ਸੋਕਾ ਪੀੜਤ ਬੁਦੇਲਖੰਡ 'ਚ ਮਸੀਹਾ ਬਣਿਆ 'ਟਿਊਬਵੈੱਲ ਚਾਚੀ' ਦਾ ਗਰੁੱਪ
ਭਿਆਨਕ ਗਰਮੀ ਵਿਚ ਸੋਕਾਗ੍ਰਸਤ ਬੁਦੇਲਖੰਡ ਵਿਚ ਪਾਣੀ ਦੇ ਸੰਕਟ ਨੇ ਵਿਰਾਟ ਰੂਪ ਧਾਰਨ ਕਰ ਲਿਆ ਹੈ...
ਭੋਪਾਲ : ਭਿਆਨਕ ਗਰਮੀ ਵਿਚ ਸੋਕਾਗ੍ਰਸਤ ਬੁਦੇਲਖੰਡ ਵਿਚ ਪਾਣੀ ਦੇ ਸੰਕਟ ਨੇ ਵਿਰਾਟ ਰੂਪ ਧਾਰਨ ਕਰ ਲਿਆ ਹੈ। ਕੁਦਰਤੀ ਜਲ ਸਰੋਤ ਜਿੱਥੇ ਪੂਰੀ ਤਰ੍ਹਾਂ ਸੁੱਕ ਚੁੱਕੇ ਹਨ, ਉਥੇ ਟਿਊਬਵੈੱਲ ਅਤੇ ਨਲਕੇ ਵੀ ਜਵਾਬ ਦੇਣ ਲੱਗ ਗਏ ਹਨ। ਅਜਿਹੇ ਵਿਚ ਬੂੰਦ-ਬੂੰਦ ਪਾਣੀ ਨੂੰ ਤਰਸਦੇ ਪਿੰਡ ਵਾਲਿਆਂ ਲਈ ਆਦਿਵਾਸੀ ਔਰਤਾਂ ਦਾ ਇਕ ਸਮੂਹ ਮਸੀਹਾ ਬਣ ਚੁੱਕਿਆ ਹੈ। ਪਿੰਡ ਵਾਲੇ ਇਨ੍ਹਾਂ ਨੂੰ 'ਟਿਊਬਵੈੱਲ ਚਾਚੀ' ਵੀ ਕਹਿੰਦੇ ਹਨ। ਇਸ ਸਮੂਹ ਦੀਆਂ ਔਰਤਾਂ ਹਥੌੜਾ ਅਤੇ ਰੈਂਚ ਲੈ ਕੇ ਇਕ ਪਿੰਡ ਤੋਂ ਦੂਜੇ ਪਿੰਡ ਜਾ ਕੇ ਖ਼ਰਾਬ ਪਏ ਟਿਊਬਵੈੱਲ ਦੀ ਮੁਰੰਮਤ ਕਰਦੀਆਂ ਹਨ
ਤਾਕਿ ਪਿੰਡ ਵਾਲਿਆਂ ਨੂੰ ਪਾਣੀ ਲਈ ਜੱਦੋ ਜਹਿਦ ਨਾ ਕਰਨੀ ਪਵੇ।15 ਔਰਤਾਂ ਦਾ ਇਹ ਸਮੂਹ ਛਤਰਪੁਰ ਦੇ ਘੁਵਾਰਾ ਤਹਿਸੀਲ ਦੇ ਝਿਰਿਆਯੋਰ ਪਿੰਡ ਨਾਲ ਸਬੰਧ ਰੱਖਦਾ ਹੈ। ਇਨ੍ਹਾਂ ਔਰਤਾਂ ਨੂੰ ਕਦੇ-ਕਦੇ 50 ਕਿਲੋਮੀਟਰ ਦੂਰ ਸਥਿਤ ਪਿੰਡਾਂ ਤੋਂ ਵੀ ਨਲਕੇ ਅਤੇ ਟਿਊਬਵੈੱਲ ਦੀ ਮੁਰੰਮਤ ਲਈ ਕਾਲਾਂ ਆਉਂਦੀਆਂ ਹਨ। ਤੇਜ਼ ਧੁੱਪ ਨੂੰ ਨਜ਼ਰਅੰਦਾਜ਼ ਕਰਦੇ ਹੋਏ ਇਹ ਔਰਤਾਂ ਟਹਿਲਦੀਆਂ ਹੋਈਆਂ ਅਪਣੀ ਮੰਜ਼ਲ ਵੱਲ ਨਿਕਲ ਪੈਂਦੀਆਂ ਹਨ। ਇਸ ਵਾਰ ਮਾਨਸੂਨ ਵਿਚ ਦੇਰੀ ਦੇ ਚਲਦੇ ਇਲਾਕੇ ਦੇ ਜ਼ਿਆਦਾਤਰ ਪਿੰਡਾਂ ਵਿਚ ਨਦੀਆਂ ਅਤੇ ਤਲਾਬ ਸੁੱਕ ਚੁੱਕੇ ਹਨ।
