Himachal: ਬੰਨ੍ਹ ਤੋਂ ਅਚਾਨਕ ਪਾਣੀ ਛੱਡਣ ਕਾਰਨ ਦੋ ਸੈਲਾਨੀ ਨਦੀ ’ਚ ਵਹੇ
ਇਕ ਦੀ ਲਾਸ਼ ਬਰਾਮਦ ਦੂਜੇ ਦੀ ਭਾਲ ਜਾਰੀ
ਕੁੱਲੂ ਜ਼ਿਲ੍ਹੇ ਦੀ ਮਸ਼ਹੂਰ ਮਣੀਕਰਨ ਘਾਟੀ ਵਿਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਪਾਰਵਤੀ ਨਦੀ ਦੇ ਤੇਜ਼ ਵਹਾਅ ਵਿਚ ਦੋ ਸੈਲਾਨੀ ਵਹਿ ਗਏ। ਜਾਣਕਾਰੀ ਅਨੁਸਾਰ ਇਹ ਹਾਦਸਾ NHPC ਪ੍ਰਾਜੈਕਟ ਦੇ ਡੈਮ ਤੋਂ ਅਚਾਨਕ ਪਾਣੀ ਛੱਡਣ ਕਾਰਨ ਹੋਇਆ। ਦੁਪਹਿਰ 1:45 ਵਜੇ ਦੇ ਕਰੀਬ ਡੈਮ ਤੋਂ ਬਿਨਾਂ ਕਿਸੇ ਪੂਰਵ ਸੂਚਨਾ ਜਾਂ ਹੂਟਰ ਦੇ ਪਾਣੀ ਛੱਡਣ ਕਾਰਨ ਪਾਰਵਤੀ ਨਦੀ ਦੇ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ।
ਇਸ ਕਾਰਨ ਕਸੋਲ ਵਿਚ ਨਦੀ ਦੇ ਕੰਢੇ ਬੈਠੇ 5 ਸੈਲਾਨੀ ਤੇਜ਼ ਕਰੰਟ ਵਿਚ ਫਸ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਨੇ ਤੁਰਤ ਬਚਾਅ ਕਾਰਜ ਸ਼ੁਰੂ ਕਰ ਦਿਤਾ। ਇਸ ਮੁਹਿੰਮ ਵਿਚ, 3 ਸੈਲਾਨੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ, ਪਰ 2 ਸੈਲਾਨੀ ਨਦੀ ਦੇ ਤੇਜ਼ ਵਹਾਅ ਵਿਚ ਵਹਿ ਗਏ। ਤੇਜ਼ ਖੋਜ ਮੁਹਿੰਮ ਦੌਰਾਨ ਇਕ ਸੈਲਾਨੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ, ਜਦੋਂ ਕਿ ਦੂਜਾ ਅਜੇ ਵੀ ਲਾਪਤਾ ਹੈ।
ਬਚਾਅ ਟੀਮ ਉਸ ਦੀ ਭਾਲ ਕਰ ਰਹੀ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਪ੍ਰਸ਼ਾਂਤ ਚੌਰਸੀਆ ਕੇਅਰ ਵਾਸੀ ਸ਼ਕੁੰਤਲਾ ਦੇਵੀ ਵਾਸੀ ਕੈਲਾਸ਼ਪੁਰੀ ਕਾਲੋਨੀ ਵਾਰਾਣਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਦੂਜੇ ਪਾਸੇ, ਕੁੱਲੂ ਦੇ ਡੀਸੀ ਟੋਰੂਲ ਐਸ ਰਵੀਸ਼ ਨੇ ਕਿਹਾ ਕਿ ਹੁਣ ਤਕ ਪ੍ਰਾਪਤ ਜਾਣਕਾਰੀ ਅਨੁਸਾਰ, ਡੈਮ ਪ੍ਰਬੰਧਨ ਨੇ ਬਿਨਾਂ ਕਿਸੇ ਪੂਰਵ ਜਾਣਕਾਰੀ ਅਤੇ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕੀਤੇ ਪਾਣੀ ਛੱਡਿਆ, ਜੋ ਕਿ ਇਸ ਹਾਦਸੇ ਦਾ ਮੁੱਖ ਕਾਰਨ ਬਣਿਆ।
ਉਨ੍ਹਾਂ ਕਿਹਾ ਕਿ ਕੱਲ੍ਹ ਹੀ ਡੈਮ ਪ੍ਰਬੰਧਨ ਨਾਲ ਮੀਟਿੰਗ ਤੋਂ ਬਾਅਦ ਡੈਮ ਤੋਂ ਪਾਣੀ ਛੱਡਣ ਸਬੰਧੀ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ, ਪਰ ਇਸ ਦੇ ਬਾਵਜੂਦ ਇਸ ਮਾਮਲੇ ਵਿਚ ਲਾਪਰਵਾਹੀ ਦਿਖਾਈ ਗਈ। ਉਨ੍ਹਾਂ ਕਿਹਾ ਕਿ ਇਸ ਘਟਨਾ ਲਈ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਦੂਜੇ ਪਾਸੇ, ਮਣੀਕਰਨ ਪੁਲਿਸ ਸਟੇਸ਼ਨ ਦੇ ਇੰਚਾਰਜ ਸੰਜੀਵ ਵਾਲੀਆ ਨੇ ਕਿਹਾ ਕਿ ਬਿਨਾਂ ਜਾਣਕਾਰੀ ਦੇ ਡੈਮ ਤੋਂ ਪਾਣੀ ਛੱਡਣ ਵਿਚ ਲਾਪਰਵਾਹੀ ਵਰਤਣ ਵਾਲਿਆਂ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਐਸਪੀ ਡਾ. ਕਾਰਤੀਕੇਯਨ ਗੋਕੁਲ ਚੰਦਰਨ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।