ਨਰਿੰਦਰ ਮੋਦੀ ਵਲੋਂ ਕੀਤੀਆਂ ਗਲਤੀਆਂ ਦੀ ਮੈਂ ਮੰਗਦਾ ਹਾਂ ਮਾਫ਼ੀ : ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੋਦੀਆਂ ਵਲੋਂ ਕੀਤੀਆਂ ਗਲਤੀਆਂ ਨੂੰ ਹੁਣ ਅਸੀਂ ਸੁਧਾਰਾਂਗੇ : ਰਾਹੁਲ ਗਾਂਧੀ

Rahul Gandhi

ਦੇਹਰਾਦੂਨ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਵਿਚ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਰਾਫ਼ੇਲ ਡੀਲ ਤੋਂ ਲੈ ਕੇ ਜੀਐਸਟੀ ਅਤੇ ਕਿਸਾਨ ਸਨਮਾਨ ਨਿਧੀ ਯੋਜਨਾ ਤੱਕ ਸ਼ਬਦੀ ਹਮਲੇ ਕੀਤਾ। ਰਾਹੁਲ ਗਾਂਧੀ ਨੇ ਜੀਐਸਟੀ ਨਾਲ ਕਾਰੋਬਾਰੀਆਂ ਨੂੰ ਨੁਕਸਾਨ ਪੁੱਜਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪੀਐਮ ਮੋਦੀ ਦੀ ਇਸ ਭਿਆਨਕ ਗਲਤੀ ਲਈ ਮੈਂ ਤੁਹਾਡੇ ਕੋਲੋਂ ਉਨ੍ਹਾਂ ਵਲੋਂ ਮਾਫ਼ੀ ਮੰਗਦਾ ਹਾਂ।

ਜੀਐਸਟੀ ਨਾਲ ਕਾਰੋਬਾਰੀਆਂ ਨੂੰ ਹੋਣ ਵਾਲੇ ਨੁਕਸਾਨ ਦਾ ਹਵਾਲਾ ਦਿੰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਅਸੀ ਗੱਬਰ ਸਿੰਘ ਟੈਕਸ ਨੂੰ ਸੱਚੀ ਜੀਐਸਟੀ ਵਿਚ ਬਦਲਾਂਗੇ, ਜਿਸ ਵਿਚ ਇਕ ਸਧਾਰਣ ਟੈਕਸ ਹੋਵੇਗਾ। ਰਾਹੁਲ ਨੇ ਕਾਰੋਬਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ਜੀਐਸਟੀ ਨਾਲ ਤੁਹਾਡਾ ਜੋ ਨੁਕਸਾਨ ਹੋਇਆ ਅਤੇ ਜੋ ਕਸ਼ਟ ਹੋਇਆ ਹੈ, ਉਸ ਦੇ ਲਈ ਮੈਂ ਨਰਿੰਦਰ ਮੋਦੀ ਵਲੋਂ ਮਾਫ਼ੀ ਮੰਗਦਾ ਹਾਂ। ਉਨ੍ਹਾਂ ਨੇ ਭਿਆਨਕ ਗਲਤੀ ਕੀਤੀ ਹੈ ਅਤੇ ਅਸੀ ਇਸ ਗਲਤੀ ਨੂੰ ਠੀਕ ਕਰਾਂਗੇ।

ਇਸ ਤੋਂ ਪਹਿਲਾਂ ਜਨਸਭਾ ਦੀ ਸ਼ੁਰੂਆਤ ਵਿਚ ਰਾਹੁਲ ਗਾਂਧੀ ਨੇ ਕਿਹਾ, ਉਤਰਾਖੰਡ ਦੀ ਪਵਿੱਤਰ ਭੂਮੀ ਉਤੇ ਆ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਫ਼ੌਜ ਵਿਚ ਉਤਰਾਖੰਡ ਦੀ ਜੋ ਭਾਗੀਦਾਰੀ ਹੈ, ਪੂਰਾ ਹਿੰਦੁਸਤਾਨ ਉਸ ਦਾ ਦਿਲੋਂ ਸਵਾਗਤ ਕਰਦਾ ਹੈ। ਪੁਲਵਾਮਾ ਵਿਚ ਸੀਆਰਪੀਐਫ਼ ਦੇ ਫ਼ੌਜੀ ਸ਼ਹੀਦ ਹੋਏ। ਪੁਲਵਾਮਾ ਬਲਾਸਟ ਤੋਂ ਬਾਅਦ ਅਸੀਂ ਤੁਰਤ ਕਿਹਾ ਕਿ ਕਾਂਗਰਸ ਪਾਰਟੀ ਪੂਰੇ ਦਮ ਦੇ ਨਾਲ ਸਰਕਾਰ ਅਤੇ ਦੇਸ਼ ਦੇ ਨਾਲ ਖੜੀ ਹੈ ਪਰ ਉਸ ਸਮੇਂ ਪ੍ਰਧਾਨ ਮੰਤਰੀ ਕਾਰਬੇਟ ਪਾਰਕ ਵਿਚ ਵੀਡੀਓ ਸ਼ੂਟ ਵਿਚ ਲੱਗੇ ਹੋਏ ਸਨ।

