ਅਪਣਾ ਡ੍ਰੋਨ ਡਿੱਗਣ ਤੋਂ ਬਾਅਦ ਅਮਰੀਕਾ ਨੇ ਇਰਾਨ ’ਤੇ ਕੀਤਾ ਸਾਈਬਰ ਹਮਲਾ
150 ਵਿਅਕਤੀਆਂ ਦੀ ਹੋਈ ਸੀ ਮੌਤ
ਨਵੀਂ ਦਿੱਲੀ: ਇਰਾਨ ਨਾਲ ਵੱਡੇ ਤਨਾਅ ਦੌਰਾਨ ਅਮਰੀਕਾ ਨੇ ਉਸ ’ਤੇ ਸਾਈਬਰ ਹਮਲਾ ਕੀਤਾ ਹੈ। ਅਮਰੀਕੀ ਅਖ਼ਬਾਰ ਦਾ ਵਾਸ਼ਿੰਗਟਨ ਪੋਸਟ ਦੀ ਇਕ ਰਿਪੋਰਟ ਮੁਤਾਬਕ ਅਮਰੀਕੀ ਸਾਈਬਰ ਕਮਾਨ ਨੇ ਇਹ ਹਮਲਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮਨਜ਼ੂਰੀ ਤੋਂ ਬਾਅਦ 20 ਜੂਨ ਦੀ ਰਾਤ ਨੂੰ ਕੀਤਾ ਸੀ। ਇਸ ਹਮਲੇ ਨੇ ਮਿਸਾਇਲ ਅਤੇ ਰਾਕੇਟ ਲਾਂਚ ਨੂੰ ਕੰਟਰੋਲ ਕਰਨ ਵਾਲੇ ਇਰਾਨੀ ਕੰਪਿਊਟਰ ਸਿਸਟਮ ਨੂੰ ਡਿਸੇਬਲ ਕਰ ਦਿੱਤਾ।
ਰਿਪੋਰਟ ਵਿਚ ਹਮਲੇ ਨਾਲ ਜੁੜੇ 2 ਲੋਕਾਂ ਦੇ ਹਵਾਲੇ ਤੋਂ ਦਸਿਆ ਕਿ ਇਸ ਸਾਈਬਰ ਹਮਲੇ ਦੀ ਤਿਆਰੀ ਕੁੱਝ ਹਫ਼ਤੇ ਪਹਿਲਾਂ ਤੋਂ ਹੀ ਚਲ ਰਹੀ ਸੀ। ਅਮਰੀਕੀ ਰੱਖਿਆ ਮੰਤਰਾਲੇ ਨੇ ਇਸ ਮਹੀਨੇ ਸਟ੍ਰੇਟ ਆਫ਼ ਹੋਰਮੂਜ ਵਿਚ ਕਥਿਤ ਤੌਰ ’ਤੇ ਦੋ ਤੇਲ ਟੈਂਕਰਾਂ ’ਤੇ ਇਰਾਨ ਦੇ ਹਮਲੇ ਤੋਂ ਬਾਅਦ ਇਸ ਹਮਲੇ ਦਾ ਸੁਝਾਅ ਦਿੱਤਾ ਸੀ। ਅਪਣਾ ਡ੍ਰੋਨ ਡਿੱਗਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਟਰੰਪ ਇਰਾਨ ’ਤੇ ਫ਼ੌਜੀ ਕਾਰਵਾਈ ਦਾ ਮਨ ਬਣਾ ਚੁੱਕੇ ਸਨ ਪਰ ਆਖਰੀ ਵਕਤ ਉਹਨਾਂ ਨੇ ਅਪਣੇ ਕਦਮ ਪਿੱਛੇ ਖਿੱਚ ਲਏ।
ਟਰੰਪ ਨੇ ਟਵੀਟ ਕਰ ਕੇ ਇਸ ਦੀ ਵਜ੍ਹਾ ਵੀ ਦੱਸੀ ਸੀ। ਉਹਨਾਂ ਨੇ ਕਿਹਾ ਸੀ ਕਿ ਉਹ ਜਵਾਬੀ ਕਾਰਵਾਈ ਲਈ ਤਿਆਰ ਸਨ। ਪਰ ਜਦੋਂ ਉਹਨਾਂ ਨੇ ਪੁਛਿਆ ਕਿ ਇਸ ਹਮਲੇ ਵਿਚ ਕਿੰਨੇ ਲੋਕ ਮਾਰੇ ਗਏ ਹਨ ਤਾਂ ਜਰਨਲ ਨੇ ਜਵਾਬ ਦਿੱਤਾ ਕਿ 150। ਅਜਿਹੇ ਵਿਚ ਉਹਨਾਂ ਨੇ ਹਮਲੇ ਤੋਂ 10 ਮਿੰਟ ਪਹਿਲਾਂ ਇਸ ਨੂੰ ਰੋਕ ਦਿੱਤਾ। ਡ੍ਰੋਨ ਦੇ ਸੁੱਟਣ ਦੇ ਜਵਾਬ ਵਿਚ ਇਹ ਕਾਰਵਾਈ ਸਹੀ ਨਹੀਂ ਹੁੰਦੀ। ਇਸ ਦੇ ਨਾਲ ਹੀ ਟਰੰਪ ਨੇ ਦਸਿਆ ਸੀ ਕਿ ਅਮਰੀਕਾ ਨੇ ਇਰਾਨ ’ਤੇ ਹੋਰ ਪਾਬੰਦੀ ਲਗਾ ਦਿੱਤੀ ਹੈ।
ਉਹਨਾਂ ਨੇ ਇਰਾਨ ’ਤੇ 24 ਜੂਨ ਨੂੰ ਨਵੇਂ ਪ੍ਰਤੀਬੰਧ ਲਗਾਉਣ ਦੀ ਵੀ ਗੱਲ ਕਹੀ ਹੈ। ਗੱਲ ਇਰਾਨ ਦੀ ਕਰੀਏ ਤਾਂ ਉਸ ਨੇ 22 ਜੂਨ ਨੂੰ ਕਿਹਾ ਕਿ ਉਹ ਅਮਰੀਕਾ ਦੀ ਕਿਸੇ ਵੀ ਹਮਲੇ ਜਾਂ ਖ਼ਤਰੇ ਦਾ ਜ਼ੋਰਦਾਰ ਜਵਾਬ ਦੇਣ ਲਈ ਤਿਆਰ ਹੈ। ਅਜਿਹੇ ਵਿਚ ਫਿਲਹਾਲ ਅਮਰੀਕਾ ਤੇ ਇਰਾਨ ਦੌਰਾਨ ਤਨਾਅ ਘਟ ਹੁੰਦਾ ਨਜ਼ਰ ਨਹੀਂ ਆ ਰਿਹਾ।