ਰੈਸਟੋਰੈਂਟ ਦੇ ਕਰਿੰਦਿਆਂ ਨੇ ਹੀ ਕੀਤਾ ਰੈਸਟੋਰੈਂਟ ਮਾਲਕ ਦਾ ਕਤਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਖਾਣਾ ਬਣਾਉਣ ਨੂੰ ਲੈ ਕੇ ਹੋਈ ਤਕਰਾਰ ਮਗਰੋਂ ਦੋ ਭਰਾਵਾਂ ਨੇ ਦਿਤਾ ਵਾਰਦਾਤ ਨੂੰ ਅੰਜਾਮ 

representational Image

ਜੈਪੁਰ : ਜੈਪੁਰ ਵਿਚ ਸ਼ਨੀਵਾਰ ਰਾਤ ਇਕ ਰੈਸਟੋਰੈਂਟ ਦੇ ਮਾਲਕ ਦਾ ਦੋ ਮੁਲਾਜ਼ਮ ਭਰਾਵਾਂ ਨੇ ਕਤਲ ਕਰ ਦਿਤਾ। ਖਾਣਾ ਪਕਾਉਣ ਦੇ ਮੁੱਦੇ 'ਤੇ ਰੈਸਟੋਰੈਂਟ ਦੇ ਮਾਲਕ ਅਤੇ ਦੋ ਕਰਮਚਾਰੀਆਂ ਵਿਚਕਾਰ ਬਹਿਸ ਹੋ ਗਈ। ਝਗੜੇ ਦੌਰਾਨ ਗੁੱਸੇ 'ਚ ਆ ਕੇ ਦੋ ਭਰਾਵਾਂ ਨੇ ਰੈਸਟੋਰੈਂਟ ਮਾਲਕ ਨੂੰ ਹਾਕੀ ਸਟਿੱਕ ਨਾਲ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਦਾ ਜਬਾੜਾ ਵੀ ਤੋੜ ਦਿਤਾ। ਗੰਭੀਰ ਜ਼ਖ਼ਮੀ ਹੋਏ ਰੈਸਟੋਰੈਂਟ ਮਾਲਕ ਦੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਦੋਵੇਂ ਭਰਾ ਬਾਹਰੋਂ ਸ਼ਟਰ ਬੰਦ ਕਰ ਕੇ ਮੌਕੇ ਤੋਂ ਫਰਾਰ ਹੋ ਗਏ।

ਗੁਆਂਢੀਆਂ ਦੀ ਸੂਚਨਾ 'ਤੇ ਕਲਵਾੜ ਥਾਣਾ ਪੁਲਿਸ ਨੇ ਪਹੁੰਚ ਕੇ ਲਾਸ਼ ਦਾ ਐਸ.ਐਮ.ਐਸ. ਹਸਪਤਾਲ ਦੇ ਮੁਰਦਾਘਰ 'ਚ ਪੋਸਟਮਾਰਟਮ ਕਰਵਾਇਆ। ਥਾਣਾ ਸਿਟੀ ਦੀ ਐਫ਼.ਐਸ.ਐਲ. ਟੀਮ ਦੀ ਮਦਦ ਨਾਲ ਸਬੂਤ ਇਕੱਠੇ ਕਰਨ ਦੇ ਨਾਲ-ਨਾਲ ਕਤਲ ਤੋਂ ਬਾਅਦ ਫ਼ਰਾਰ ਹੋਏ ਦੋ ਮਜ਼ਦੂਰ ਭਰਾਵਾਂ ਦੀ ਭਾਲ ਕੀਤੀ ਜਾ ਰਹੀ ਹੈ।

ਐਸ.ਐਚ.ਓ. (ਕਾਲਵਾੜ) ਰਵਿੰਦਰ ਪ੍ਰਤਾਪ ਸਿੰਘ ਨੇ ਦਸਿਆ ਕਿ ਸੇਵਾਮੁਕਤ ਸਿਪਾਹੀ ਹਮੀਰ ਸਿੰਘ (45) ਵਾਸੀ ਨਾਗੌਰ ਦਾ ਕਤਲ ਕਰ ਦਿਤਾ ਗਿਆ ਹੈ। ਜੋ ਕਿ ਕਾਲਵਾੜ ਰੋਡ ਮਾਛਵਾਂ ਵਿਖੇ ਨਿਊ ਭਵਾਨੀ ਨਾਮਕ ਰੈਸਟੋਰੈਂਟ ਚਲਾਉਂਦਾ ਸੀ ਜਦੋਂਕਿ ਉਹ ਕਰਨੀ ਵਿਹਾਰ ਵਿਚ ਅਪਣੇ ਪ੍ਰਵਾਰ ਸਮੇਤ ਰਹਿੰਦਾ ਸੀ। ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਦੋ ਭਰਾ ਸੁਨੀਲ ਅਤੇ ਬਬਲੂ ਹਮੀਰ ਸਿੰਘ ਦੇ ਰੈਸਟੋਰੈਂਟ ਵਿਚ ਕੰਮ ਕਰਦੇ ਸਨ। ਸ਼ਨੀਵਾਰ ਰਾਤ ਖਾਣਾ ਬਣਾਉਣ ਨੂੰ ਲੈ ਕੇ ਮਾਲਕ ਹਮੀਰ ਸਿੰਘ ਦਾ ਦੋਵਾਂ ਭਰਾਵਾਂ ਨਾਲ ਝਗੜਾ ਹੋ ਗਿਆ। ਰੈਸਟੋਰੈਂਟ 'ਚ ਖਾਣਾ ਖਾਣ ਆਏ ਗਾਹਕਾਂ ਨੂੰ ਦੇਖ ਕੇ ਇਕ ਵਾਰ ਇਹ ਵਿਵਾਦ ਖ਼ਤਮ ਹੋ ਗਿਆ ਪਰ ਗਾਹਕਾਂ ਦੇ ਜਾਣ ਤੋਂ ਬਾਅਦ ਰਾਤ ਕਰੀਬ 11 ਵਜੇ ਰੈਸਟੋਰੈਂਟ ਦਾ ਸ਼ਟਰ ਬੰਦ ਕਰ ਦਿਤਾ ਗਿਆ। 