ਮੁਸਕਰਾਉਂਦੇ ਹੋਏ ਸਾਢੇ ਤਿੰਨ ਘੰਟੇ ਉਹ ਉੱਥੇ ਲੱਗੇ ਰਹੇ ਅਤੇ ਦਿਨ ਭਰ ਦੇਸ਼ ਭਗਤੀ ਦੀ ਗੱਲ ਕਰਦੇ ਹਨ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਐਲਾਨ ਉਤੇ ਵੀ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ਘੇਰਿਆ। ਰਾਹੁਲ ਨੇ ਵਿੱਤ ਮੰਤਰੀ ਦੇ ਰੂਪ ਵਿਚ ਪੀਊਸ਼ ਗੋਇਲ ਦੇ ਬਜਟ ਭਾਸ਼ਣ ਉਤੇ ਕਿਹਾ ਕਿ ਸੰਸਦ ਵਿਚ ਪੰਜ ਮਿੰਟ ਤੱਕ ਬੀਜੇਪੀ ਦੇ ਸਾਰੇ ਸੰਸਦਾਂ ਨੇ ਨਰਿੰਦਰ ਮੋਦੀ ਵੱਲ ਵੇਖ ਕੇ ਤਾੜੀਆਂ ਵਜਾਈਆਂ।

ਰਾਹੁਲ ਨੇ ਕਿਹਾ, ਮੈਂ ਖੜਗੇ ਜੀ ਨੂੰ ਪੁੱਛਿਆ ਇਹ ਤਾੜੀਆਂ ਕਿਉਂ ਵਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਹਿੰਦੁਸਤਾਨ ਦੇ ਕਿਸਾਨ ਨੂੰ ਨਿੱਤ ਸਾਢੇ ਤਿੰਨ ਰੁਪਏ ਦੇਣ ਦਾ ਫ਼ੈਸਲਾ ਕੀਤਾ ਹੈ। ਰਾਹੁਲ ਨੇ ਕਿਹਾ, ਇਹ ਐਲਾਨ ਸੁਣ ਕੇ ਬੀਜੇਪੀ ਦੇ ਸਾਰੇ ਸੰਸਦਾਂ ਨੇ ਪੀਐਮ ਮੋਦੀ ਵੱਲ ਵੇਖ ਕੇ 5 ਮਿੰਟ ਤਾੜੀਆਂ ਵਜਾਈਆਂ। ਸ਼ਰਮ ਆਉਣੀ ਚਾਹੀਦੀ ਹੈ, ਇਕ ਚੋਰ ਨੂੰ ਤੁਸੀ 30 ਹਜ਼ਾਰ ਕਰੋੜ ਦਿੰਦੇ ਹੋ ਅਤੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਤੁਸੀ ਦਿਨ ਦੇ ਸਾਢੇ ਤਿੰਨ ਰੁਪਏ ਦਿੰਦੇ ਹੋ ਅਤੇ ਮੂਰਖ ਬਣਾਉਣ ਲਈ ਤਾੜੀਆਂ ਵਜਾਉਂਦੇ ਹੋ।

ਇੰਨਾ ਹੀ ਨਹੀਂ ਰਾਹੁਲ ਗਾਂਧੀ ਨੇ ਨੀਰਵ ਮੋਦੀ ਅਤੇ ਲਲਿਤ ਮੋਦੀ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਸਭ ਚੋਰਾਂ ਦੇ ਨਾਮ ਮੋਦੀ ਹੀ ਕਿਉਂ ਹੁੰਦੇ ਹਨ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਨਰਿੰਦਰ ਮੋਦੀ ਨੇ ਹਿੰਦੁਸਤਾਨ ਦੇ ਬੈਂਕਾਂ ਦਾ ਪੈਸਾ ਮੋਦੀਆਂ ਨੂੰ ਹੀ ਦੇ ਦਿਤਾ।

Related Stories