ਸਿੱਖਾਂ ਨੂੰ ਛੇਤੀ ਹੀ ਖ਼ੁਸ਼ਖ਼ਬਰੀ ਦਿਆਂਗਾ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਿਊਸਟਨ ਵਿਚ ਸਿੱਖਾਂ ਦਾ ਵਫ਼ਦ ਪ੍ਰਧਾਨ ਮੰਤਰੀ ਨੂੰ ਮਿਲਿਆ, ਰਾਜਸੀ ਸ਼ਰਨ ਦੇ ਚਾਹਵਾਨ ਸਿੱਖਾਂ ਲਈ ਵੀਜ਼ਾ ਤੇ ਪਾਸਪੋਰਟ ਉਪਲਭਧ ਕਰਾਉਣ ਦੀ ਮੰਗ

Narender Modi

ਹਿਊਸਟਨ : ਸਿੱਖਾਂ ਦੇ ਵਫ਼ਦ ਨੇ ਇਥੇ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਕਾਲੀ ਸੂਚੀ ਵਿਚੋਂ 300 ਤੋਂ ਵੱਧ ਸਿੱਖਾਂ ਦੇ ਨਾਮ ਹਟਾਉਣ ਲਈ ਉਨ੍ਹਾਂ ਦਾ ਧਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਬਾਅਦ ਵਿਚ ਟਵਿਟਰ 'ਤੇ ਕਿਹਾ, 'ਹਿਊਸਟਨ ਵਿਚ ਸਿੱਖਾਂ ਨਾਲ ਮੇਰੀ ਸ਼ਾਨਦਾਰ ਗੱਲਬਾਤ ਹੋਈ। ਭਾਰਤ ਦੇ ਵਿਕਾਸ ਬਾਰੇ ਉਨ੍ਹਾਂ ਦਾ ਜਨੂਨ ਵੇਖ ਕੇ ਮੈਨੂੰ ਚੰਗਾ ਲੱਗਾ।' ਮੋਦੀ ਨੇ ਸਿੱਖਾਂ ਨੂੰ ਕੁੱਝ ਦੇਰ ਲਈ ਸੰਬੋਧਤ ਵੀ ਕੀਤਾ।

ਉਨ੍ਹਾਂ ਕਿਹਾ ਕਿ ਅਗਲੇ ਕੁੱਝ ਦਿਨਾਂ ਵਿਚ ਉਨ੍ਹਾਂ ਕੋਲ ਉਨ੍ਹਾਂ ਨੂੰ ਦੱਸਣ ਲਈ ਹੈਰਾਨੀਜਨਕ ਖ਼ੁਸ਼ਖ਼ਬਰੀ ਹੋਵੇਗੀ ਪਰ ਇਸ ਲਈ ਉਨ੍ਹਾਂ ਨੂੰ ਕੁੱਝ ਸਮਾਂ ਉਡੀਕ ਕਰਨੀ ਪਵੇਗੀ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਦੇਸ਼ ਵਿਰੋਧੀ ਸਰਗਰਮੀਆਂ ਵਿਚ ਸ਼ਾਮਲ ਹੋਣ ਦੇ ਦੋਸ਼ ਹੇਠ ਕਾਲੀ ਸੂਚੀ ਵਿਚ ਦਰਜ 312 ਵਿਦੇਸ਼ੀ ਸਿੱਖ ਨਾਗਰਿਕਾਂ ਦੇ ਨਾਮ ਇਸ ਸੂਚੀ ਵਿਚੋਂ ਹਟਾਏ ਹਨ। 50 ਮੈਂਬਰੀ ਵਫ਼ਦ ਨੇ ਸਨਿਚਰਵਾਰ ਨੂੰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਰਵਾਇਤੀ ਸਿਰੋਪਾਉ ਭੇਂਟ ਕੀਤਾ।

ਵਫ਼ਦ ਦਾ ਹਿੱਸਾ ਰਹੇ ਇੰਡੀਆਨਾ ਦੇ ਗੁਰਿੰਦਰ ਸਿੰਘ ਖ਼ਾਲਸਾ ਨੇ ਕਿਹਾ, 'ਅਸੀਂ ਪ੍ਰਧਾਨ ਮੰਤਰੀ ਨੂੰ ਰਾਜਸੀ ਸ਼ਰਨ ਚਾਹੁਣ ਵਾਲੇ ਸਿੱਖਾਂ ਲਈ ਵੀਜ਼ਾ ਅਤੇ ਪਾਸਪੋਰਟ ਸੇਵਾ ਉਪਲਭਧ ਕਰਾਉਣ ਦੀ ਬੇਨਤੀ ਕੀਤੀ ਕਿਉਂਕਿ ਇਹ ਅਮਰੀਕਾ ਵਿਚ ਭਾਰੀ ਤਾਦਾਦ ਵਿਚ ਰਹਿਣ ਵਾਲੇ ਸਿੱਖਾਂ ਵਾਸਤੇ ਅਜਿਹੇ ਸਮੇਂ ਅਹਿਮ ਹੈ ਜਦ ਅਸੀਂ ਗੁਰੂਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਜਾ ਰਹੇ ਹਾਂ।' ਸਿੱਖਾਂ ਨੇ ਕਰਤਾਰਪੁਰ ਲਾਂਘੇ ਬਾਰੇ ਵੀ ਗੱਲਬਾਤ ਕੀਤੀ।  ਖ਼ਾਲਸਾ ਨੇ ਕਿਹਾ, 'ਉਨ੍ਹਾਂ ਦਿਲ ਨਾਲ ਗੱਲ ਕੀਤੀ। ਉਹ ਸਿੱਖਾਂ ਦੇ ਸੱਚੇ ਹਿਤੈਸ਼ੀ ਹਨ।'