ਤਿੰਨ ਅਫਰੀਕੀ ਦੇਸ਼ਾਂ ਦੇ ਦੌਰੇ ਦੌਰਾਨ ਪੀਐਮ 'ਰਵਾਂਡਾ' ਨੂੰ ਤੋਹਫੇ ਵਿਚ ਦੇਣਗੇ 200 ਗਾਵਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਤੋਂ ਤਿੰਨ ਅਫਰੀਕੀ ਦੇਸ਼ਾਂ ਦੇ ਦੌਰੇ ਉੱਤੇ ਜਾ ਰਹੇ ਹਨ
ਨਵੀਂ ਦਿੱਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਤੋਂ ਤਿੰਨ ਅਫਰੀਕੀ ਦੇਸ਼ਾਂ ਦੇ ਦੌਰੇ ਉੱਤੇ ਜਾ ਰਹੇ ਹਨ। ਇਸ ਦੌਰਾਨ ਉਹ ਸਭ ਤੋਂ ਪਹਿਲਾਂ ਰਵਾਂਡਾ ਪਹੁੰਚਣਗੇ। ਦੱਸ ਦਈਏ ਕਿ ਨਰਿੰਦਰ ਮੋਦੀ ਚਾਰੇ ਪਾਸਿਓਂ ਜ਼ਮੀਨ ਨਾਲ ਘਿਰੇ ਅਤੇ ਦਿੱਲੀ ਤੋਂ ਵੀ ਘੱਟ ਅਬਾਦੀ ਵਾਲੇ ਇਸ ਦੇਸ਼ ਦੀ ਯਾਤਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ। ਚੀਨ ਦੇ ਰਾਸ਼ਟਰਪਤੀ ਵੀ ਐਤਵਾਰ ਨੂੰ ਰਵਾਂਡਾ ਪੁੱਜੇ ਸਨ। ਅਜਿਹੇ ਵਿਚ ਸਵਾਲ ਇਹ ਹੈ ਕਿ ਉਹ ਕਿਹੜੀ ਵੱਡੀ ਵਜ੍ਹਾ ਹੈ ਜੋ ਰਵਾਂਡਾ ਵਰਗੇ ਛੋਟੇ ਮੱਧ ਅਫਰੀਕੀ ਦੇਸ਼ ਨੂੰ ਇੰਨਾ ਖਾਸ ਬਣਾਉਂਦੀ ਹੈ।
ਦੱਸ ਦਈਏ ਕਿ ਇਹ ਪਹਿਲੀ ਵਾਰ ਹੈ ਜਦੋਂ ਕੋਈ ਚੀਨੀ ਰਾਸ਼ਟਰਪਤੀ ਰਵਾਂਡਾ ਗਏ ਹੋਣ। ਭਾਰਤ ਅਤੇ ਚੀਨ ਦੋਵੇਂ ਹੀ ਏਸ਼ੀਆਈ ਸ਼ਕਤੀਆਂ ਹਨ ਅਤੇ ਅਫਰੀਕੀ ਦੇਸ਼ਾਂ ਨਾਲ ਮੇਲ-ਮਿਲਾਪ ਵਧਾਉਣ ਦਾ ਸਭ ਤੋਂ ਵੱਡਾ ਕਾਰਨ ਉੱਥੇ ਮੌਜੂਦ ਕੁਦਰਤੀ ਸ੍ਰੋਤ ਹਨ। ਸਭ ਤੋਂ ਪਛੜੇ ਮਹਾਂਦੀਪਾਂ ਵਿਚ ਸ਼ਾਮਿਲ ਅਫਰੀਕਾ ਦਾ ਦੇਸ਼ ਰਵਾਂਡਾ ਔਰਤ ਸ਼ਕਤੀਕਰਣ ਦੇ ਮਾਮਲੇ ਵਿਚ ਭਾਰਤ ਤੋਂ ਵੀ ਕਾਫ਼ੀ ਅੱਗੇ ਹੈ। ਜਿੱਥੇ, ਭਾਰਤੀ ਦੀ ਸੰਸਦ ਵਿਚ ਔਰਤਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦੇਣ ਵਾਲਾ ਬਿੱਲ ਸਾਲਾਂ ਤੋਂ ਵਿਚਾਲੇ ਲਟਕ ਰਿਹਾ ਹੈ ਅਤੇ ਰਵਾਂਡਾ ਅਜਿਹਾ ਦੇਸ਼ ਹੈ ਜਿੱਥੇ ਕਿ ਸੰਸਦ ਵਿਚ ਦੋ ਤਿਹਾਈ ਔਰਤਾਂ ਸੰਸਦ ਹਨ।