ਅਮੇਠੀ ਤੋਂ ਇਲਾਵਾ ਕੇਰਲ ਦੀ ਵਾਏਨਾਡ ਸੀਟ ਤੋਂ ਚੋਣ ਲੜ ਸਕਦੇ ਹਨ ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਰਲ ਕਾਂਗਰਸ ਪ੍ਰਧਾਨ ਮੁੱਲਾਪੱਲੀ ਰਾਮਚੰਦਰਨ ਨੇ ਕੀਤਾ ਦਾਅਵਾ

Rahul gandhi

ਤਿਰੁਵਨੰਤਪੁਰਮ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਸ ਵਾਰ ਦੋ ਸੀਟਾਂ ਤੋਂ ਲੋਕ ਸਭਾ ਚੋਣ ਲੜ ਸਕਦੇ ਹਨ। ਕੇਰਲ ਕਾਂਗਰਸ ਪ੍ਰਧਾਨ ਮੁੱਲਾਪੱਲੀ ਰਾਮਚੰਦਰਨ ਨੇ ਸਨਿਚਰਵਾਰ ਨੂੰ ਅਜਿਹਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਅਮੇਠੀ ਸੀਟ ਦੇ ਨਾਲ-ਨਾਲ ਕੇਰਲ 'ਚ ਪਾਰਟੀ ਦੀ ਗੜ੍ਹ ਮੰਨੀ ਜਾਣ ਵਾਲੀ ਵਾਏਨਾਡ ਸੰਸਦੀ ਸੀਟ ਤੋਂ ਵੀ ਚੋਣ ਲੜਨਗੇ। ਰਾਮਚੰਦਰਨ ਦਾ ਦਾਅਵਾ ਹੈ ਕਿ ਕਾਂਗਰਸ ਪ੍ਰਧਾਨ ਇਸ ਗੱਲ ਲਈ ਤਿਆਰ ਹਨ।

ਰਾਹੁਲ ਗਾਂਧੀ ਫ਼ਿਲਹਾਲ ਉੱਤਰ ਪ੍ਰਦੇਸ਼ ਦੀ ਅਮੇਠੀ ਸੀਟ ਤੋਂ ਸੰਸਦ ਮੈਂਬਰ ਹਨ, ਜਿੱਥੇ ਆਗਾਮੀ ਲੋਕ ਸਭਾ ਚੋਣ 'ਚ ਉਨ੍ਹਾਂ ਦਾ ਸਾਹਮਣਾ ਭਾਰਤੀ ਜਨਤਾ ਪਾਰਟੀ ਦੀ ਆਗੂ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨਾਲ ਹੋਵੇਗਾ। ਮੁੱਲਾਪੱਲੀ ਰਾਮਚੰਦਰਨ ਨੇ ਦੱਸਿਆ, "ਇਸ ਦੇ ਲਈ ਪਿਛਲੇ ਇਕ ਮਹੀਨੇ ਤੋਂ ਗੱਲਬਾਤ ਚੱਲ ਰਹੀ ਸੀ। ਪਹਿਲਾਂ ਰਾਹੁਲ ਗਾਂਧੀ ਦੋ ਸੀਟਾਂ 'ਤੇ ਚੋਣ ਲੜਨ ਲਈ ਤਿਆਰ ਨਹੀਂ ਸਨ,ਬਾਅਦ 'ਚ ਤਿਆਰ ਹੋ ਗਏ।"

ਉਧਰ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਓਮਨ ਚਾਂਡੀ ਨੇ ਦੱਸਿਆ ਕਿ ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਨੇ ਰਾਹੁਲ ਗਾਂਧੀ ਨੂੰ ਕੇਰਲ ਦੀ ਇਕ ਸੀਟ ਤੋਂ ਚੋਣ ਲੜਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੂੰ ਵਾਏਨਾਡ ਸੀਟ ਦੀ ਪੇਸ਼ਕਸ਼ ਕੀਤੀ ਗਈ ਹੈ। ਰਾਹੁਲ ਗਾਂਧੀ ਦਾ ਜਵਾਬ ਕਿਸੇ ਵੀ ਸਮੇਂ ਆ ਸਕਦਾ ਹੈ।