ਕਾਂਗਰਸ ਦੀ ਹਾਰ ਦੀ 100 ਫ਼ੀਸਦੀ ਜ਼ਿੰਮੇਵਾਰੀ ਮੇਰੀ : ਰਾਹੁਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਹੁਲ ਨੇ ਅਮੇਠੀ ਤੋਂ ਆਪਣੀ ਹਾਰ ਮੰਨਦਿਆਂ ਸਮ੍ਰਿਤੀ ਇਰਾਨੀ ਨੂੰ ਜਿੱਤ ਦੀ ਵਧਾਈ ਦਿੱਤੀ

Rahul Gandhi concedes defeat, congratulates PM Modi, Smriti Irani

ਨਵੀਂ ਦਿੱਲੀ : ਲੋਕ ਸਭਾ ਚੋਣਾਂ 'ਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਖ਼ਰਾਬ ਪ੍ਰਦਰਸ਼ਨ ਦੀ ਜ਼ਿੰਮੇਵਾਰੀ ਲਈ ਹੈ। ਰਾਹੁਲ ਨੇ ਕਿਹਾ, "ਇਹ ਦੋ ਵਿਚਾਰਧਾਰਾਵਾਂ ਦੀ ਲੜਾਈ ਹੈ। ਅਸੀ ਦੋ ਵੱਖ-ਵੱਖ ਸੋਚ ਹਾਂ, ਪਰ ਇਹ ਮੰਨਣਾ ਹੋਵੇਗਾ ਕਿ ਇਨ੍ਹਾਂ ਚੋਣਾਂ 'ਚ ਨਰਿੰਦਰ ਮੋਦੀ ਅਤੇ ਭਾਜਪਾ ਦੀ ਜਿੱਤ ਹੋਈ ਹੈ। ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ।" ਰਾਹੁਲ ਨੇ ਅਮੇਠੀ ਤੋਂ ਆਪਣੀ ਹਾਰ ਮੰਨਦਿਆਂ ਸਮ੍ਰਿਤੀ ਇਰਾਨੀ ਨੂੰ ਜਿੱਤ ਦੀ ਵਧਾਈ ਦਿੱਤੀ।

ਇਸ ਦੇ ਨਾਲ ਹੀ ਰਾਹੁਲ ਨੇ ਨਤੀਜਿਆਂ ਨੂੰ ਲੈ ਕੇ ਕਿਸੇ ਤਰ੍ਹਾਂ ਸਵਾਲ ਚੁੱਕਣ ਤੋਂ ਇਨਕਾਰ ਕਰਦੇ ਹੋਏ ਕਿਹਾ, "ਮੈਂ ਦੇਸ਼ ਦੇ ਲੋਕਾਂ ਦੇ ਫੈਸਲੇ 'ਤੇ ਕਿਸ ਤਰ੍ਹਾਂ ਦਾ ਸਵਾਲ ਨਹੀਂ ਚੁੱਕਣਾ ਚਾਹੁੰਦਾ ਹਾਂ ਅਤੇ ਮੈਂ ਜਨਾਦੇਸ਼ ਦਾ ਪੂਰਾ ਸਨਮਾਨ ਕਰਦਾ ਹਾਂ।" ਬੇਰੋਜ਼ਗਾਰੀ ਅਤੇ ਅਰਥ ਵਿਵਸਥਾ ਵਰਗੇ ਮੁੱਦਿਆਂ ਨੂੰ ਤਰਜੀਹ ਦੇਣ ਨੂੰ ਗਲਤੀ ਦੇ ਸਵਾਲ 'ਤੇ ਰਾਹੁਲ ਨੇ ਕਿਹਾ ਕਿ "ਅੱਜ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਹਾਂ। ਇਹ ਇਸ ਗੱਲ ਦਾ ਸਮਾਂ ਨਹੀਂ ਹੈ।"

ਹਾਰ ਦੀ ਜ਼ਿੰਮੇਵਾਰੀ ਨੂੰ ਲੈ ਕੇ ਸਵਾਲ ਪੁੱਛਣ 'ਤੇ ਰਾਹੁਲ ਨੇ ਕਿਹਾ ਕਿ ਇਸ ਦੀ 100 ਫ਼ੀਸਦੀ ਜ਼ਿੰਮੇਵਾਰੀ ਮੈਂ ਲੈਂਦਾ ਹਾਂ। ਰਾਹੁਲ ਨੇ ਕਾਂਗਰਸ ਦੀ ਰਾਜਨੀਤੀ ਨੂੰ ਪਾਜੀਟਿਵ ਕਰਾਰ ਦਿੰਦੇ ਹੋਏ ਕਿਹਾ ਕਿ ਬਹੁਤ ਲੰਬਾ ਕੈਂਪੇਨ ਸੀ ਅਤੇ ਮੈਂ ਇਕ ਲਾਈਨ ਰੱਖੀ ਸੀ ਕਿ ਮੇਰੇ ਉੱਪਰ ਜੋ ਵੀ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਜਾਵੇ, ਮੈਂ ਪਿਆਰ ਨਾਲ ਜਵਾਬ ਦੇਵਾਂਗਾ। ਭਾਵੇਂ ਕੁਝ ਵੀ ਹੋ ਜਾਵੇ, ਮੈਂ ਜਵਾਬ 'ਚ ਪਿਆਰ ਨਾਲ ਹੀ ਬੋਲਾਂਗਾ।

ਰਾਹੁਲ ਨੇ ਕਿਹਾ,''ਅੱਜ ਫ਼ੈਸਲੇ ਦਾ ਦਿਨ ਹੈ। ਮੈਂ ਇਸ ਫੈਸਲੇ ਨੂੰ ਕੋਈ ਰੰਗ ਨਹੀਂ ਦੇਣਾ ਚਾਹੁੰਦਾ। ਅੱਜ ਕੋਈ ਫ਼ਰਕ ਨਹੀਂ ਪੈਂਦਾ ਕਿ ਮੈਂ ਇਸ ਪਿੱਛੇ ਕੀ ਕਾਰਨ ਮੰਨਦਾ ਹਾਂ। ਫ਼ੈਸਲਾ ਹੈ ਕਿ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਹੋਣਗੇ।'' ਉਨ੍ਹਾਂ ਨੇ ਕਿਹਾ ਕਿ ਅਮੇਠੀ 'ਚ ਸਮਰਿਤੀ ਇਰਾਨੀ ਜੀ ਜਿੱਤੀ ਹੈ। ਮੈਂ ਚਾਹਾਂਗਾ ਕਿ ਸਮਰਿਤੀ ਜੀ ਬਹੁਤ ਪਿਆਰ ਨਾਲ ਅਮੇਠੀ ਦੀ ਦੇਖਭਾਲ ਕਰੇ।'