ਅਗਲੇ ਹਫ਼ਤੇ ਤੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਬਾਹਰ ਕੱਢਣਾ ਸ਼ੁਰੂ ਕਰਾਂਗੇ : ਟਰੰਪ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਕਿਹਾ - ਜਿੰਨੀ ਛੇਤੀ ਗ਼ੈਰ-ਕਾਨੂੰਨੀ ਪ੍ਰਵਾਸੀ ਅਮਰੀਕਾ ਅੰਦਰ ਆਏ ਸਨ, ਉਨ੍ਹਾਂ ਹੀ ਓਨੀ ਛੇਤੀ ਬਾਹਰ ਕੱਢਿਆ ਜਾਵੇਗਾ

Donald Trump says US agency will begin removing millions of illegal immigrants

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਅਗਲੇ ਹਫ਼ਤੇ ਤੋਂ ਲੱਖਾਂ ਗ਼ੈਰ-ਕਾਨੂੰਨੀ ਸ਼ਰਨਾਰਥੀਆਂ ਨੂੰ ਦੇਸ਼ 'ਚੋਂ ਬਾਹਰ ਕੱਢਣਾ ਸ਼ੁਰੂ ਕਰੇਗਾ। ਟਰੰਪ ਨੇ ਟਵੀਟ ਕਰ ਕੇ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫ਼ੈਰਸਮੈਂਟ ਏਜੰਸੀ ਦਾ ਹਵਾਲਾ ਦਿੰਦਿਆਂ ਕਿਹਾ, "ਅਗਲੇ ਹਫ਼ਤੇ ਆਈਸੀਈ ਲੱਖਾਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰੇਗਾ, ਜੋ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖ਼ਲ ਹੋਏ ਸਨ। ਜਿੰਨੀ ਛੇਤੀ ਉਹ ਪ੍ਰਵਾਸੀ ਆਏ ਸਨ, ਉਨ੍ਹਾਂ ਹੀ ਓਨੀ ਛੇਤੀ ਬਾਹਰ ਕੱਢਿਆ ਜਾਵੇਗਾ।"

 


 

ਅਮਰੀਕਾ ਵਿਚ ਕੁਲ 12 ਮਿਲੀਅਨ ਪ੍ਰਵਾਸੀ ਹਨ ਜੋ ਕਿ ਮੈਕਸੀਕੋ ਅਤੇ ਕੇਂਦਰੀ ਅਮਰੀਕਾ ਤੋਂ ਗ਼ੈਰ-ਕਾਨੂੰਨੀ ਤਰੀਕੇ ਨਾਲ ਆ ਕੇ ਵੱਸ ਗਏ ਹਨ। ਅਮਰੀਕਾ ਅਤੇ ਮੈਕਸੀਕੋ ਵਿਚਕਾਰ ਹੋਏ ਇਕ ਸਮਝੌਤੇ ਦੇ ਤਹਿਤ ਮੈਕਸੀਕੋ ਕੇਂਦਰੀ ਅਮਰੀਕਾ ਤੋਂ ਆਉਣ ਵਾਲੇ ਪ੍ਰਵਾਸੀ, ਜੋ ਕਿ ਸੰਯੁਕਤ ਰਾਜ ਵਿਚ ਪਨਾਹ ਭਾਲਦੇ ਹਨ, ਉਨ੍ਹਾਂ ਨੂੰ ਕੇਸ ਦੀ ਸੁਣਵਾਈ ਤਕ ਮੈਕਸੀਕੋ ਵਿਚ ਹੀ ਰੋਕੀ ਰੱਖੇਗਾ। ਨਤੀਜਤਨ ਮੈਕਸੀਕੋ-ਅਮਰੀਕਾ ਸਰਹੱਦ 'ਤੇ ਵਡੇ ਪੱਧਰ 'ਤੇ ਫ਼ੌਜ ਨੂੰ ਤੈਨਾਤ ਕਰ ਦਿਤਾ ਗਿਆ ਹੈ। 

ਜ਼ਿਕਰਯੋਗ ਹੈ ਕਿ ਅਮਰੀਕਾ 'ਚ ਗਵਾਟੇਮਾਲਾ ਅਤੇ ਹੋਰ ਮੱਧ ਅਮਰੀਕੀ ਦੇਸ਼ਾਂ ਤੋਂ ਵੱਡੀ ਗਿਣਤੀ 'ਚ ਸ਼ਰਨਾਰਥੀ ਆ ਰਹੇ ਹਨ। ਇਹ ਦੇਸ਼ ਗਿਰੋਹਾਂ ਦੀ ਹਿੰਸਾ ਦੇ ਸ਼ਿਕਾਰ ਹਨ। ਟਰੰਪ ਨੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਲੜਾਈ ਨੂੰ ਮੁੱਖ ਕੇਂਦਰ ਬਿੰਦੂ ਬਣਾਇਆ ਹੋਇਆ ਹੈ। ਉੱਥੇ ਹੀ ਮੈਕਸੀਕੋ ਦੇ ਰਸਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖ਼ਲ ਹੋਣ ਵਾਲੇ ਪ੍ਰਵਾਸੀਆਂ ਵਿਰੁੱਧ ਕਾਰਵਾਈ ਦੇ ਸਕਾਰਾਤਮਕ ਨਤੀਜੇ ਮਿਲ ਰਹੇ ਹਨ। ਮੈਕਸੀਕੋ ਵੱਲੋਂ ਸਰਹੱਦਾਂ 'ਤੇ 6000 ਜਵਾਨਾਂ ਦੀ ਤਾਇਨਾਤੀ ਤੋਂ ਬਾਅਦ ਅਮਰੀਕੀ ਸਰਹੱਦ ਅੰਦਰ ਦਾਖ਼ਲ ਹੋਣ ਵਾਲੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ 'ਚ ਇਕ ਤਿਹਾਈ ਤੋਂ ਵੀ ਵੱਧ ਦੀ ਕਮੀ ਆਈ ਹੈ।