ਅਮਰੀਕੀ ਸਿੱਖਾਂ ਨੇ ਮੋਦੀ ਤੋਂ 84 ਦੇ ਪੀੜਤਾਂ ਲਈ ਮੰਗਿਆ ਇਨਸਾਫ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਸਿੱਖਾਂ ਦੇ ਵਫ਼ਦ ਨੇ ਪੀਐਮ ਨੂੰ ਦਿੱਤਾ ਮੰਗ ਪੱਤਰ

US Sikhs meet PM Modi

ਕੈਲੇਫੋਰਨੀਆ: ਅਮਰੀਕਾ ਦੇ ਸਿੱਖਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੰਗ ਪੱਤਰ ਦੇ ਕੇ  1984 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੀ ਬੇਨਤੀ ਕੀਤੀ ਹੈ। ਇਸ ਦੇ ਨਾਲ ਹੀ ਇਹ ਮੰਗ ਕੀਤੀ ਗਈ ਐ ਕਿ 1980 ਅਤੇ 90ਵੇਂ ਦਹਾਕੇ ਦੌਰਾਨ ਜਿਹੜੇ ਸਿੱਖਾਂ ਨੇ ਵਿਦੇਸ਼ਾਂ ਵਿਚ ਜਾ ਕੇ ਸਿਆਸੀ ਪਨਾਹ ਲਈ ਸੀ, ਉਨ੍ਹਾਂ ਦੇ ਭਾਰਤੀ ਵੀਜ਼ੇ ਤੇ ਪਾਸਪੋਰਟ ਤੁਰੰਤ ਨਵਿਆਏ ਜਾਣ।

ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਤੋਂ ਪੁੱਜੇ ਸਿੱਖਾਂ ਦੇ ਵਫ਼ਦ ਨੇ ਇਹ ਮੰਗਾਂ ਵੀ ਕੀਤੀਆਂ ਕਿ ਦਿੱਲੀ ਦੇ ਹਵਾਈ ਅੱਡੇ ਨੂੰ ‘ਗੁਰੂ ਨਾਨਕ ਕੌਮਾਂਤਰੀ ਹਵਾਈ ਅੱਡੇ’ ਦਾ ਨਾਂਅ ਦਿੱਤਾ ਜਾਵੇ ਅਤੇ ਭਾਰਤੀ ਸੰਵਿਧਾਨ ਦੀ ਧਾਰਾ 25 ਅਤੇ ਅਨੰਦ ਵਿਆਹ ਕਾਨੂੰਨ ਲਾਗੂ ਕੀਤੇ ਜਾਣ, ਤਾਂ ਜੋ ਸਿੱਖ ਵੱਖਰੇ ਵਿਆਹ ਕਾਨੂੰਨ ਤਹਿਤ ਅਪਣੇ ਵਿਆਹ ਰਜਿਸਟਰ ਕਰਵਾ ਸਕਣ। ਇਸ ਦੌਰਾਨ ਸਿੱਖਾਂ ਦੇ ਵਫ਼ਦ ਨੇ ਹਿਊਸਟਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਕੇ ਭਾਰਤ ਸਰਕਾਰ ਵੱਲੋਂ ਪਿੱਛੇ ਜਿਹੇ ਲਏ ਗਏ ਕੁਝ ਫ਼ੈਸਲਿਆਂ ਦੇ ਮਾਮਲੇ ’ਤੇ ਮੋਦੀ ਨੂੰ ਮੁਬਾਰਕਵਾਦ ਵੀ ਦਿੱਤੀ, ਜਿਸ ਵਿਚ ਕਾਲੀ ਸੂਚੀ ਵਿਚੋਂ 312 ਸਿੱਖਾਂ ਦੇ ਨਾਮ ਕੱਢਣਾ ਵੀ ਸ਼ਾਮਲ ਹੈ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਿਊਸਟਨ ’ਚ ਪੁੱਜਣ ’ਤੇ  ਐਨਆਰਆਈਜ਼ ਅਤੇ ਭਾਰਤੀ ਮੂਲ ਦੇ ਲੋਕਾਂ ਵੱਲੋਂ ਹੱਥਾਂ ਵਿਚ ਤਿਰੰਗੇ ਝੰਡੇ ਲੈ ਕੇ ਨਿੱਘਾ ਸੁਆਗਤ ਕੀਤਾ ਗਿਆ। ਹਵਾਈ ਅੱਡੇ ਤੋਂ ਲੈ ਕੇ ਮੋਦੀ ਦੇ ਠਹਿਰਨ ਵਾਲੀ ਥਾਂ ਤੱਕ ਕਈ ਸਥਾਨਾਂ ਉੱਤੇ ਐੱਨਆਰਆਈਜ਼ ਤੇ ਭਾਰਤੀ ਮੂਲ ਦੇ ਲੋਕ ਸੜਕਾਂ ’ਤੇ ਸੁਆਗਤ ਕਰਨ ਲਈ ਖੜ੍ਹੇ ਨਜ਼ਰ ਆਏ।

ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਲੇਫੋਰਨੀਆ ਦੇ ਸ਼ਹਿਰ ਹਿਊਸਟਨ ਵਿਚ ‘ਹਾਓਡੀ ਮੋਦੀ’ ਨਾਂਅ ਦੇ ਸਮਾਗਮ ਵਿਚ ਭਾਗ ਲੈਣ ਲਈ ਪੁੱਜੇ ਹਨ, ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਇਸ ਮੌਕੇ ਪੁੱਜ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਨਰਿੰਦਰ ਮੋਦੀ ਅਮਰੀਕੀ ਸਿੱਖਾਂ ਵੱਲੋਂ ਰੱਖੀਆਂ ਗਈਆਂ ਮੰਗਾਂ ਨੂੰ ਪੂਰਾ ਕਰਦੇ ਨੇ ਜਾਂ ਨਹੀਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।