ਭਾਰਤ 'ਚ ਵਧਣ ਲੱਗੀ ਪਾਕਿਸਤਾਨੀ ਸੀਮਿੰਟ ਦੀ ਮੰਗ, ਭਾਰਤੀ ਕੰਪਨੀਆਂ ਪਰੇਸ਼ਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਿੱਥੇ ਇਕ ਪਾਸੇ ਸਰਹੱਦ 'ਤੇ ਪਾਕਿਸਤਾਨ ਵਲੋਂ ਕੀਤੀ ਜਾ ਰਹੀ ਬੇਵਜ੍ਹਾ ਦੀ ਗੋਲੀਬਾਰੀ ਤੋਂ ਸਰਹੱਦੀ ਖੇਤਰਾਂ ਦੇ ਲੋਕ ਪਰੇਸ਼ਾਨ ਹਨ, ਉਥੇ ਹੀ ਭਾਰਤ ਦੀਆਂ ਸੀਮਿੰਟ ...

Pakistani Cement

ਨਵੀਂ ਦਿੱਲੀ : ਜਿੱਥੇ ਇਕ ਪਾਸੇ ਸਰਹੱਦ 'ਤੇ ਪਾਕਿਸਤਾਨ ਵਲੋਂ ਕੀਤੀ ਜਾ ਰਹੀ ਬੇਵਜ੍ਹਾ ਦੀ ਗੋਲੀਬਾਰੀ ਤੋਂ ਸਰਹੱਦੀ ਖੇਤਰਾਂ ਦੇ ਲੋਕ ਪਰੇਸ਼ਾਨ ਹਨ, ਉਥੇ ਹੀ ਭਾਰਤ ਦੀਆਂ ਸੀਮਿੰਟ ਕੰਪਨੀਆਂ ਵੀ ਅੱਜਕੱਲ੍ਹ ਪਾਕਿਸਤਾਨ ਤੋਂ ਕਾਫ਼ੀ ਦੁਖੀ ਹਨ। ਦਰਅਸਲ ਭਾਰਤ ਵਿਚਲੇ ਬਹੁਤ ਸਾਰੇ ਲੋਕ ਪਾਕਿਸਤਾਨੀ ਸੀਮਿੰਟ ਨੂੰ ਕਾਫ਼ੀ ਪਸੰਦ ਕਰ ਰਹੇ ਹਨ, ਜਿਸ ਕਾਰਨ ਭਾਰਤੀ ਸੀਮਿੰਟ ਕੰਪਨੀਆਂ ਇਸ ਤੋਂ ਡਾਹਢੀਆਂ ਪਰੇਸ਼ਾਨ ਹਨ। ਪਾਕਿਸਤਾਨੀ ਸੀਮਿੰਟ ਭਾਰਤੀ ਬਾਜ਼ਾਰ ਵਿਚ ਧੜਾਧੜ ਵਿਕ ਰਿਹਾ ਹੈ ਤੇ ਭਾਰਤੀ ਖ਼ਪਤਕਾਰ ਉਸ ਨੂੰ ਕਾਫ਼ੀ ਪਸੰਦ ਕਰ ਰਹੇ ਹਨ। 

ਭਾਰਤੀ ਸੀਮਿੰਟ ਦੇ ਮੁਕਾਬਲੇ ਪਾਕਿਸਤਾਨੀ ਸੀਮਿੰਟ ਇਸ ਵੇਲੇ 10 ਤੋਂ 15 ਫ਼ੀ ਸਦੀ ਸਸਤਾ ਵਿਕ ਰਿਹਾ ਹੈ। ਇਹ ਵੀ ਲੋਕਾਂ ਦੇ ਆਕਰਸ਼ਣ ਕਾਰਨ ਇਕ ਵੱਡਾ ਕਾਰਨ ਹੈ। ਸਾਲ 2007 ਤੋਂ ਪਾਕਿਸਤਾਨ ਤੋਂ ਦਰਾਮਦ ਕੀਤੇ ਜਾ ਰਹੇ ਸੀਮਿੰਟ 'ਤੇ ਕੋਈ ਕਸਟਮਜ਼ ਡਿਊਟੀ ਨਹੀਂ ਲੱਗ ਰਹੀ, ਜਿਸ ਕਾਰਨ ਇਹ ਸੀਮਿੰਟ ਭਾਰਤੀ ਸੀਮਿੰਟ ਤੋਂ ਸਸਤਾ ਮਿਲ ਰਿਹਾ ਹੈ। ਭਾਰਤੀ ਪੰਜਾਬ ਤੇ ਕੇਰਲ ਵਿਚ ਪਾਕਿਸਤਾਨੀ ਸੀਮਿੰਟ ਦੀ ਮੰਗ ਕਾਫ਼ੀ ਵਧਦੀ ਜਾ ਰਹੀ ਹੈ। ਪਾਕਿਸਤਾਨੀ ਸੀਮਿੰਟ ਦੀ ਮੰਗ ਵਧਣ ਨਾਲ ਇਸ ਦੇ ਮੁਕਾਬਲੇ ਭਾਰਤੀ ਸੀਮਿੰਟ ਦੀ ਮੰਗ ਕਾਫ਼ੀ ਘਟ ਗਈ ਹੈ ਅਤੇ ਉਪਰੋਂ ਸੀਮਿੰਟ 'ਤੇ ਲੱਗਣ ਵਾਲੇ 28 ਫ਼ੀ ਸਦੀ ਜੀਐੱਸਟੀ ਨੇ ਕੰਪਨੀਆਂ ਨੂੰ ਦੁਖੀ ਕੀਤਾ ਹੋਇਆ ਹੈ।