ਅਜਿਹੇ ਵਿਚ ਟਿਊਬਵੈੱਲ ਹੀ ਪਿੰਡ ਦੇ ਲੋਕਾਂ ਲਈ ਲਾਈਫ਼ਲਾਈਨ ਵਾਂਗ ਹਨ। ਇਹ ਔਰਤਾਂ ਕੋਸ਼ਿਸ਼ ਵਿਚ ਹਨ ਕਿ ਪਿੰਡਾਂ ਵਾਲਿਆਂ ਦੀ ਪਿਆਸ ਇਨ੍ਹਾਂ ਟਿਊਬਵੈੱਲ ਦੇ ਸਹਾਰੇ ਬੁਝਦੀ ਰਹੇ। ਗਰੁੱਪ ਦੀ ਲੀਡਰ ਸੀਮਾ ਨੇ ਦਸਿਆ ਕਿ ਜਿਵੇਂ ਹੀ ਸਾਨੂੰ ਜਾਣਕਾਰੀ ਮਿਲਦੀ ਹੈ ਅਸੀਂ ਤੁਰਤ ਉਥੇ ਚੱਲ ਪੈਂਦੀਆਂ ਹਨ, ਉਦੋਂ ਕੋਈ ਅਗਰ ਮਗਰ ਨਹੀਂ ਹੁੰਦਾ ਹੈ।ਉਥੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪਬਲਿਕ ਹੈਲਥ ਇੰਜੀਨਿਅਰਿੰਗ ਵਿਭਾਗ ਦੇ ਕਾਰੀਗਰ ਜਦੋਂ ਤਕ ਇਥੇ ਆਉਂਦੇ ਹਨ, ਕਾਫ਼ੀ ਦੇਰ ਹੋ ਚੁੱਕੀ ਹੁੰਦੀ ਹੈ,
ਇਸ ਲਈ ਸਰਕਾਰੀ ਮਦਦ ਦੀ ਬਜਾਏ ਉਹ ਟਿਊਬਵੈੱਲ ਚਾਚੀਆਂ ਨੂੰ ਹੀ ਕਾਲ ਕਰ ਕੇ ਮਦਦ ਲਈ ਬੁਲਾਉਂਦੇ ਹਨ। ਹਰ ਸਾਲ ਗਰਮੀ ਦੇ ਮੌਸਮ ਵਿਚ ਪਾਣੀ ਦਾ ਪੱਧਰ ਡਿਗਦਾ ਜਾ ਰਿਹਾ ਹੈ, ਇਸੇ ਦੇ ਨਾਲ ਇਨ੍ਹਾਂ ਟਿਊਬਵੈੱਲ ਚਾਚੀਆਂ ਦੇ ਕੋਲ ਟਿਊਬਵੈੱਲ ਮੁਰੰਮਤ ਲਈ ਆਉਣ ਵਾਲੀਆਂ ਕਾਲਾਂ ਵਿਚ ਵੀ ਵਾਧਾ ਹੋ ਰਿਹਾ ਹੈ ਪਰ ਬਿਨਾਂ ਪਰੇਸ਼ਾਨ ਹੋਏ ਇਹ ਔਰਤਾਂ ਲੋਕਾਂ ਦੀ ਮਦਦ ਕਰਨ ਲਈ ਨਿਕਲ ਪੈਂਦੀਆਂ ਹਨ। ਇਹ ਔਰਤਾਂ ਇਸ ਸੀਜ਼ਨ ਵਿਚ ਸੌ ਤੋਂ ਜ਼ਿਆਦਾ ਟਿਊਬਵੈੱਲ ਦੀ ਮੁਰੰਮਤ ਕਰ ਚੁੱਕੀਆਂ ਹਨ।
ਸਮੂਹ ਦੀ ਇਕ ਮੈਂਬਰ ਮੀਰਾ ਦਾ ਕਹਿਣਾ ਹੈ ਕਿ ਅਸੀਂ ਪਾਣੀ ਤੋਂ ਬਿਨਾਂ ਪਿੰਡਾਂ ਦੀ ਹਾਲਤ ਨੂੰ ਸਮਝਦੇ ਹਾਂ। ਸੋਕੇ ਦੀ ਵਜ੍ਹਾ ਨਾਲ ਭਲੇ ਹੀ ਸਾਡਾ ਕੰਮ ਵਧ ਗਿਆ ਹੋਵੇ ਪਰ ਅਸੀਂ ਇਸ ਦੀ ਫ਼ਿਕਰ ਨਹੀਂ ਕਰਦੇ। ਇਨ੍ਹਾਂ ਔਰਤਾਂ ਦੇ ਸ਼ਲਾਘਾਯੋਗ ਯਤਨ ਨਾਲ ਡਿਪਟੀ ਕਮਿਸ਼ਨਰ ਰਮੇਸ਼ ਭੰਡਾਰੀ ਵੀ ਪ੍ਰਭਾਵਤ ਹੋਏ ਹਨ। ਉਹ ਇਨ੍ਹਾਂ ਦੀ ਤਾਰੀਫ਼ ਕਰਦੇ ਹੋਏ ਕਹਿੰਦੇ ਹਨ ਕਿ ਪ੍ਰਸ਼ਾਸਨ ਇਨ੍ਹਾਂ ਔਰਤਾਂ ਨੂੰ ਔਜ਼ਾਰਾਂ ਦੇ ਨਾਲ ਸਿਖ਼ਲਾਈ ਦੇਣ ਅਤੇ ਇਨ੍ਹਾਂ ਦੇ ਸਕਿਲਸ ਨੂੰ ਵਧਾਉਣ ਵਿਚ ਮਦਦ ਕਰ ਰਿਹਾ ਹੈ। ਉਹ ਅੱਗੇ ਕਹਿੰਦੇ ਹਨ, ਪੁਰਸ਼ ਪ੍ਰਧਾਨ ਖੇਤਰ ਵਿਚ ਇਨ੍ਹਾਂ ਔਰਤਾਂ ਨੇ ਮਿਸਾਲ ਕਾਇਮ ਕੀਤੀ ਹੈ, ਉਹ ਟਿਊਬਵੈੱਲ ਦੀ ਮੁਰੰਮਤ ਦੇ ਨਾਲ ਘਰ ਵੀ ਸੰਭਾਲਦੀਆਂ ਹਨ।