ਦਿੱਲੀ ਅੰਦਰ ਟਰੈਕਟਰ ਪਰੇਡ ਕਰ ਸਕਣਗੇ ਕਿਸਾਨ, ਪੁਲਿਸ ਨੇ ਦਿੱਤੀ ਮਨਜੂਰੀ
ਦਿੱਲੀ ਵਿਚ ਦਾਖਲ ਹੋ ਕੇ ਸ਼ਾਂਤੀ ਨਾਲ ਕੀਤਾ ਜਾਵੇਗਾ ਮਾਰਚ: ਕਿਸਾਨ ਆਗੂ
ਨਵੀਂ ਦਿੱਲੀ: ਕਿਸਾਨਾਂ ਦੇ ਦਬਾਅ ਅੱਗੇ ਝੁਕਦਿਆਂ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਅੰਦਰ ਟਰੈਕਟਰ ਪਰੇਡ ਕੱਢਣ ਦੀ ਮਨਜ਼ੂਰੀ ਦੇ ਦਿੱਤੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਦਿੱਲੀ ਅੰਦਰ ਸ਼ਾਂਤੀਪੂਰਨ ਤਰੀਕੇ ਨਾਲ ਦਾਖਲ ਹੋਣਗੇ ਅਤੇ ਟਰੈਕਟਰ ਪਰੇਡ ਕਰਨਗੇ। ਪਰੇਡ ਕਿਹੜੇ ਰੂਟ ‘ਤੇ ਹੋਵੇਗੀ, ਇਸ ਦਾ ਫੈਸਲਾ ਅਜੇ ਹੋਣਾ ਹੈ। ਰੂਟ ਦਾ ਫੈਸਲਾ ਭਲਕੇ ਹੋਵੇਗਾ।
ਇਸ ਸਬੰਧੀ ਸਨਿੱਚਰਵਾਰ ਨੂੰ ਕਿਸਾਨ ਆਗੂਆਂ ਦੀ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਹੋਈ। ਮੀਟਿੰਗ ਵਿਚ ਹੋਏ ਫੈਸਲੇ ਦੀ ਜਾਣਕਾਰੀ ਸਾਂਝੀ ਕਰਦਿਆਂ ਸਵਰਾਜ ਇੰਡੀਆ ਦੇ ਯੋਗੇਂਦਰ ਯਾਦਵ ਨੇ ਕਿਹਾ ਕਿ 26 ਜਨਵਰੀ ਨੂੰ ਕਿਸਾਨ ਦਿੱਲੀ ਅੰਦਰ ਗਣਤੰਤਰ ਦਿਵਸ ਦੀ ਪਰੇਡ ਕਰੇਗਾ। ਇਹ ਸਹਿਮਤੀ ਪੰਜ ਦੌਰ ਦੀ ਗੱਲਬਾਤ ਤੋਂ ਬਾਅਦ ਹੋਈ ਹੈ।
ਉਨ੍ਹਾਂ ਕਿਹਾ ਕਿ ਸਾਰੇ ਬੈਰੀਕੇਡ ਖੁੱਲ੍ਹਣਗੇ, ਅਸੀਂ ਦਿੱਲੀ ਦੇ ਅੰਦਰ ਜਾਵਾਂਗੇ ਅਤੇ ਮਾਰਚ ਕਰਾਂਗੇ। ਰਸਤੇ ਬਾਰੇ ਵਿਆਪਕ ਸਹਿਮਤੀ ਬਣ ਗਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ 26 ਜਨਵਰੀ ਨੂੰ ਇਤਿਹਾਸਕ ਪਰੇਡ ਹੋਵੇਗੀ। ਦੇਸ਼ ਦੀ ਆਨ-ਬਾਨ-ਸ਼ਾਨ 'ਤੇ ਕੋਈ ਫਰਕ ਨਹੀਂ ਪਵੇਗਾ। ਪਰੇਡ ਰੂਟ ਕੁਝ ਬਦਲਣੇ ਪੈ ਸਕਦੇ ਹਨ। ਪਰੇਡ ਦਾ ਰਸਤਾ ਕੱਲ ਤੱਕ ਤੈਅ ਹੋ ਜਾਵੇਗਾ।
ਕਿਸਾਨ ਆਗੂਆਂ ਨੇ ਇਸ ਨੂੰ ਕਿਸਾਨਾਂ ਦੀ ਜਿੱਤ ਕਰਾਰ ਦਿਤਾ ਹੈ। ਕਿਸਾਨਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਕਿਸਾਨ ਅਤੇ ਜਵਾਨ ਇਕੱਠੇ ਪਰੇਡ ਕਰਨਗੇ। ਕਿਸਾਨਾਂ ਨੇ ਕਿਹਾ ਕਿ ਕਿਸਾਨਾਂ ਦੀ ਪਰੇਡ ਇਤਿਹਾਸਕ ਹੋਵੇਗੀ, ਜਿਸ ਨੂੰ ਪੂਰੀ ਦੂਨੀਆਂ ਵੇਖੇਗੀ। ਪਰੇਡ ਦਾ ਸਮਾਂ ਅਜੇ ਫਾਇਨਲ ਨਹੀਂ ਹੋਇਆ।