ਟਰੰਪ ਦੇ ਸਵਾਗਤ ‘ਚ ਪੀਐਮ ਮੋਦੀ ਨੇ ਕੀਤਾ ਟਵੀਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਲਿਖਿਆ, ‘ਅਮਰੀਕੀ ਰਾਸ਼ਟਰਪਤੀ ਦਾ ਸਵਾਗਤ ਕਰਨ ਲਈ ਉਤਸ਼ਾਹਿਤ ਹੈ ਭਾਰਤ’

Photo

ਨਵੀਂ ਦਿੱਲੀ:  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਵਾਗਤ ਵਿਚ ਟਵੀਟ ਕੀਤਾ ਹੈ। 24 ਅਤੇ 25 ਫਰਵਰੀ ਨੂੰ ਭਾਰਤ ਦੌਰੇ ‘ਤੇ ਆ ਰਹੇ ਟਰੰਪ ਗੁਜਰਾਤ ਸਥਿਤ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਵਿਚ ਲੋਕਾਂ ਨੂੰ ਸੰਬੋਧਨ ਕਰਨਗੇ ਅਤੇ ਫਿਰ ਸਾਬਰਮਤੀ ਆਸ਼ਰਮ ਵੀ ਜਾਣਗੇ।

ਟਰੰਪ ਉੱਤਰ ਪ੍ਰਦੇਸ਼ ਸਥਿਤ ਆਗਰਾ ਜਾ ਕੇ ਤਾਜਮਹਿਲ ਦਾ ਦੀਦਾਰ ਕਰਨਗੇ। ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਅਮਰੀਕੀ ਰਾਸ਼ਟਰਪਤੀ ਦੇ ਸਵਾਗਤ ਵਿਚ ਲਿਖਿਆ ‘ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਵਾਗਤ ਲਈ ਭਾਰਤ ਉਤਸ਼ਾਹਿਤ ਹੈ, ਇਹ ਮਾਣ ਵਾਲੀ ਗੱਲ ਹੈ ਕਿ ਉਹ ਕੱਲ ਸਾਡੇ ਨਾਲ ਹੋਣਗੇ’।

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਣੀ ਦੇ ਟਵੀਟ ‘ਤੇ ਰੀਟਵੀਟ ਕੀਤਾ। ਟਵੀਟ ਕਰਦੇ ਹੋਏ ਮੋਦੀ ਨੇ ਕਿਹਾ, ‘ਪੂਰਾ ਗੁਜਰਾਤ ਇਕ ਅਵਾਜ਼ ਵਿਚ ਕਹਿੰਦਾ ਹੈ-ਨਮਸਤੇ ਟਰੰਪ’। ਇਸ ਤੋਂ ਪਹਿਲਾਂ 11 ਫਰਵਰੀ ਨੂੰ ਪ੍ਰਧਾਨ ਮੰਤਰੀ ਨੇ ਟਰੰਪ ਅਤੇ ਅਮਰੀਕੀ ਰਾਸ਼ਟਰਪਤੀ ਦੀ ਪਤਨੀ ਮੇਲਾਨੀਆ ਲਈ ‘ਵੈਲਕਮ ਟਵੀਟ’ ਕੀਤਾ ਸੀ।

ਪੀਐਮ ਮੋਦੀ ਨੇ ਕਿਹਾ ਸੀ ਕਿ ‘ਡੋਨਾਲਡ ਟਰੰਪ ਅਤੇ ਮੇਲਾਨੀਆ ਟਰੰਪ 24 ਅਤੇ 25 ਫਰਵਰੀ ਨੂੰ ਭਾਰਤ ਦਾ ਦੌਰਾ ਕਰਨਗੇ’। ਪ੍ਰਧਾਨ ਮੰਤਰੀ ਨੇ ਕਿਹਾ ਸੀ, ‘ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਯਾਤਰਾ ਖ਼ਾਸ ਹੈ ਅਤੇ ਇਹ ਭਾਰਤ-ਅਮਰੀਕਾ ਦੀ ਦੋਸਤੀ ਨੂੰ ਹੋਰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿਚ ਅਹਿਮ ਕਦਮ ਹੋਵੇਗਾ’।

ਪੀਐਮ ਮੋਦੀ ਨੇ ਲਿਖਿਆ ਸੀ ਕਿ ‘ਭਾਰਤ ਅਤੇ ਅਮਰੀਕਾ ਲੋਕਤੰਤਰ ਵਿਰਾਸਤ ਨੂੰ ਇਕ ਦੂਜੇ ਨਾਲ ਸਾਂਝਾ ਕਰਦੇ ਹਨ। ਸਾਡੇ ਸਾਡੇ ਦੇਸ਼ਾਂ ਵਿਚਕਾਰ ਮਜ਼ਬੂਤ ਦੋਸਤੀ ਨਾ ਸਿਰਫ਼ ਸਾਡੇ ਨਾਗਰਿਕਾਂ ਲਈ ਬਲਕਿ ਪੂਰੀ ਦੁਨੀਆ ਲਈ ਸ਼ਾਨਦਾਰ ਹੈ’। ਉੱਥੇ ਹੀ ਟਰੰਪ ਨੇ ਕਿਹਾ ਸੀ ਕਿ ਉਹ ਇਸ ਮਹੀਨੇ ਅਪਣੀ ਭਾਰਤ ਯਾਤਰਾ ਨੂੰ ਲੈ ਕੇ ਉਤਸੁਕ ਹਨ ਅਤੇ ਉਹਨਾਂ ਨੇ ਸੰਕੇਤ ਦਿੱਤੇ ਸੀ ਕਿ ਉਹਨਾਂ ਦੀ ਇਸ ਯਾਤਰਾ ਦੌਰਾਨ ਦੋਵੇਂ ਦੇਸ਼ਾਂ ਵਿਚਕਾਰ ਵਪਾਰਕ ਸਮਝੌਤੇ ‘ਤੇ ਦਸਤਖ਼ਤ ਹੋ ਸਕਦੇ ਹਨ।