ਸੀਮਿੰਟ ਮੈਨੂਫ਼ੈਕਚਰਰਜ਼ ਐਸੋਸੀਏਸ਼ਨਜ਼ ਦੇ ਪ੍ਰਧਾਨ ਸ਼ੈਲੇਂਦਰ ਚੌਕਸੇ ਦਾ ਕਹਿਣਾ ਹੈ ਕਿ ਪੋਰਟਲੈਂਡ ਸੀਮਿੰਟ ਨੇ ਸਾਲ 2017-18 ਦੌਰਾਨ 16.82 ਲੱਖ ਮੀਟ੍ਰਿਕ ਟਨ ਸੀਮਿੰਟ ਦਰਾਮਦ ਕੀਤਾ ਸੀ ਤੇ ਉਸ ਵਿਚੋਂ 76 ਫ਼ੀ ਸਦੀ ਭਾਵ 12.72 ਲੱਖ ਟਨ ਪਾਕਿਸਤਾਨ ਤੋਂ ਦਰਾਮਦ ਕੀਤਾ ਗਿਆ ਸੀ। ਚੜ੍ਹਦੇ (ਭਾਰਤੀ) ਪੰਜਾਬ ਵਿਚ ਪੋਰਟਲੈਂਡ ਦੇ ਸੀਮਿੰਟ ਦੇ 50 ਕਿਲੋਗ੍ਰਾਮ ਦੇ ਇਕ ਥੈਲੇ ਦੀ ਕੀਮਤ 280 ਰੁਪਏ ਤੋਂ ਲੈ ਕੇ 300 ਰੁਪਏ ਤਕ ਹੈ ਜਦਕਿ ਪਾਕਿਸਤਾਨ ਤੋਂ ਦਰਾਮਦ ਕੀਤੇ ਜਾਣ ਵਾਲੇ ਸੀਮਿੰਟ ਦੀ ਕੀਮਤ 240 ਰੁਪਏ 250 ਰੁਪਏ ਪ੍ਰਤੀ ਥੈਲਾ ਹੈ। ਪੰਜਾਬ ਤੇ ਕੇਰਲ ਵਿਚ ਭਾਰਤੀ ਸੀਮਿੰਟ ਦੀ ਮੰਗ ਦਾ ਘਟਣਾ ਵੀ ਭਾਰਤੀ ਸੀਮਿੰਟ ਕੰਪਨੀਆਂ ਲਈ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। 

ਭਾਰਤੀ ਸੀਮਿੰਟ ਕੰਪਨੀਆਂ ਨੂੰ ਪੂਰੀ ਆਸ ਸੀ ਕਿ ਸੀਮੰਟ ਕਿਉਂਕਿ ਬਹੁਤ ਜ਼ਰੂਰੀ ਵਸਤਾਂ ਦੇ ਵਰਗ ਵਿਚ ਆਉਂਦਾ ਹੈ, ਇਸ ਲਈ ਇਸ 'ਤੇ ਲੱਗਣ ਵਾਲਾ ਜੀਐੱਸਟੀ ਘਟਾ ਕੇ 18 ਫ਼ੀ ਸਦੀ ਕਰ ਦਿਤਾ ਜਾਵੇਗਾ ਪਰ ਹਾਲੇ ਤਕ ਅਜਿਹਾ ਕੁੱਝ ਵੀ ਨਹੀਂ ਹੋ ਸਕਿਆ ਹੈ। ਹੁਣ 28 ਤੇ 29 ਸਤੰਬਰ ਨੂੰ ਜੀਐੱਸਟੀ ਕੌਂਸਲ ਦੀ ਦੋ-ਦਿਨਾ ਮੀਟਿੰਗ ਹੋਣ ਜਾ ਰਹੀ ਹੈ ਤੇ ਉਸ ਦੌਰਾਨ ਸੀਮਿੰਟ ਨਿਰਮਾਤਾਵਾਂ ਨੂੰ ਕੁਝ ਰਾਹਤ ਮਿਲਣ ਦੀ ਆਸ ਹੈ। ਜੇਕਰ ਸੀਮਿੰਟ 'ਤੇ ਜੀਐਸਟੀ ਘੱਟ ਹੁੰਦਾ ਹੈ ਤਾਂ ਭਾਰਤੀ ਕੰਪਨੀਆਂ ਵੀ ਸੀਮਿੰਟ ਸਸਤਾ ਕਰ ਦੇਣਗੀਆਂ ਅਤੇ ਉਹ ਪਾਕਿਸਤਾਨੀ ਸੀਮਿੰਟ ਨੂੰ ਟੱਕਰ ਦੇ ਸਕਣਗੀਆਂ।