ਪ੍ਰਧਾਨ ਮੰਤਰੀ ਤਾਮਿਲਨਾਡੂ ਦੀ ਭਾਸ਼ਾ, ਸਭਿਆਚਾਰ ਅਤੇ ਭਾਸ਼ਾ ਦਾ ਸਨਮਾਨ ਨਹੀਂ ਕਰਦੇ : ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਨਰਿੰਦਰ ਮੋਦੀ ਹਰ ਉਹ ਚੀਜ਼ ਵੇਚ ਰਹੇ ਹਨ ਜੋ ਦੇਸ਼ ਅਤੇ ਤਾਮਿਲਨਾਡੂ ਦੇ ਲੋਕਾਂ ਦੀ ਹੈ

Rahul Gandhi

ਕੋਇੰਬਟੂਰ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਪਣੀ ਤਿੰਨ ਦਿਨਾਂ ਤਾਮਿਲਨਾਡੂ ਯਾਤਰਾ ਦੇ ਪਹਿਲੇ ਦਿਨ ਕੋਇੰਬਟੂਰ ਪਹੁੰਚੇ। ਕੋਇੰਬਟੂਰ ਵਿਚ ਉਨ੍ਹਾਂ ਨੇ ਪ੍ਰਧਾਨ ਮੰਤਰੀ ’ਤੇ ਹਮਲਾ ਸਾਧਿਆ। ਸਨਿਚਰਵਾਰ ਨੂੰ ਚੋਣ ਪ੍ਰਚਾਰ ਦਾ ਆਗਾਜ਼ ਕਰਦੇ ਹੋਏ ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਕੁੱਝ ਵੱਡੇ ਕਾਰੋਬਾਰੀਆਂ ਦੇ ਸਾਝੇਦਾਰ ਬਣ ਗਏ ਹਨ ਅਤੇ ਜਨਤਾ ਨਾਲ ਜੁੜੀ ਹਰ ਚੀਜ਼ ਨੂੰ ਵੇਚ ਰਹੇ ਹਨ। ਕਾਂਗਰਸ ਆਗੂ ਨੇ ਦੋਸ਼ ਲਗਾਇਆ, ‘‘ਮੋਦੀ ਕੀ ਕਰਦੇ ਹਨ?

ਉਨ੍ਹਾਂ ਦੀ ਤਿੰਨ-ਚਾਰ ਵੱਡੇ ਉਦਯੋਗਪਤੀਆਂ ਨਾਲ ਸਾਝੇਦਾਰੀ ਹੈ। ਉਹ ਲੋਕ ਉਨ੍ਹਾਂ ਨੂੰ ਮੀਡੀਆ ਦੀ ਸੇਵਾ ਦਿੰਦੇ ਹਨ ਅਤੇ ਉਹ ਉਨ੍ਹਾਂ ਲੋਕਾਂ ਨੂੰ ਪੈਸਾ ਦਿੰਦੇ ਹਨ। ’’ ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ, ‘‘ਨਰਿੰਦਰ ਮੋਦੀ ਹਰ ਉਹ ਚੀਜ਼ ਵੇਚ ਰਹੇ ਹਨ ਜੋ ਦੇਸ਼ ਅਤੇ ਤਾਮਿਲਨਾਡੂ ਦੇ ਲੋਕਾਂ ਦੀ ਹੈ। ’’ ਉਨ੍ਹਾਂ ਕਿਹਾ ਤਿੰਨ ਖੇਤੀ ਕਾਨੂੰਨਾਂ ਦੇ ਜ਼ਰੀਏ ਕਿਸਾਨਾਂ ਤੋਂ ਉਨ੍ਹਾਂ ਦਾ ਸੱਭ ਕੁੱਝ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਾਮਿਲਨਾਡੂ ਦੇ ਸਭਿਆਚਾਰ, ਭਾਸ਼ਾ ਅਤੇ ਲੋਕਾਂ ਪ੍ਰਤੀ ਕੋਈ ਸਤਿਕਾਰ ਨਹੀਂ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸੋਚਦੇ ਹਨ ਕਿ ਤਾਮਿਲ ਲੋਕ, ਭਾਸ਼ਾ ਅਤੇ ਸਭਿਆਚਾਰ ਨੂੰ ਉਨ੍ਹਾਂ ਦੇ ਵਿਚਾਰਾਂ ਅਤੇ ਸਭਿਆਚਾਰ ਦੇ ਅਧੀਨ ਹੋਣਾ ਚਾਹੀਦਾ ਹੈ।

ਮੋਦੀ ਸਰਕਾਰ ’ਤੇ ਨਿਸਾਨਾ ਸਾਧਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਆਰਥਕਤਾ ਦੇ ਵਿਕਾਸ ਲਈ ਇਕਜੁੱਟਤਾ ਦੀ ਜ਼ਰੂਰਤ ਹੁੰਦੀ ਹੈ, ਮੌਜੂਦਾ ਸਰਕਾਰ ਨੇ ਹਰ ਜਗ੍ਹਾ ਬਹੁਤ ਨਿਰਾਸ਼ਾ ਪੈਦਾ ਕੀਤੀ ਹੈ । ਮੈਨੂੰ ਲਗਦਾ ਹੈ ਕਿ ਭਾਜਪਾ ਦੀ ਜੋ ਮਾਨਸਿਕਤਾ ਹੈ, ਉਸਦੇ ਨਾਲ ਸਾਨੂੰ ਆਰਥਿਕਤਾ ਦੀ ਇਸ ਸਥਿਤੀ ਤੋਂ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਹੋਵੇਗਾ।