ਪੰਚਕੂਲਾ 'ਚ ਲੱਗੀ ਹੁੱਕਾ ਪਰੋਸਣ 'ਤੇ ਪਾਬੰਦੀ
ਹੋਟਲਾਂ, ਰੈਸਟੋਰੈਂਟਾਂ ਤੇ ਪਾਰਟੀਆਂ 'ਚ ਹੁਕਮਾਂ ਦੀ ਪਾਲਣਾ ਨਾ ਹੋਣ 'ਤੇ ਹੋਵੇਗੀ ਕਾਰਵਾਈ
ਪੰਚਕੂਲਾ : ਹਰਿਆਣਾ ਦੇ ਪੰਚਕੂਲਾ 'ਚ ਪੁਲਿਸ ਨੇ ਹੁੱਕਾ ਪਰੋਸਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿਤੀ ਹੈ। ਹੁੱਕਾ ਬਾਰ ਚਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀਆਂ ਹਦਾਇਤਾਂ ਦਿਤੀਆਂ ਗਈਆਂ ਹਨ। ਪੁਲਿਸ ਕਮਿਸ਼ਨਰ ਸੁਮੇਰ ਪ੍ਰਤਾਪ ਸਿੰਘ ਨੇ ਧਾਰਾ 144 ਦੀ ਵਰਤੋਂ ਕਰਦਿਆਂ ਇਹ ਹੁਕਮ ਜਾਰੀ ਕੀਤੇ ਹਨ ਜੋ ਕਿ 22 ਜੁਲਾਈ ਤੋਂ ਲਾਗੂ ਹੋਵੇਗਾ ਅਤੇ 19 ਸਤੰਬਰ ਤਕ ਲਾਗੂ ਰਹੇਗਾ।
ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹੁਣ ਸ਼ਹਿਰ ਦੇ ਕਿਸੇ ਵੀ ਹੋਟਲ, ਰੈਸਟੋਰੈਂਟ, ਹੁੱਕਾ ਬਾਰ ਆਦਿ ਵਿਚ ਕਿਸੇ ਵੀ ਤਰ੍ਹਾਂ ਦਾ ਹੁੱਕਾ ਨਹੀਂ ਪਰੋਸਿਆ ਜਾਵੇਗਾ। ਇਹ ਹੁਕਮ ਲੋਕਾਂ ਦੀ ਸਿਹਤ ਨੂੰ ਦੇਖਦੇ ਹੋਏ ਤੁਰਤ ਲਾਗੂ ਕੀਤੇ ਗਏ ਹਨ।
ਇਹ ਵੀ ਪੜ੍ਹੋ: ਗੈਂਗਸਟਰ-ਅਤਿਵਾਦੀ ਗਠਜੋੜ ਮਾਮਲਾ : ਐਨ.ਆਈ.ਏ. ਨੇ ਤਿੰਨ ਸੂਚੀਬੱਧ ਅਤਿਵਾਦੀਆਂ ਸਮੇਤ 9 ਵਿਰੁਧ ਚਾਰਜਸ਼ੀਟ ਦਾਖ਼ਲ ਕੀਤੀ
ਉਨ੍ਹਾਂ ਕਿਹਾ ਕਿ ਇਹ ਹੁਕਮ ਲੋਕ ਸੂਚਨਾ ਵਿਭਾਗ ਵਲੋਂ ਪੂਰੇ ਸ਼ਹਿਰ ਵਿਚ ਜਾਰੀ ਕੀਤੇ ਜਾਣਗੇ। ਇਸ ਤੋਂ ਇਲਾਵਾ ਇਹ ਹੁਕਮ ਜ਼ਿਲ੍ਹਾ ਅਦਾਲਤ, ਪੁਲਿਸ ਥਾਣਾ, ਨਗਰ ਨਿਗਮ, ਪੰਚਾਇਤਾਂ, ਤਹਿਸੀਲ, ਬੱਸ ਸਟੈਂਡ ਆਦਿ ਦੇ ਨੋਟਿਸ ਬੋਰਡਾਂ 'ਤੇ ਚਿਪਕਾਏ ਜਾਣਗੇ |
ਪੁਲਿਸ ਕਮਿਸ਼ਨਰ ਨੇ ਦਸਿਆ ਕਿ ਪੰਚਕੂਲਾ 'ਚ ਲੁਕ-ਛਿਪ ਕੇ ਹੁੱਕਾ ਬਾਰ ਚਲਾਉਣ ਦੀ ਸੂਚਨਾ ਹੈ। ਜੋ ਤੰਬਾਕੂ ਵਾਲੇ ਨਿਕੋਟੀਨ ਦੇ ਨਾਲ ਵੱਖ-ਵੱਖ ਫਲੇਵਰ ਦਾ ਹੁੱਕਾ ਪਰੋਸ ਰਹੇ ਹਨ। ਇਹ ਲੋਕਾਂ ਦੀ ਸਿਹਤ ਲਈ ਹਾਨੀਕਾਰਕ ਹੈ। ਉਨ੍ਹਾਂ ਨੂੰ ਡਰ ਹੈ ਕਿ ਤੰਬਾਕੂ ਨਾਲ ਕੁਝ ਹੋਰ ਹਾਨੀਕਾਰਕ ਨਸ਼ੇ ਵੀ ਮਿਲਾਏ ਜਾਂਦੇ ਹਨ। ਇਸ ਤਰ੍ਹਾਂ ਹੁੱਕਾ ਪੀਣ ਨਾਲ ਕੋਵਿਡ-19 ਵਰਗੀਆਂ ਕਈ ਤਰ੍ਹਾਂ ਦੀਆਂ ਛੂਤ ਦੀਆਂ ਬਿਮਾਰੀਆਂ ਫੈਲਣ ਦਾ ਵੀ ਖ਼ਤਰਾ ਹੈ।