ਬੋਰਡ ਦੀਆਂ ਕਾਪੀਆਂ ਦੀ ਜਾਂਚ ਕਰਨ ਦੌਰਾਨ 61 ਅਧਿਆਪਕ ਹੋਏ ਫੇਲ੍ਹ, 41 ਹਜ਼ਾਰ ਲਗਾ ਜੁਰਮਾਨਾ
ਜਿਹਨਾਂ ਅਧਿਆਪਕਾਂ ਅਤੇ ਸਕੂਲ ਮੁਖੀਆਂ ਤੋਂ ਇਹ ਜੁਰਮਾਨਾ ਵਸੂਲ ਕੀਤਾ ਜਾ ਰਿਹਾ ਹੈ, ਉਹਨਾਂ ਵਿਚ ਜ਼ਿਆਦਾਤਰ ਸਰਕਾਰੀ ਸਕੂਲਾਂ ਦੇ ਹਨ।
ਜਬਲਪੁਰ : ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਪ੍ਰੀਖਿਆਵਾਂ ਲਈ ਤਿਆਰ ਕਰਨ ਵਾਲੇ ਸਰਕਾਰੀ ਅਤੇ ਨਿਜੀ ਸਕੂਲਾਂ ਦੇ ਅਧਿਆਪਕ ਅਤੇ ਪ੍ਰਿੰਸੀਪਲ ਵੀ ਪ੍ਰੀਖਿਆ ਕਾਪੀਆਂ ਦੀ ਜਾਂਚ ਕਰਨ ਵਿਚ ਫੇਲ੍ਹ ਹੋ ਗਏ। ਇਹਨਾਂ ਨੇ 100 ਤੋਂ ਵੱਧ ਗਲਤੀਆਂ ਕੀਤੀਆਂ। ਬੱਚਿਆਂ ਦੇ ਭਵਿੱਖ ਨਾਲ ਖੇਡਣ ਵਾਲੇ ਅਜਿਹੇ 61 ਅਧਿਆਪਕਾਂ ਅਤੇ ਸਕੂਲ ਮੁਖੀਆਂ ਤੋਂ 50 ਰੁਪਏ ਤੋਂ ਲੈ ਕੇ 2000 ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾਵੇਗਾ। ਐਮਪੀ ਬੋਰਡ ਤੋਂ ਮਿਲੇ ਹੁਕਮਾਂ ਮੁਤਾਬਕ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾ.ਰਾਮ ਮਨੋਹਰ ਤਿਵਾੜੀ ਨੇ
ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਨੋਟਿਸ ਰਾਹੀਂ ਜੁਰਮਾਨੇ ਦੀ ਰਾਸ਼ੀ ਨੂੰ 31 ਜਨਵਰੀ ਤੱਕ ਭਰਨ ਦੇ ਨਿਰਦੇਸ਼ ਦਿਤੇ ਹਨ। ਇਸ ਦੇ ਨਾਲ ਹੀ ਅਜਿਹੀ ਲਾਪਰਵਾਹੀ ਕਰਨ ਵਾਲਿਆਂ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੀ ਡਿਊਟੀ ਇਸ ਵਾਰ ਕਾਪੀਆਂ ਦੀ ਜਾਂਚ ਕਰਨ ਵਿਚ ਨਾ ਲਗਾਏ ਜਾਣ ਦੀ ਹਦਾਇਤ ਵੀ ਕੀਤੀ ਗਈ ਹੈ। ਡਾ.ਰਾਮ ਮਨੋਹਰ ਤਿਵਾੜੀ ਨੇ ਹੁਕਮ ਜਾਰੀ ਕਰ ਕੇ ਕਿਹਾ ਕਿ 31 ਜਨਵਰੀ ਤੱਕ ਤਾਲਮੇਲ ਸੰਸਥਾ ਅਧਿਕਾਰੀ ਐਮਐਲਬੀ ਸਕੂਲ ਮੁਖੀ ਕੋਲ ਜੁਰਮਾਨਾ ਜਮ੍ਹਾਂ ਕਰਵਾਇਆ ਜਾਵੇ।
ਜੇਕਰ ਇਸ ਨਿਰਧਾਰਤ ਮਿਆਦ ਵਿਚ ਰਕਮ ਜਮ੍ਹਾਂ ਨਾ ਕਰਵਾਈ ਗਈ ਤਾਂ ਇਹ ਰਕਮ ਸਬੰਧਤ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੀ ਤਨਖਾਹ ਵਿਚੋਂ ਕੱਟੀ ਜਾਵੇਗੀ। ਦੱਸ ਦਈਏ ਕਿ ਮਾਰਚ 2018 ਵਿਚ ਕਰਵਾਈਆਂ ਗਈਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆ ਕਾਪੀਆਂ ਦੀ ਜਾਂਚ ਦਾ ਕੰਮ ਮਾਰਚ ਦੇ ਆਖਰ ਵਿਚ ਹੀ ਸ਼ੁਰੂ ਕਰ ਦਿਤਾ ਗਿਆ ਸੀ। ਇਸ ਦੇ ਲਈ ਲਗਭਗ 1200 ਅਧਿਆਪਕਾਂ ਦੀ ਡਿਊਟੀ ਲਗਾਈ ਗਈ ਸੀ।
ਵਿਦਿਆਰਥੀਆਂ ਨੇ ਨੰਬਰ ਘੱਟ ਮਿਲਣ 'ਤੇ ਕੋਰਟ ਦੀ ਸ਼ਰਨ ਲਈ ਅਤੇ ਐਮਪੀ ਬੋਰਡ ਨੂੰ ਮੁੜ ਤੋਂ ਕਾਪੀਆਂ ਦੀ ਜਾਂਚ ਕਰਨੀ ਪਈ। ਜਿਹਨਾਂ ਅਧਿਆਪਕਾਂ ਅਤੇ ਸਕੂਲ ਮੁਖੀਆਂ ਤੋਂ ਇਹ ਜੁਰਮਾਨਾ ਵਸੂਲ ਕੀਤਾ ਜਾ ਰਿਹਾ ਹੈ, ਉਹਨਾਂ ਵਿਚ ਜ਼ਿਆਦਾਤਰ ਸਰਕਾਰੀ ਸਕੂਲਾਂ ਦੇ ਹਨ। ਐਮਪੀ ਬੋਰਡ ਨੇ ਪ੍ਰੀਖਿਆ ਕਾਪੀਆਂ ਦੀ ਜਾਂਚ ਦੌਰਾਨ ਪ੍ਰਤੀ ਗਲਤੀ 'ਤੇ 20 ਰੁਪਏ ਦਾ ਜੁਰਮਾਨਾ ਲਗਾਏ ਜਾਣ ਦਾ ਪ੍ਰਬੰਧ ਕੀਤਾ ਸੀ। ਜਦਕਿ 2017 ਦੌਰਾਨ ਇਕ ਗਲਤੀ 'ਤੇ 100 ਰੁਪਏ ਦਾ ਜੁਰਮਾਨਾ ਵਸੂਲ ਕੀਤਾ ਗਿਆ ਸੀ।