33 ਡਰਾਈਵਰ-ਕੰਡਕਟਰਾਂ ਦਾ ਕਤਲ ਕਰਕੇ ਟਰੱਕ ਵੇਚਣ ਵਾਲਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭੋਪਾਲ ਵਿਚ ਫੜੇ ਗਏ 33 ਟਰੱਕ ਡਰਾਈਵਰਾਂ ਅਤੇ ਕੰਡਕਟਰਾਂ ਦੀ ਹੱਤਿਆ ਕਰਕੇ ਟਰੱਕਾਂ ਨੂੰ ਲੁੱਟਣ ਵਾਲੇ ਦੇਸ਼ ਦੇ ਸਭ ਤੋਂ ਵੱਡੇ ਸੀਰੀਅਲ ਕਿਲਰ ਦਾ ਕਾਨਪੁਰ ਕਨੈਕਸ਼ਨ ...

Trucks

ਕਾਨਪੁਰ : ਭੋਪਾਲ ਵਿਚ ਫੜੇ ਗਏ 33 ਟਰੱਕ ਡਰਾਈਵਰਾਂ ਅਤੇ ਕੰਡਕਟਰਾਂ ਦੀ ਹੱਤਿਆ ਕਰਕੇ ਟਰੱਕਾਂ ਨੂੰ ਲੁੱਟਣ ਵਾਲੇ ਦੇਸ਼ ਦੇ ਸਭ ਤੋਂ ਵੱਡੇ ਸੀਰੀਅਲ ਕਿਲਰ ਦਾ ਕਾਨਪੁਰ ਕਨੈਕਸ਼ਨ ਸਾਹਮਣੇ ਆਇਆ ਹੈ। ਭੋਪਾਲ ਪੁਲਿਸ ਨੇ ਪੁਛਗਿਛ ਲਈ ਸਨਿਚਰਵਾਰ ਨੂੰ ਫਜਲਗੰਜ ਦੇ ਸਕ੍ਰੈਪ ਕਾਰੋਬਾਰੀ ਨੂੰ ਚੁੱਕ ਲਿਆ। ਕਾਰੋਬਾਰੀ ਗੜਰਿਅਨਪੁਰਵਾ ਵਿਚ ਟਰੱਕਾਂ ਨੂੰ ਕੱਟਣ ਦਾ ਕੰਮ ਕਰਦਾ ਹੈ। ਐਮ ਬਲਾਕ ਰਤਨ ਨਗਰ ਨਿਵਾਸੀ ਗੁਰਬਖ਼ਸ਼ ਬਰਾਰਾ ਉਰਫ਼ ਲੱਕੀ ਸਕ੍ਰੈਪ ਕਾਰੋਬਾਰੀ ਹੈ। ਗੜਰਿਅਨਪੁਰਵਾ ਵਿਚ ਟਰੱਕ ਸਮੇਤ ਹੋਰ ਵੱਡੀਆਂ ਗੱਡੀਆਂ ਨੂੰ ਕੱਟਣ ਦਾ ਕੰਮ ਕਰਦੇ ਹਨ।

ਸਨਿਚਰਵਾਰ ਦੁਪਹਿਰ 12:30 ਵਜੇ ਭੋਪਾਲ ਪੁਲਿਸ ਟਰੱਕ ਦਾ ਇੰਜਣ ਖ਼ਰੀਦਣ ਦੀ ਗੱਲ ਪੁਛਦੇ ਹੋਏ ਗੋਦਾਮ ਵਿਚ ਦਾਖ਼ਲ ਹੋਈ ਅਤੇ ਲੱਕੀ ਦੇ ਸਾਹਮਣੇ ਆਉਂਦੇ ਹੀ ਪਿਸਤੌਲ ਤਾਣ ਕੇ ਕਾਰ ਵਿਚ ਉਠਾ ਕੇ ਲੈ ਗਈ। ਇਸ ਦੌਰਾਨ ਉਨ੍ਹਾਂ ਦੇ ਅਗਵਾ ਦੀ ਸੂਚਨਾ ਫੈਲ ਗਈ। ਪੁਲਿਸ ਮਹਿਕਮੇ ਵਿਚ ਹੜਕੰਮ ਮਚ ਗਿਆ। ਐਸਐਸੀ ਅਨੰਤਦੇਵ ਤਿਵਾੜੀ, ਐਸਪੀ ਕੰਟਰੋਲ ਰੂਮ ਆਸ਼ੂਤੋਸ਼ ਮਿਸ਼ਰਾ, ਫਜਲਗੰਜ ਇੰਸਪੈਕਟਰ ਆਸ਼ੀਸ਼ ਮਿਸ਼ਰਾ ਸਮੇਤ ਕਈ ਥਾਣਿਆਂ ਦੀ ਫੋਰਸ ਮੌਕੇ 'ਤੇ ਪਹੁੰਚ ਗਈ। ਸਰਵਿਲਾਂਸ ਦੀ ਟੀਮ ਵੀ ਸਰਗਰਮ ਹੋ ਗਈ। ਐਸਐਸਪੀ ਦੇ ਨਿਰਦੇਸ਼ 'ਤੇ ਸ਼ਹਿਰ ਦੀਆਂ ਹੱਦਾਂ ਸੀਲ ਕਰ ਦਿਤੀਆਂ ਗਈਆਂ।

