ਲਾਲ ਕਿਲ੍ਹਾ ਹਿੰਸਾ: ਦੀਪ ਸਿੱਧੂ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਪਹਿਲਾਂ ਦੋ ਵਾਰ ਲੈ ਚੁੱਕੀ ਹੈ 7-7 ਦਿਨ ਦਾ ਪੁਲਿਸ ਰਿਮਾਂਡ

Deep Sidhu

ਨਵੀਂ ਦਿੱਲੀ : ਲਾਲ ਕਿਲ੍ਹਾ ਹਿੰਸਾ ਮਾਮਲੇ ਵਿਚ ਦਿੱਲੀ ਪੁਲਿਸ ਨੇ ਮੁੱਖ ਦੋਸ਼ੀ ਦੀਪ ਸਿੱਧੂ ਨੂੰ ਅੱਜ ਮੁੜ ਅਦਾਲਤ ਵਿਚ ਪੇਸ਼ ਕੀਤਾ। ਮਾਮਲੇ ਦੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਸਿੱਧੂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ  ਪੁਲਿਸ ਦੀਪ ਸਿੱਧੂ ਦਾ ਦੋ ਵਾਰ 7-7 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਚੁੱਕੀ ਹੈ। ਅੱਜ ਤੀਜੀ ਵਾਰ ਪੇਸ਼ੀ ਦੌਰਾਨ ਅਦਾਲਤ ਨੇ ਦੀਪ ਸਿੱਧੂ ਨੂੰ ਨਿਆਂਇਕ ਹਿਰਾਸਤ ਵਿਚ ਭੇਜਣ ਦਾ ਹੁਕਮ ਸੁਣਾਇਆ ਹੈ। 

ਕਾਬਲੇਗੌਰ ਹੈ ਕਿ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਦੌਰਾਨ ਕੁੱਝ ਲੋਕ ਲਾਲ ਕਿਲ੍ਹੇ 'ਤੇ ਪਹੁੰਚ ਗਏ ਸਨ, ਜਿਨ੍ਹਾਂ ਵਿਚ ਦੀਪ ਸਿੱਧੂ ਵੀ ਸ਼ਾਮਲ ਸੀ। ਦੀਪ ਸਿੱਧੂ ਦੀ ਲਾਲ ਕਿਲ੍ਹੇ ਦੇ ਇਕ ਹਿੱਸੇ 'ਤੇ ਝੰਡਾ ਝੜਾਉਣ ਦੀ ਵੀਡੀਓ ਵਾਇਰਲ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ 'ਤੇ ਇਸ ਘਟਨਾ ਦੀ ਸਾਜ਼ਸ਼ ਦੇ ਇਲਜ਼ਾਮ ਲੱਗੇ ਸਨ।

ਦਿੱਲੀ ਪੁਲਿਸ ਨੇ ਇਸ ਸਬੰਧੀ ਦਰਜ ਕੀਤੇ ਕੇਸ ਵਿਚ ਦੀਪ ਸਿੱਧੂ ਦਾ ਨਾਮ ਆਉਣ ਤੋਂ ਬਾਅਦ ਉਹ ਰੂਪੋਸ਼ ਹੋ ਗਏ ਸਨ, ਜਿਸ ਨੂੰ ਬਾਅਦ ਵਿਚ ਗ੍ਰਿਫਤਾਰ ਕਰ ਲਿਆ ਗਿਆ ਸੀ। ਪੁਲਿਸ ਨੇ ਦੀਪ ਸਿੱਧੂ ਦੀ ਗ੍ਰਿਫਤਾਰੀ ਲਈ ਲੱਖ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਸੀ।