ਦੇਸ਼ 'ਚ ਹਰ ਚਾਰ ਮਿੰਟ ਬਾਅਦ ਹੁੰਦੀ ਹੈ ਇਕ ਆਤਮ ਹੱਤਿਆ, ਮਰਦਾਂ ਦੇ ਅੰਕੜੇ ਜ਼ਿਆਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਤਮ ਹੱਤਿਆ ਕਰਨਾ ਗ਼ਲਤ ਹੈ, ਪਰ ਫਿਰ ਵੀ ਹਰ ਸਾਲ ਆਤਮ ਹੱਤਿਆ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ...

suicide

ਨਵੀਂ ਦਿੱਲੀ : ਆਤਮ ਹੱਤਿਆ ਕਰਨਾ ਗ਼ਲਤ ਹੈ, ਪਰ ਫਿਰ ਵੀ ਹਰ ਸਾਲ ਆਤਮ ਹੱਤਿਆ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਤਾਜ਼ਾ ਅੰਕੜਿਆਂ ਦੇ ਹਿਸਾਬ ਨਾਲ ਦੇਸ਼ ਵਿਚ ਹਰ ਚਾਰ ਮਿੰਟ ਵਿਚ ਇਕ ਆਤਮ ਹੱÎਤਿਆ ਦਾ ਮਾਮਲਾ ਸਾਹਮਣੇ ਆਉਂਦਾ ਹੈ। ਆਤਮ ਹੱਤਿਆ ਕਰਨ ਵਾਲੇ ਲੋਕ ਘੱਟ ਤੋਂ ਘੱਟ ਦਸ ਵਾਰ ਪਹਿਲਾਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਪਰਵਾਰ ਵਾਲਿਆਂ ਅਤੇ ਬਾਕੀ ਰਿਸ਼ਤੇਦਾਰ ਇਨ੍ਹਾਂ ਦੇ ਵਿਵਹਾਰ ਵਿਚ ਆਏ ਬਦਲਾਅ ਨੂੰ ਸਮਝ ਨਹੀਂ ਪਾਉਂਦੇ ਅਤੇ ਉਹ ਲੋਕ ਆਤਮ ਹੱਤਿਆ ਕਰ ਲੈਂਦੇ ਹਨ।

ਇਹ ਕਹਿਣਾ ਹੈ ਕਿ ਡਾਕਟਰ ਸੁਨੀਲ ਮਿੱਤਲ ਦਾ। ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਬਿਹੈਵਿਅਰਲ ਸਾਇੰਸਜ਼ (ਸੀਆਈਐਮਬੀਐਸ) ਦੇ ਡਾਇਰੈਕਟਰ ਮਿੱਤਲ ਨੇ ਵਰਲਡ ਸੁਸਾਈਡ ਪ੍ਰੀਵੈਨਸ਼ਨ ਡੇਅ ਦੇ ਮੌਕੇ 'ਤੇ ਹੈਲਪਲਾਈਨ ਜਾਰੀ ਕੀਤੀ। ਲੋਕ ਇਸ ਹੈਲਪਲਾਈਨ ਨੰਬਰ 'ਤੇ ਕਾਲ ਕਰ ਕੇ ਅਪਣੀ ਪਰੇਸ਼ਾਨੀ ਅਤੇ ਇਸ ਤੋਂ ਬਚਾਅ ਦੇ ਬਾਰੇ ਵਿਚ ਡਾਕਟਰ ਨਾਲ ਗੱਲ ਕਰ ਸਕਦੇ ਹਨ। ਸੀਆਈਐਮਬੀਐਸ ਨੇ ਲੋਕਾਂ ਵਿਚ ਜਾਗਰੂਕਤਾ ਵਧਾਉਣ ਦੇ ਤਹਿਤ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।

ਕਰੀਬ ਇਕ ਸਾਲ ਤਕ ਚੱਲਣ ਵਾਲੀ ਇਸ ਮੁਹਿੰਮ ਵਿਚ ਸੁਸਾਈਡ ਦੇ ਮੁੱਦਿਆਂ ਨੂੰ ਲੈ ਕੇ ਚਰਚਾ 'ਤੇ ਕੇਂਦਰਤ ਕੀਤਾ ਜਾਵੇਗਾ।ਸਾਲ 1987 ਵਿਚ ਆਤਮ ਹੱਤਿਆਵਾਂ ਦੀ ਘਟਨਾਵਾਂ ਪ੍ਰਤੀ ਇਕ ਲੱਖ ਦੀ ਆਬਾਦੀ ਵਿਚ 7.5 ਫ਼ੀਸਦੀ ਸੀ ਜੋ ਹੁਣ ਵਧ ਕੇ 11.2 ਫ਼ੀਸਦੀ ਤੋਂ ਜ਼ਿਆਦਾ ਹੋ ਗਈ ਹੈ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐਨਸੀਆਰਬੀ) ਦੇ ਅਨੁਸਾਰ ਸਾਲ 2012 ਵਿਚ ਇਕ ਲੱਖ 35 ਹਜ਼ਾਰ 445 ਲੋਕਾਂ ਨੇ ਆਤਮ ਹੱਤਿਆ ਕੀਤੀ। ਹਰ ਦਿਨ 371 ਲੋਕ ਜਾਂ ਹਰ ਚਾਰ ਮਿੰਟ ਵਿਚ ਇਕ ਵਿਅਕਤੀ ਨੇ ਆਤਮ ਹੱਤਿਆ ਕਰ ਲਈ। 

ਮੈਡੀਕਲ ਜਨਰਲ ਲੈਂਸੇਟ ਦੀ ਰਿਪੋਰਟ ਮੁਤਾਬਕ ਭਾਰਤ ਵਿਚ ਸਾਲ 2010 ਵਿਚ ਇਕ ਲੱਖ 86 ਹਜ਼ਾਰ 900 ਲੋਕਾਂ ਨੇ ਆਤਮ ਹੱਤਿਆ ਕੀਤੀ ਸੀ। ਰਿਪੋਰਟ ਵਿਚ ਪਾਇਆ ਗਿਆ ਹੈ ਕਿ ਜ਼ਿਆਦਾਤਰ 15 ਤੋਂ 49 ਸਾਲ ਦੀ ਉਮਰ ਗਰੁੱਪ ਦੇ ਲੋਕ ਆਤਮ ਹੱਤਿਆ ਕਰਦੇ ਹਨ। ਭਾਰਤ ਵਿਚ ਆਤਮ ਹੱਤਿਆ ਕਰਨ ਵਾਲੇ ਕਰੀਬ 40 ਫ਼ੀਸਦੀ ਮਰਦ ਅਤੇ 56 ਫ਼ੀਸਦੀ ਔਰਤਾਂ ਹਨ, ਜੋ 15 ਤੋਂ 29 ਸਾਲ ਦੇ ਵਿਚਕਾਰ ਹੁੰਦੇ ਹਨ। ਆਤਮ ਹੱਤਿਆ ਕਰਨ ਵਾਲੇ ਕਰੀਬ 65 ਫ਼ੀਸਦੀ ਲੋਕ ਮਰਦ ਹੁੰਦੇ ਹਨ। 

ਭਾਰਤੀ ਦੰਡ ਵਿਧਾਨ ਦੀ ਧਾਰਾ 309 ਤਹਿਤ ਆਤਮ ਹੱਤਿਆ ਦਾ ਯਤਨ ਅਜੇ ਵੀ ਇਕ ਅਪਰਾਧ ਹੈ। ਜੋ ਵਿਅਕਤੀ ਆਤਮ ਹੱਤਿਆ ਕਰਦਾ ਹੈ, ਉਸ ਨੂੰ ਮਦਦ ਮਿਲਣ ਦੀ ਬਜਾਏ ਉਸ ਨੂੰ ਕਾਨੂੰਨੀ ਤੌਰ 'ਤੇ ਸਜ਼ਾ ਦਿਤੀ ਜਾਂਦੀ ਹੇ। ਇਹੀ ਕਾਰਨ ਹੈ ਕਿ ਆਤਮ ਹੱਤਿਆ ਦੇ ਯਤਨ ਦੇ ਜ਼ਿਆਦਾਤਰ ਮਾਮਲੇ ਸਾਮਹਣੇ ਨਹੀਂ ਆਉਂਦੇ ਹਨ ਅਤੇ ਅਜਿਹੇ ਵਿਅਕਤੀ ਨੂੰ ਢੁਕਵੀਂ ਮੈਡੀਕਲ ਅਤੇ ਮਨੋਵਿਗਿਆਨਕ ਸਹਾਇਤਾ ਨਹੀਂ ਮਿਲ ਪਾਉਂਦੀ ਹੈ।