ਇਹ ਵੀ ਪੜ੍ਹੋ: ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮਣੀਪੁਰ ਘਟਨਾ ਸਬੰਧੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੀ ਚਿੱਠੀ   

ਰੈਸਟੋਰੈਂਟ ਦੇ ਅੰਦਰ ਮਾਲਕ ਦੀ ਦੋਵਾਂ ਭਰਾਵਾਂ ਨਾਲ ਗੱਲਬਾਤ ਦੌਰਾਨ ਫਿਰ ਹੰਗਾਮਾ ਹੋ ਗਿਆ। ਝਗੜਾ ਹੋਣ ਤੋਂ ਥੋੜੀ ਦੇਰ ਬਾਅਦ ਦੋਵਾਂ ਭਰਾਵਾਂ ਨੇ ਹਮੀਰ ਸਿੰਘ 'ਤੇ ਹਾਕੀ ਨਾਲ ਹਮਲਾ ਕਰ ਦਿਤਾ। ਭਿਆਨਕ ਹਮਲੇ ਨਾਲ ਹਮੀਰ ਸਿੰਘ ਦਾ ਸਿਰ ਪਤਨ ਦੇ ਨਾਲ-ਨਾਲ ਉਸ ਦਾ ਜਬਾੜਾ ਵੀ ਟੁੱਟ ਗਿਆ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਦੋਵੇਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।

ਪੁਲਿਸ ਅਧਿਕਾਰੀਆਂ ਅਨੁਸਾਰ ਰਾਤ ਨੂੰ ਝਗੜੇ ਤੋਂ ਬਾਅਦ ਭਾਂਡੇ ਡਿੱਗਣ ਦੀ ਆਵਾਜ਼ ਸੁਣ ਕੇ ਗੁਆਂਢੀਆਂ ਨੂੰ ਇਸ ਬਾਰੇ ਪਤਾ ਲੱਗਾ ਅਤੇ ਉਨ੍ਹਾਂ ਵਲੋਂ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿਤੀ ਗਈ। ਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਜਿੰਦਰਾ ਤੋੜ ਕੇ ਅੰਦਰ ਦਾਖ਼ਲ ਹੋਏ। ਹਮੀਰ ਸਿੰਘ ਖ਼ੂਨ ਨਾਲ ਲੱਥਪੱਥ ਹਾਲਤ 'ਚ ਜ਼ਮੀਨ 'ਤੇ ਪਿਆ ਸੀ। ਪੁਲਿਸ ਨੇ ਉਸ ਨੂੰ ਗੰਭੀਰ ਹਾਲਤ ਵਿਚ ਤੁਰਤ ਹਸਪਤਾਲ ਵਿਚ ਭਰਤੀ ਕਰਵਾਇਆ। ਐਤਵਾਰ ਸਵੇਰੇ ਇਲਾਜ ਦੌਰਾਨ ਹਮੀਰ ਸਿੰਘ ਦੀ ਮੌਤ ਹੋ ਗਈ। 

ਪੁਲਿਸ ਨੇ ਸਿਟੀ ਐਫ਼.ਐਸ.ਐਲ. ਟੀਮ ਦੀ ਮਦਦ ਨਾਲ ਸਬੂਤ ਇਕੱਠੇ ਕੀਤੇ ਹਨ। ਪੁਲਿਸ ਨੇ ਮੌਕੇ ਤੋਂ ਕਤਲ ਵਿੱਚ ਵਰਤੀ ਗਈ ਹਾਕੀ ਸਟਿਕ ਅਤੇ ਪਲਟਾ ਵੀ ਬਰਾਮਦ ਕਰ ਲਿਆ ਹੈ। ਹਮੀਰ ਸਿੰਘ ਦੇ ਸਿਰ ਅਤੇ ਚਿਹਰੇ 'ਤੇ ਹਾਕੀ ਸਟਿੱਕ ਨਾਲ ਕਈ ਵਾਰ ਕੀਤੇ ਗਏ। ਪੁਲਿਸ ਕਤਲ ਤੋਂ ਬਾਅਦ ਫਰਾਰ ਹੋਏ ਦੋਵੇਂ ਮੁਲਜ਼ਮ ਭਰਾਵਾਂ ਦੀ ਭਾਲ ਕਰ ਰਹੀ ਹੈ। ਜਾਣਕਾਰੀ ਅਨੁਸਾਰ ਹਮੀਰ ਸਿੰਘ ਸਾਲ 2016 'ਚ ਫ਼ੌਜ ਤੋਂ ਸੇਵਾਮੁਕਤ ਹੋਏ ਸਨ। ਹਮੀਰ ਸਿੰਘ ਅਪਣੇ ਪਿੱਛੇ ਪਤਨੀ ਨੀਤੂ ਕੰਵਰ (35), ਪੁੱਤਰ ਕੁਲਦੀਪ (17) ਅਤੇ ਬੇਟੀ ਨੈਨਸਾ (2) ਛੱਡ ਗਏ ਹਨ।