਾ ਹਨ।
ਕਾਂਗਰਸ ਮੁਖੀ ਨੇ ਇਹ ਵੀ ਕਿਹਾ ਕਿ ਪ੍ਰਿਅੰਕਾ ਨੂੰ ਉਤਰ ਪ੍ਰਦੇਸ਼ ਵਿਚ ਲਿਆਉਣ ਨਾਲ ਭਾਜਪਾ ਵਾਲੇ ਵੀ ਘਬਰਾਏ ਹੋਏ ਹਨ। ਰਾਹੁਲ ਨੇ ਕਿਹਾ ਕਿ ਅਸੀਂ ਉਤਰ ਪ੍ਰਦੇਸ਼ ਦੀ ਜਨਤਾ, ਨੌਜਵਾਨਾਂ ਅਤੇ ਕਿਸਾਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਭਾਜਪਾ ਨੂੰ ਹਟਾਓ। ਅਸੀਂ ਤੁਹਾਨੂੰ ਨਵੀਂ ਦਿਸ਼ਾ ਦੇਵਾਂਗੇ। ਅਸੀਂ ਚਾਹੁੰਦੇ ਹਾਂ ਕਿ ਉਤਰ ਪ੍ਰਦੇਸ਼ ਪਹਿਲੇ ਨੰਬਰ 'ਤੇ ਆਵੇ ।