ਤਿੰਨ ਘੰਟੇ ਦੀ ਪੜਤਾਲ ਤੋਂ ਬਾਅਦ ਪਤਾ ਚੱਲਿਆ ਕਿ ਐਸਪੀ ਪੁਲਿਸ ਸਕ੍ਰੈਪ ਕਾਰੋਬਾਰੀ ਨੂੰ ਪੁਛਗਿਛ ਦੇ ਲਈ ਉਠਾ ਕੇ ਲੈ ਗਈ ਹੈ। ਜਾਂਚ ਵਿਚ ਸਾਹਮਣੇ ਆਇਆ ਕਿ ਭੋਪਾਲ ਪੁਲਿਸ ਨੇ 10 ਸਤੰਬਰ ਨੂੰ ਅੰਤਰਰਾਜੀ ਟਰੱਕ ਲੁੱਟ ਗੈਂਗ ਦਾ ਖ਼ੁਲਾਸਾ ਕੀਤਾ ਸੀ। ਫਿਰ ਇਕ ਤੋਂ ਬਾਅਦ ਇਕ ਕਰਕੇ 33 ਟਰੱਕ ਡਰਾਈਵਰ ਅਤੇ ਕੰਡਕਟਰ ਦੀਆਂ ਹੱਤਿਆਵਾਂ ਦਾ ਖ਼ੁਲਾਸਾ ਹੋਇਆ ਸੀ। ਮਾਮਲੇ ਦੀ ਜਾਂਚ ਕਰ ਰਹੀ ਭੋਪਾਲ ਪੁਲਿਸ ਨੂੰ ਪਤਾ ਚੱਲਿਆ ਕਿ ਗੈਂਗ ਯੂਪੀ ਅਤੇ ਬਿਹਾਰ ਵਿਚ ਲੁੱਟ ਦੇ ਟਰੱਕਾਂ ਨੂੰ ਵੇਚਦਾ ਸੀ। ਝਾਂਸ ਤੋਂ ਪੁਰਾਣੇ ਟਰੱਕਾਂ ਨੂੰ ਖ਼ਰੀਦਣ ਵੇਚਣ ਦੇ ਕਾਰੋਬਾਰੀ ਬਬਲੂ ਪਰਿਹਾਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਲੱਕੀ ਨੂੰ ਉਠਾਇਆ ਹੈ।

ਐਮਪੀ ਪੁਲਿਸ ਅਪਣੇ ਨਾਲ ਬਬਲੂ ਨੂੰ ਵੀ ਪਛਾਣ ਕਰਵਾਉਣ ਲਈ ਲਿਆਈ ਸੀ। ਪਛਾਣ ਹੁੰਦੇ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਭੋਪਾਲ ਲੈ ਗਈ। 
ਐਸਐਸਪੀ ਅਨੰਤਦੇਵ ਤਿਵਾੜੀ ਦਾ ਕਹਿਣਾ ਹੈ ਕਿ ਗੜਰਿਅਨਪੁਰਵਾ ਦੇ ਸਕ੍ਰੈਪ ਕਾਰੋਬਾਰੀ ਨੂੰ ਭੋਪਾਲ ਪੁਲਿਸ ਇਕ ਵੱਡੇ ਅਪਰਾਧਿਕ ਮਾਮਲੇ ਵਿਚ ਪੁਛਗਿਛ ਲਈ ਉਠਾ ਕੇ ਲੈ ਗਈ ਹੈ। ਉਥੋਂ ਦੀ ਪੁਲਿਸ ਨਾਲ ਗੱਲਬਾਤ ਕਰਕੇ ਇਸ ਦੀ ਪੁਸ਼ਟੀ ਹੋਈ ਹੈ। ਵਪਾਰੀ ਤੋਂ ਪੁਛਗਿਛ ਤੋਂ ਬਾਅਦ ਹੀ ਸਾਫ਼ ਹੋ ਸਕੇਗਾ ਕਿ ਸਕ੍ਰੈਪ ਕਾਰੋਬਾਰੀ ਦੀ ਮਾਮਲੇ ਵਿਚ ਕੀ ਭੂਮਿਕਾ ਹੈ। ਇਸ ਤੋਂ ਬਾਅਦ ਸ਼ਹਿਰ ਦੀ ਪੁਲਿਸ ਵੀ ਮਾਮਲੇ ਵਿਚ ਕਾਰਵਾਈ ਕਰੇਗੀ।