ਅੰਮ੍ਰਿਤਸਰ-ਜਾਮਨਗਰ ਐਕਸਪ੍ਰੈਸ ਵੇਅ 'ਤੇ ਲਗਾਏ ਜਾਣਗੇ 11 ਸੂਰਜੀ ਊਰਜਾ ਪਲਾਂਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੁੱਲ 27.43 ਮੈਗਾਵਾਟ ਦੀ ਹੋਵੇਗੀ ਪਲਾਂਟਾਂ ਦੀ ਸਮਰੱਥਾ

Representational Image

 

ਜੈਪੁਰ - ਰਾਜਸਥਾਨ ਵਿਚੋਂ ਲੰਘਣ ਵਾਲੇ ਅੰਮ੍ਰਿਤਸਰ-ਬਠਿੰਡਾ-ਜਾਮਨਗਰ ਐਕਸਪ੍ਰੈਸ ਵੇਅ 'ਤੇ 6 ਥਾਵਾਂ 'ਤੇ 11 ਸੂਰਜੀ ਊਰਜਾ ਪਲਾਂਟ ਸਥਾਪਿਤ ਕੀਤੇ ਜਾਣਗੇ। ਇਸ ਲਈ ਜੋਧਪੁਰ ਡਿਸਟ੍ਰੀਬਿਊਸ਼ਨ ਕਾਰਪੋਰੇਸ਼ਨ ਲਿਮਿਟੇਡ ਅਤੇ ਨੈਸ਼ਨਲ ਹਾਈਵੇਜ਼ ਲੌਜਿਸਟਿਕਸ ਮੈਨੇਜਮੈਂਟ ਲਿਮਟਿਡ ਵਿਚਕਾਰ ਸਮਝੌਤਾ ਹੋਇਆ ਹੈ। 

ਇੱਕ ਅਧਿਕਾਰਤ ਬਿਆਨ ਅਨੁਸਾਰ ਇਸ ਸੰਬੰਧ ਵਿੱਚ ਬੁੱਧਵਾਰ ਨੂੰ ਇੱਥੇ ਮੁੱਖ ਸਕੱਤਰ ਊਸ਼ਾ ਸ਼ਰਮਾ ਦੀ ਪ੍ਰਧਾਨਗੀ ਹੇਠ ਇੱਕ ਬੈਠਕ ਹੋਈ। ਬੈਠਕ ਵਿੱਚ ਜੋਧਪੁਰ ਡਿਸਟ੍ਰੀਬਿਊਸ਼ਨ ਕਾਰਪੋਰੇਸ਼ਨ ਲਿਮਿਟੇਡ ਅਤੇ ਨੈਸ਼ਨਲ ਹਾਈਵੇਜ਼ ਲੌਜਿਸਟਿਕਸ ਮੈਨੇਜਮੈਂਟ ਲਿਮਟਿਡ (ਐਨ.ਐਚ.ਐਲ.ਐਮ.ਐਲ.) ਵਿਚਕਾਰ ਇੱਕ ਸਹਿਮਤੀ ਪੱਤਰ (ਐਮ.ਓ.ਯੂ.) 'ਤੇ ਹਸਤਾਖਰ ਕੀਤੇ ਗਏ।

ਸਮਝੌਤੇ ਤਹਿਤ ਅੰਮ੍ਰਿਤਸਰ-ਬਠਿੰਡਾ-ਜਾਮਨਗਰ ਐਕਸਪ੍ਰੈਸ ਵੇਅ ’ਤੇ ਰਾਜਸਥਾਨ ਦੇ ਤਿੰਨ ਜ਼ਿਲ੍ਹਿਆਂ ਹਨੂੰਮਾਨਗੜ੍ਹ, ਬੀਕਾਨੇਰ ਅਤੇ ਜੋਧਪੁਰ ਵਿੱਚ ਕੁੱਲ ਛੇ ਥਾਵਾਂ ’ਤੇ 11 ਸੂਰਜੀ ਊਰਜਾ ਪਲਾਂਟ ਵਿਕਸਤ ਕੀਤੇ ਜਾਣਗੇ। 27.43 ਮੈਗਾਵਾਟ ਦੀ ਕੁੱਲ ਸਮਰੱਥਾ ਵਾਲੇ ਇਹ ਪਾਵਰ ਪਲਾਂਟ ਸੌਰ ਕ੍ਰਿਸ਼ੀ ਆਜੀਵਿਕਾ ਯੋਜਨਾ ਤਹਿਤ ਸਥਾਪਿਤ ਕੀਤੇ ਜਾਣਗੇ। ਇਹ ਪਲਾਂਟ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਕੋਲਹਾ ਪਿੰਡ, ਮਲਕੀਸਰ-ਗੋਪਾਲਿਆਣ ਰੋਡ, ਬੀਕਾਨੇਰ ਜ਼ਿਲ੍ਹੇ ਦੇ ਨੌਰੰਗਦੇਸਰ ਅਤੇ ਰਾਸੀਸਰ ਪਿੰਡਾਂ ਅਤੇ ਜੋਧਪੁਰ ਜ਼ਿਲ੍ਹੇ ਦੇ ਪਿੰਡ ਭੀਮਕੋਰ ਵਿੱਚ ਲਗਾਏ ਜਾਣਗੇ।

ਜ਼ਿਕਰਯੋਗ ਹੈ ਕਿ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਨੈਸ਼ਨਲ ਹਾਈਵੇਜ਼ ਲੌਜਿਸਟਿਕਸ ਮੈਨੇਜਮੈਂਟ ਲਿਮਟਿਡ ਦੇ ਜ਼ਰੀਏ ਇਹ ਕਾਰਜ ਯੋਜਨਾ ਤਿਆਰ ਕੀਤੀ ਹੈ, ਜਿਸ ਵਿੱਚ ਰਾਸ਼ਟਰੀ ਰਾਜ ਮਾਰਗਾਂ ਅਤੇ ਐਕਸਪ੍ਰੈਸ ਹਾਈਵੇਅ ਦੇ ਨਾਲ ਸੋਲਰ ਪੈਨਲ ਲਗਾਏ ਜਾਣੇ ਹਨ। ਇਹ ਸਕੀਮ ਪੀ.ਪੀ.ਪੀ. (ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ) ਮੋਡ ਦੇ ਆਧਾਰ 'ਤੇ ਵਿਕਸਿਤ ਕੀਤੀ ਜਾਵੇਗੀ।

ਬੈਠਕ ਵਿੱਚ ਸੂਰਜੀ ਬੁਨਿਆਦੀ ਢਾਂਚਾ ਵਿਕਸਿਤ ਕਰਨ ਨਾਲ ਜੁੜੇ ਵੱਖ-ਵੱਖ ਮੁੱਦਿਆਂ 'ਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਅਤੇ ਰਾਜ ਸਰਕਾਰ ਵਿਚਕਾਰ ਰਾਸ਼ਟਰੀ ਰਾਜਮਾਰਗ ਅਤੇ ਐਕਸਪ੍ਰੈੱਸ ਹਾਈਵੇ ਨਾਲ ਸੰਬੰਧਿਤ ਵਿਸ਼ਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਐਨ.ਐਚ.ਐਲ.ਐਮ.ਐਲ. ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਕੰਮਾਂ ਵਿੱਚ ਤੇਜ਼ੀ ਲਿਆਉਣ।